ਵਿਨੇਸ਼ ਫੋਗਾਟ ਨੇ ਸਿਰਜਿਆ ਸੁਨਹਿਰਾ ਇਤਿਹਾਸ

0
455

ਜਕਾਰਤਾ : ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗ਼ਮਾ ਜੇਤੂ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ 18ਵੀਆਂ ਏਸ਼ਿਆਈ ਖੇਡਾਂ ਦੇ ਕੁਸ਼ਤੀ ਮੁਕਾਬਲੇ ਦੇ 50 ਕਿਲੋ ਵਰਗ ਵਿੱਚ ਅੱਜ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਵਿਨੇਸ਼ ਨੇ ਇਸ ਤਰ੍ਹਾਂ ਭਾਰਤ ਨੂੰ ਇਨ੍ਹਾਂ ਖੇਡਾਂ ਵਿੱਚ ਦੂਜਾ ਸੋਨਾ ਤਗ਼ਮਾ ਦਿਵਾਇਆ। ਇਹ ਕੁਸ਼ਤੀ ਵਿੱਚ ਵੀ ਦੂਜਾ ਸੋਨ ਤਗ਼ਮਾ ਹੈ। ਵਿਨੇਸ਼ ਇਸ ਦੇ ਨਾਲ ਹੀ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਹੈ। ਬਜਰੰਗ ਪੂਨੀਆ ਨੇ ਕੱਲ੍ਹ ਦੇਸ਼ ਦੀ ਝੋਲੀ ਪਹਿਲਾ ਸੋਨ ਤਗ਼ਮਾ ਪਾਇਆ ਸੀ। ਦੂਜੇ ਪਾਸੇ ਓਲੰਪਿਕ ਤਗ਼ਮਾ ਜੇਤੂ ਸਾਕਸ਼ੀ ਮਲਿਕ (62 ਕਿਲੋ), ਪੂਜਾ ਢਾਂਡਾ (57 ਕਿਲੋ) ਅਤੇ ਪੁਰਸ਼ ਫਰੀ ਸਟਾਈਲ ਪਹਿਲਵਾਨ ਸੁਮਿਤ (125 ਕਿਲੋ) ਨੂੰ ਕਾਂਸੀ ਦੇ ਤਗਮੇ ਦੇ ਮੁਕਾਬਲਿਆਂ ਵਿੱਚ ਹਾਰ ਝੱਲਣੀ ਪਈ।
ਵਿਨੇਸ਼ ਨੇ 50 ਕਿਲੋਗ੍ਰਾਮ ਦੇ ਫਾਈਨਲ ਵਿੱਚ ਜਾਪਾਨ ਦੀ ਇਰੀ ਯੂਕੀ ਨੂੰ 6-2 ਨਾਲ ਚਿੱਤ ਕੀਤਾ। ਵਿਨੇਸ਼ ਨੇ ਫਾਈਨਲ ਵਿੱਚ ਜਾਪਾਨੀ ਪਹਿਲਵਾਨ ਖ਼ਿਲਾਫ਼ ਹਮਲਾਵਰ ਅਤੇ ਰੱਖਿਆਤਮਕ ਦਾ ਬਿਹਤਰੀਨ ਨਮੂਨਾ ਪੇਸ਼ ਕੀਤਾ। ਉਸ ਨੇ ਪਹਿਲੇ ਹੀ ਰਾਊਂਡ ਵਿੱਚ 4-0 ਦੀ ਲੀਡ ਬਣਾ ਲਈ। ਉਸ ਨੇ ਯੂਕੀ ਨੂੰ ਆਪਣੇ ਪੈਰਾਂ ਤੋਂ ਪੂਰੀ ਤਰ੍ਹਾਂ ਦੂਰ ਰੱਖਿਆ ਤਾਂ ਕਿ ਉਹ ਕੋਈ ਦਾਅ ਨਾ ਖੇਡ ਸਕੇ। ਦੂਜੇ ਰਾਊਂਡ ਵਿੱਚ ਵਿਨੇਸ਼ ਨੂੰ ਹਾਲਾਂਕਿ ਚਿਤਾਵਨੀ ਮਗਰੋਂ ਇੱਕ ਅੰਕ ਗੁਆਉਣਾ ਪਿਆ, ਪਰ ਉਸ ਨੇ ਆਪਣਾ ਦਬਦਬਾ ਜਾਰੀ ਰੱਖਦਿਆਂ ਆਖ਼ਰੀ ਸੈਕਿੰਡ ਵਿੱਚ ਦੋ ਅੰਕ ਲੈ ਕੇ 6-2 ਨਾਲ ਮੁਕਾਬਲਾ ਜਿੱਤ ਲਿਆ। ਉਸ ਨੇ ਪਹਿਲੇ ਮੈਚ ਵਿੱਚ ਚੀਨ ਦੀ ਸੁਨ ਯਨਾਨ ਨੂੰ 8-2 ਨਾਲ ਹਰਾਉਂਦਿਆਂ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਰੋਹਤਕ ਦੀ ਪਹਿਲਵਾਨ ਨੇ ਕੁਆਰਟਰ ਫਾਈਨਲ ਵਿੱਚ ਲਾਜਵਾਬ ਪ੍ਰਦਰਸ਼ਨ ਕੀਤਾ ਅਤੇ ਪਹਿਲੇ ਰਾਊਂਡ ਵਿੱਚ ਛੇ ਅੰਕ ਤੇ ਦੂਜੇ ਰਾਊਂਡ ਵਿੱਚ ਪੰਜ ਅੰਕ ਲਏ। ਉਸ ਨੇ ਚਾਰ ਮਿੰਟ 37 ਸੈਕਿੰਡ ਵਿੱਚ ਹੀ ਮੈਚ ਖ਼ਤਮ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਕੋਰੀਆ ਦੀ ਕਿਮ ਹਿੰਗਜੂ ਨੂੰ 11-0 ਨਾਲ ਚਿੱਤ ਕਰਕੇ ਸੈਮੀ ਫਾਈਨਲ ਵਿੱਚ ਪਹੁੰਚੀ। ਵਿਨੇਸ਼ ਨੇ ਸੈਮੀ ਫਾਈਨਲ ਵਿੱਚ ਉਜ਼ਬੇਕਿਸਤਾਨ ਦੀ ਦੋਲੇਤਬਾਈਕ ਯੱਕਸ਼ੀਮੁਰਾਤੋਵਾ ਨੂੰ ਇੱਕਪਾਸੜ ਮੁਕਾਬਲੇ ਵਿੱਚ 10-0 ਨਾਲ ਹਰਾਇਆ।  ਰੀਓ ਓਲੰਪਿਕ ਖੇਡਾਂ ਵਿੱਚ ਸੱਟ ਲੱਗਣ ਕਾਰਨ ਉਹ ਜਨਵਰੀ 2017 ਤੱਕ ਖੇਡ ਨਹੀਂ ਸਕੀ ਸੀ। ਉਸ ਨੇ ਪਿਛਲੀਆਂ ਦੋਵੇਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮੇ ਜਿੱਤੇ ਹਨ।