ਕੱਟਕ (ਪੀਟੀਆਈ) : ਪੁਰਸ਼ ਹਾਕੀ ਵਿਸ਼ਵ ਕੱਪ-2023 ਅੱਜ ਸ਼ਾਮ ਨੂੰ ਕੱਟਕ ਦੇ ਖੂਬਸੂਰਤ ਬਾਰਾਬਾਤੀ ਸਟੇਡੀਅਮ ਵਿੱਚ ਰੰਗਾਰੰਗ ਉਦਘਾਟਨੀ ਪ੍ਰੋਗਰਾਮ ਨਾਲ ਸ਼ੁਰੂ ਹੋ ਗਿਆ ਹੈ, ਜਿਸ ਦੇ ਦੇਸ਼ ਤੇ ਵਿਦੇਸ਼ ਤੋਂ ਹਜ਼ਾਰਾਂ ਹਾਕੀ ਪ੍ਰੇਮੀ ਗਵਾਹ ਬਣੇ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ, ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ, ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਤਈਅਬ ਇਕਰਾਮ ਅਤੇ ਹਾਕੀ ਇੰਡੀਆ ਦੇ ਚੇਅਰਮੈਨ ਦਿਲੀਪ ਟਿਰਕੀ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ 16 ਟੀਮਾਂ ਦੇ ਮੈਂਬਰਾਂ ਦਾ ਨਿੱਘਾ ਸਵਾਗਤ ਕਰਨ ਲਈ ਸਮਾਰੋਹ ਵਿੱਚ ਮੌਜੂਦ ਸਨ। ਇਕਰਾਮ ਨੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਲਗਾਤਾਰ ਦੋ ਵੱਡੇ ਟੂਰਨਾਮੈਂਟ ਕਰਵਾਉਣ ਲਈ ਉੜੀਸਾ ਨੂੰ ਵਧਾਈ ਦਿੱਤੀ ਅਤੇ ਇਸ ਨੂੰ ‘ਹਾਕੀ ਦੀ ਧਰਤੀ’ ਕਿਹਾ। ਉੜੀਸਾ ਨੇ ਪਿਛਲੇ ਵੱਡੇ ਟੂਰਨਾਮੈਂਟ ਦੀ ਮੇਜ਼ਬਾਨੀ 2018 ਵਿੱਚ ਕੀਤੀ ਸੀ। ਅਨੁਰਾਗ ਠਾਕੁਰ ਨੇ ਸ਼ਾਨਦਾਰ ਢੰਗ ਨਾਲ ਸਮਾਗਮ ਦੀ ਸਫਲ ਮੇਜ਼ਬਾਨੀ ਕਰਨ ਲਈ ਉੜੀਸਾ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਸੂਬੇ ਦੇ ਲੋਕਾਂ ਦਾ ਉਤਸ਼ਾਹ ਉਨ੍ਹਾਂ ਦੇ ਹਾਕੀ ਪ੍ਰਤੀ ਪ੍ਰੇਮ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਜਿਹੇ ਖੇਡ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਨ ਲਈ ਹਮੇਸ਼ਾ ਸੂਬਿਆਂ ਦੀ ਮਦਦ ਕਰਦਾ ਰਹੇਗਾ। ਪਟਨਾਇਕ ਨੇ ਕਿਹਾ ਕਿ ਉੜੀਸਾ ਆਪਣੀ ਚੰਗੀ ਪ੍ਰਾਹੁਣਾਚਾਰੀ ਲਈ ਪ੍ਰਸਿੱਧ ਹੈ ਅਤੇ ਉਮੀਦ ਹੈ ਕਿ ਹਰੇਕ ਸੈਲਾਨੀ ਸੂਬੇ ਵਿੱਚੋਂ ਆਪਣੀਆਂ ਚੰਗੀਆਂ ਯਾਦਾਂ ਤਾਜ਼ਾ ਕਰੇਗਾ। ਉਨ੍ਹਾਂ ਲਗਾਤਾਰ ਦੋ ਵਾਰ ਪੁਰਸ਼ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਵਿੱਚ ਉੜੀਸਾ ਸਮਰਥਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ।
–