ਮੁਹਾਲੀ 3 ਅਕਤੂਬਰ 2017 : ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਚੋਂ ਸੇਵਾਮੁਕਤ ਹੋਏ 85 ਸਾਲਾ ਕੈਪਟਨ ਜੀ.ਐਸ. ਸਿੱਧੂ ਨੇ ਸ਼ਾਟ-ਪੁੱਟ ਅਤੇ ਹੈਮਰ ਥਰੋ ਵਿੱਚ ਦੋ ਨਵੇਂ ਏਸ਼ੀਆ ਰਿਕਾਰਡ ਬਣਾ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਚੀਨ ਦੇ ਰਗਾਉ ਵਿਖੇ 20 ਸਤੰਬਰ ਤੋਂ 28 ਸਤੰਬਰ ਤੱਕ ਏਸ਼ੀਅਨ ਮਾਸਟਰਜ਼ ਐਥਲੈਟਿਕ ਚੈਪੀਅਨਸ਼ਿਪ ਦੌਰਾਨ ਇਹ ਕੀਰਤੀਮਾਨ ਸਥਾਪਿਤ ਕੀਤੇ ਹਨ।
ਇਸ ਚੈਂਪੀਅਨਸ਼ਿਪ ਵਿੱਚ ਕੈਪਟਨ ਸਿੱਧੂ ਨੇ 3 ਸੋਨ ਤਗ਼ਮੇ ਜਿੱਤਕੇ ਆਪਣਾ ਲੋਹਾ ਮਨਾਇਆ ਹੈ। ਉਨ੍ਹਾਂ ਸ਼ਾਟ-ਪੁੱਟ ਮੁਕਾਬਲਿਆਂ ਵਿੱਚ 8.88 ਮੀਟਰ ਦੂਰੀ ਉੱਤੇ ਗੋਲਾ ਸੁੱਟਕੇ ਨਵਾਂ ਰਿਕਾਰਡ ਕਾਇਮ ਕੀਤਾ ਅਤੇ ਹੈਮਰ ਥਰੋ ਵਿੱਚ 25.36 ਮੀਟਰ ਗੋਲਾ ਸੁੱਟਕੇ ਨਵਾਂ ਏਸ਼ੀਅਨ ਰਿਕਾਰਡ ਬਣਾਇਆ। ਸ੍ਰੀ ਸਿੱਧੂ ਸ਼ਾਟ-ਪੁੱਟ ਵਿੱਚ ਪੰਜਵੀਂ ਵਾਰ ਅਤੇ ਹੈਮਰ ਥਰੋ ਵਿੱਚ ਤਿੰਨ ਵਾਰ ਚੈਂਪੀਅਨ ਰਹੇ ਚੁੱਕੇ ਹਨ।
ਇੱਥੇ ਇਹ ਵਰਨਣਯੋਗ ਹੈ ਕਿ ਸ੍ਰੀ ਸਿੱਧੂ ਨੇ ਡਿਸਕਸ ਥਰੋ ਵਿੱਚ ਵੀ 19.39 ਮੀਟਰ ਦੂਰੀ ਤੇ ਸੁੱਟ ਕੇ ਸੋਨ ਤਮਗਾ ਜਿੱਤਿਆ ਹੈ।
ਚੰਡੀਗੜ੍ਹ ਵਾਸੀ ਪਚਾਸੀ ਸਾਲਾ ਅਥਲੀਟ ਕੈਪਟਨ ਸਿੱਧੂ ਨੂੰ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਦੇ ਸਨਮਾਨ ਵਜੋਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੀ ਨੈਸ਼ਨਲ ਐਵਾਰਡ ਨਾਲ ਸਨਮਾਨਤ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਹ ਹੁਣ ਅਗਲੇ ਸਾਲ ਹੋਣ ਵਾਲੀ ਵਿਸ਼ਵ ਮਾਸਟਰਜ਼ ਐਥਲੈਟਿਕ ਮੀਟ ਮੌਕੇ ਸੋਨੇ ਦਾ ਤਗਮਾ ਜਿੱਤਣ ਲਈ ਪੂਰੀ ਮਿਹਨਤ ਕਰ ਰਹੇ ਹਨ ਤੇ ਉਨ੍ਹਾਂ ਨੂੰ ਪੂਰਨ ਉਮੀਦ ਹੈ ਕਿ ਉਹ ਆਪਣੇ ਦੇਸ਼ ਦਾ ਝੰਡਾ ਵਿਸ਼ਵ ਵਿੱਚ ਝੁਲਾਉਣ ਵਿੱਚ ਜ਼ਰੂਰ ਕਾਮਯਾਬ ਹੋਣਗੇ।