ਖਹਿਰਾ ਤੇ ਭਗਵੰਤ ਨੂੰ ਮਿਲਾਂਗਾ ਪਰ ਬੈਂਸਾਂ ਨਾਲ ਕੋਈ ਗੱਲ ਨਹੀਂ ਕਰਨੀ : ਚੀਮਾ

0
182

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਨਵੇਂ ਬਣੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵਲੋਂ ਅੱਜ ਦਿੱਲੀ ਵਿਖੇ ਪਾਰਟੀ ਸਰਪਰਸਤ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਮੁਖਾਤਬ ਹੁੰਦਿਆਂ ਚੀਮਾ ਨੇ ਦੱਸਿਆ ਕਿ ਕੇਜਰੀਵਾਲ ਅਤੇ ਉਨ੍ਹਾਂ ਦਰਮਿਆਨ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਗਈ ਹੈ। ਸੁਖਪਾਲ ਖਹਿਰਾ ਦੀ ਨਾਰਾਜ਼ਗੀ ਦੇ ਸਵਾਲ ‘ਤੇ ਚੀਮਾ ਨੇ ਇਕ ਵਾਰ ਫਿਰ ਦਾਅਵਾ ਕੀਤਾ ਕਿ ਖਹਿਰਾ ਨਾਲ ਕੋਈ ਮਤਭੇਦ ਨਹੀਂ ਹਨ ਅਤੇ ਉਹ ਖੁਦ ਸੁਖਪਾਲ ਖਹਿਰਾ ਅਤੇ ਭਗਵੰਤ ਮਾਨ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਜਾ ਰਹੇ ਹਨ।
ਪਾਰਟੀ ਦਾ ਪੰਜਾਬ ਪ੍ਰਧਾਨ ਬਦਲਣ ਦੀਆਂ ਕਿਆਸਅਰਾਈਆਂ ‘ਤੇ ਵਿਸ਼ਰਾਮ ਚਿੰਨ ਲਗਾਉਂਦਿਆਂ ਚੀਮਾ ਨੇ ਵਿਸ਼ਵਾਸ ਦੁਆਇਆ ਕਿ ਭਗਵੰਤ ਮਾਨ ਹੀ ਪਾਰਟੀ ਦੇ ਪ੍ਰਧਾਨ ਰਹਿਣਗੇ। ਪਾਰਟੀ ਦੇ ਰੁੱਸੇ ਹੋਏ ਲੀਡਰਾਂ ਬਾਰੇ ਗੱਲਬਾਤ ਕਰਦਿਆਂ ਚੀਮਾ ਨੇ ਕਿਹਾ ਕਿ ਪਾਰਟੀ ਦੇ ਭਲੇ ਲਈ ਉਹ ਹਰ ਚੰਗੇ ਲੀਡਰ ਨਾਲ ਰਾਬਤਾ ਬਨਾਉਣਗੇ ਪਰ ਉਹ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨਾਲ ਅਜੇ ਕੋਈ ਸੰਵਾਦ ਨਹੀਂ ਕੀਤਾ ਜਾਵੇਗਾ ਕਿਉਂਕਿ ਬੈਂਸਾਂ ਦੀ ਆਪਣੀ ਵੱਖਰੀ ਪਾਰਟੀ ਹੈ।