ਦੁਨੀਆ ਦੀ ਸਭ ਤੋਂ ਵੱਡੀ ਮੋਬਾਈਲ ਫੈਕਟਰੀ ਭਾਰਤ ਚ’

0
220

ਨੋਇਡਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਵਲੋਂ ਨੋਇਡਾ ਨੂੰ ਅੱਜ ਵਿਸ਼ਵ ਦੀ ਸਭ ਤੋਂ ਵੱਡੀ ਮੋਬਾਈਲ ਫੈਕਟਰੀ ਦੀ ਸੌਗਾਤ ਦਿੱਤੀ ਗਈ। ਪ੍ਰਧਾਨ ਮੰਤਰੀ ਮੋਦੀ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਨਾਲ ਉਤਰ ਪ੍ਰਦੇਸ਼ ‘ਚ ਦੁਨੀਆ ਦੀ ਸਭ ਤੋਂ ਵੱਡੀ ਮੋਬਾਈਲ ਫੈਕਟਰੀ ਦਾ ਉਦਘਾਟਨ ਕੀਤਾ। ਇਸ ਫੈਕਟਰੀ ਲਈ ਅਖਿਲੇਸ਼ ਸਰਕਾਰ ਦੌਰਾਨ ਹੀ ਗੱਲਬਾਤ ਸ਼ੁਰੂ ਹੋਈ ਸੀ ਪਰ ਡੀਲ ਯੋਗੀ ਅਦਿਤਿਯਾ ਨਾਥ ਸਰਕਾਰ ਦੇ ਸਮੇਂ ਪੱਕੀ ਹੋਈ। ਮੁੱਖ ਮੰਤਰੀ ਯੋਗੀ ਅਦਿਤਿਯਾ ਨਾਥ ਨੇ ਸੈਮਸੰਗ ਕੰਪਨੀ ਦੇ ਇਸ ਪ੍ਰੋਗਰਾਮ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੱਖਣੀ ਕੋਰੀਆਈ ਰਾਸ਼ਟਰਪਤੀ ਦਾ ਸਵਾਗਤ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਯੂਨਿਟ ਲਈ ਸੈਮਸੰਗ ਕੰਪਨੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਯੂਨਿਟ ‘ਚ ਆਉਣਾ ਮੇਰੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ 5 ਹਜ਼ਾਰ ਕਰੋੜ ਦਾ ਇਹ ਨਿਵੇਸ਼ ਸੈਮਸੰਗ ਕੰਪਨੀ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤੇ ਨੂੰ ਵੀ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਭਾਰਤ ‘ਚ ਸ਼ਾਇਦ ਹੀ ਕੋਈ ਅਜਿਹਾ ਪਰਿਵਾਰ ਹੋਵੇਗਾ, ਜਿਥੇ ਕੋਰੀਆਈ ਪ੍ਰੋਡਕਟ ਨਾ ਹੋਵੇ ਅਤੇ ਅੱਜ ਭਾਰਤ ‘ਚ ਲਗਭਗ 40 ਕਰੋੜ ਸਮਾਰਟ ਫੋਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਨੋਇਡਾ ਦੇ ਸੈਕਟਰ 81 ‘ਚ ਬਣੀ ਇਹ ਫੈਕਟਰੀ ਕਰੀਬ 35 ਏਕੜ ‘ਚ ਫੈਲੀ ਹੈ ਅਤੇ ਇਕ ਸਾਲ ‘ਚ ਤਿਆਰ ਹੋਈ ਇਸ ਫੈਕਟਰੀ ‘ਚ ਹਰ ਸਾਲ ਕਰੀਬ 12 ਕਰੋੜ ਫੋਨ ਬਣਨਗੇ।