ਚੰਡੀਗੜ੍ਹ/ ਖੰਨਾ (ਕਮਲ) – ਪੰਜਾਬ ਸਰਕਾਰ ਦੇ ਜੰਗਲਾਤ ਮੰਤਰੀ, ਪ੍ਰਿੰਟਿੰਗ ਤੇ ਸਟੇਸ਼ਨਰੀ ਅਤੇ ਐੱਸ.ਸੀ.ਬੀ.ਸੀ. ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਨਸ਼ਾ ਸਮੱਗਲਰਾਂ ਨੂੰ ਚਿਤਾਵਨੀ ਦਿੰਦਿਆਂ ਆਖਿਆ ਹੈ ਕਿ ਉਹ ਨਸ਼ਾ ਵੇਚਣ ਤੋਂ ਬਾਜ਼ ਆ ਜਾਣ! ਨਹੀਂ ਤਾਂ ਉਨ੍ਹਾਂ ਦੀ ਹੁਣ ਖੈਰ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਹਿਲਾਂ ਪੰਜਾਬ ‘ਚ ਅੱਤਵਾਦ ਦਾ ਖਾਤਮਾ ਕੀਤਾ ਸੀ ਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਅੰਦਰ ਨਸ਼ੇ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ।
ਅੱਜ ਇਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ. ਧਰਮਸੌਤ ਨੇ ਕਿਹਾ ਕਿ ਨਸ਼ਾ ਵੇਚਣ ਵਿਚ, ਜਿਸ ਵੀ ਵਿਅਕਤੀ ਦੀ ਸ਼ਮੂਲੀਅਤ ਪਾਈ ਗਈ, ਬੇਸ਼ੱਕ ਭਾਵੇਂ ਉਹ ਕੋਈ ਵੀ ਪੁਲਸ ਅਧਿਕਾਰੀ ਜਾਂ ਫਿਰ ਕੋਈ ਸਿਆਸੀ ਲੀਡਰ ਹੀ ਕਿਉਂ ਨਾ ਹੋਵੇ, ਨੂੰ ਸੀਖਾਂ ਪਿੱਛੇ ਸੁੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਆਗੂਆਂ ਵੱਲੋਂ ਆਪਣੀ ਸਰਕਾਰ ਦੇ ਕਾਰਜਕਾਲ ‘ਚ ਬੀਜੇ ਨਸ਼ੇ ਦੇ ਕੰਡੇ ਅੱਜ ਕੈਪਟਨ ਸਰਕਾਰ ਤੇ ਨੌਜਵਾਨਾਂ ਦੇ ਬੁੱਢੇ ਮਾਂ-ਬਾਪਾਂ ਨੂੰ ਚੁਗਣੇ ਪੈ ਰਹੇ ਹਨ। ਉਨ੍ਹਾਂ ਨਸ਼ੇ ਦੇ ਸਮੁੱਚੇ ਕਾਰੋਬਾਰ ਲਈ ਬਾਦਲ ਸਰਕਾਰ ਨੂੰ ਦੋਸ਼ੀ ਦੱਸਦਿਆਂ ਕਿਹਾ ਕਿ ਦੁੱਧ-ਦਹੀਂ ਤੇ ਲੱਸੀ ਦੀ ਥਾਂ, ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਨੌਜਵਾਨਾਂ ਨੂੰ ਚਿੱਟਾ ਵੰਡਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ੇ ਨੂੰ ਲੈ ਕੇ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਵਾਸਤੇ ਹੁਣ ਨਸ਼ਾ ਸਮੱਗਲਰਾਂ ਦਾ ਬਚਣਾ ਮੁਸ਼ਕਲ ਹੈ। ਉਨ੍ਹਾਂ ਇਕ ਵਾਰ ਮੁੜ ਦੁਹਰਾਇਆ ਕਿ ਨਸ਼ਾ ਵੇਚਣ ਵਾਲੇ ਜਾਂ ਤਾਂ ਨਸ਼ਾ ਵੇਚਣਾ ਬੰਦ ਕਰ ਦੇਣ ਜਾਂ ਫਿਰ ਪੰਜਾਬ ਛੱਡ ਜਾਣ। ਇਕ ਸਵਾਲ ਦੇ ਜਵਾਬ ‘ਚ ਸ.ਧਰਮਸੌਤ ਨੇ ਕਿਹਾ ਕਿ ਉਹ ਡੋਪ ਟੈਸਟ ਲਈ ਤਿਆਰ ਹਨ, ਜਦ ਚਾਹੇ ਕੋਈ ਕਰਵਾ ਲਵੇ। ਉਨ੍ਹਾਂ ਇਹ ਵੀ ਆਖਿਆ ਕਿ ਸੁਖਬੀਰ, ਮਜੀਠੀਆ ਤੇ ਚੰਦੂਮਾਜਰਾ ਡੋਪ ਟੈਸਟ ਤੋਂ ਕਿਉਂ ਭੱਜ ਰਹੇ ਹਨ? ਹਾਲਾਂਕਿ ਡੋਪ ਟੈਸਟ ਬਾਰੇ ਕੋਈ ਕਾਨੂੰਨ ਨਹੀਂ ਕਿ ਇਹ ਜ਼ਰੂਰੀ ਹੈ। ਸ. ਧਰਮਸੌਤ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਝੋਨੇ ਦੇ ਸਮਰਥਨ ਮੁੱਲ ‘ਚ ਕੀਤੇ ਗਏ 200 ਰੁਪਏ ਪ੍ਰਤੀ ਕੁਵਇੰਟਲ ਦੇ ਵਾਧੇ ਨੂੰ ਵੀ ਨਿਗੁਣਾ ਦੱਸਦੇ ਹੋਏ ਠੁਕਰਾ ਦਿੱਤਾ ਤੇ ਕਿਹਾ ਕਿ ਇਹ ਵਾਧਾ ਘੱਟੋ-ਘੱਟ 700 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਐੱਮ.ਐੱਨ.ਸੀ.ਪੀ. ‘ਚ ਵਾਧੇ ਦਾ ਇਹ ਐਲਾਨ ਵੋਟਾਂ ਨੂੰ ਮੱਦੇਨਜ਼ਰ ਰੱਖਦਿਆਂ ਕਿਸਾਨਾਂ ਨੂੰ ਭਰਮਾਉਣ ਲਈ ਕੀਤਾ ਗਿਆ ਹੈ, ਜੋ ਮੋਦੀ ਦਾ ਕਿਸਾਨਾਂ ਨਾਲ ਦੂਜੀ ਵਾਰ ਧੋਖਾ ਹੈ। ਉਨ੍ਹਾਂ ਕਿਹਾ ਕਿ ਫਸਲਾਂ ਦੇ ਰੇਟਾਂ ‘ਚ ਕੀਤੇ ਵਾਧੇ ਨੂੰ ਵਧਾ-ਚੜ੍ਹਾਅ ਕੇ ਦੱਸਣ ਵਾਲੇ ਬਾਦਲ ਪਰਿਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੀਗੇ ਗਾਉਣ ਦੀ ਬਜਾਏ ਕਿਸਾਨਾਂ ਦੀ ਕਰਜ਼ਾ ਮੁਆਫੀ ਲਈ ਕਹਿਣਾ ਚਾਹੀਦਾ ਹੈ ਤੇ ਨਾਲ ਹੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਵਾਸਤੇ ਪ੍ਰਧਾਨ ਮੰਤਰੀ ‘ਤੇ ਦਬਾਅ ਬਣਾਉਣਾ ਚਾਹੀਦਾ ਹੈ। ਸ. ਧਰਮਸੌਤ ਨੇ ਹੋਰ ਜਿਣਸਾਂ ‘ਚ ਕੀਤੇ ਵਾਧੇ ‘ਤੇ ਵੀ ਅਸੰਤੁਸ਼ਟੀ ਪ੍ਰਗਟ ਕੀਤੀ।