ਹਵਾਈ ਸਮਝੌਤਿਆਂ ਵਿਚ ਅੰਮ੍ਰਿਤਸਰ ਹਵਾਈ ਅੱਡੇ ਨੂੰ ਸ਼ਾਮਲ ਕਰਨ ਦੀ ਮੰਗ

0
766

ਡੇਟਨ (ਅਮਰੀਕਾ): ਗੁਰੂ ਕੀ ਨਗਰੀ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਨੇ ਵਿਦੇਸ਼ੀ ਏਅਰਲਾਈਨਾਂ ਨੂੰ ਉਹਨਾਂ ਦੇ ਮੁਲਕ ਤੋਂ ਅੰਮ੍ਰਿਤਸਰ ਨੂੰ ਉਡਾਣਾਂ ਸ਼ੁਰੂ ਕਰਨ ਲਈ ਭਾਰਤ ਸਰਕਾਰ ਨੂੰ ਉਨ੍ਹਾਂ ਨੂੰ ਆਗਿਆ ਦੇਣ ਦੀ ਮੰਗ ਕੀਤੀ ਹੈ।ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਅਧਿਕਾਰ ਅਧੀਨ ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਜਰਮਨੀ, ਹੋਲੈਂਡ, ਫਰਾਂਸ, ਇਟਲੀ, ਯੂ. ਏ. ਈ., ਓਮਾਨ, ਤੁਰਕੀ, ਕੁਵੈਤ, ਜਪਾਨ, ਹਾਂਗਕਾਂਗ, ਆਸਟਰੇਲੀਆ ਤੇ ਕਈ ਹੋਰ ਮੁਲਕਾਂ ਦੀਆਂ ਹਵਾਈ ਕੰਪਨੀਆਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਾਸਤੇ ਉਡਾਣਾਂ ਸ਼ੁਰੂ ਕਰਨ ਦੀ ਆਗਿਆ ਨਹੀਂ। ਇਸ ਕਰਕੇ ਇਨ੍ਹਾਂ ਮੁਲਕਾਂ ਦੀਆਂ ਏਅਰਲਾਈਨਾਂ ਜਿਵੇਂ ਲੁਫਥਾਂਸਾ, ਕੇ. ਐਲ. ਐਮ., ਏਅਰਫਰਾਂਸ, ਏਮੀਰੇਟਜ਼, ਇਤਹਾਦ, ਫਲਾਈਡੁੱਬਈ, ਏਅਰਅਰੇਬੀਆ, ਓਮਾਨਏਅਰ, ਟਰਕਿਸ਼ ਏਅਰਲਾਈਨਜ਼, ਕੁਵੈਤ ਏਅਰ ਅਤੇ ਹੋਰ ਏਅਰਲਾਈਨਾਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਨਹੀਂ ਕਰ ਸਕਦੀਆਂ।

 ਫਲਾਈ ਡੁੱਬਈ ਨੇ ਮੰਚ ਨੂੰ ਲਿਖਤੀ ਜੁਆਬ ਵਿੱਚ ਲਿਖਿਆ ਹੈ ਕਿ ਉਹ ਇੱਥੋਂ ਉਡਾਣਾਂ ਸ਼ੁਰੂ ਕਰਨ ਲਈ ਤਿਆਰ ਹੈ।ਏਮੀਰਟਜ਼, ਫਲਾਈ ਡੁਬੱਈ, ਓਮਾਨ ਏਅਰ ਅਤੇ ਹੋਰ ਏਅਰਲਾਈਨਾਂ ਅਨੁਸਾਰ ਉਨ੍ਹਾਂ ਲਈ ਅੰਮ੍ਰਿਤਸਰ ਬਹੁਤ ਹੀ ਮਹੱਤਵਪੂਰਨ ਹੈ ਤੇ ਉਹ ਇੱਥੋਂ ਉਡਾਣਾਂ ਸ਼ੁਰੂ ਕਰਨਾ ਚਾਹੁੰਦੀਆਂ ਹਨ, ਪਰ ਦੋਵਾ ਮੁਲਕਾਂ ਦੇ ਮੌਜੂਦਾ ਹਵਾਈ ਸਮਝੌਤਿਆਂ ਕਰਕੇ ਉਹ ਇੱਥੋਂ ਉਡਾਣਾਂ ਸ਼ੁਰੂ ਨਹੀਂ ਕਰ ਸਕਦੀਆਂ।ਹੈਰਾਨੀ ਵਾਲੀ ਗੱਲ ਹੈ ਕਿ ਜੈੱਟਏਅਰਵੇਜ਼ ਜਿਸ ਦੀ ਕਿ ਏਤੀਹਾਦ ਏਅਰਲਾਈਨਜ਼ ਤੇ ਕੇ. ਐਲ. ਐਮ. ਨਾਲ ਭਾਈਵਾਲੀ ਹੈ, ਅੰਮ੍ਰਿਤਸਰ ਤੋਂ ਅਬੂਦਾਬੀ ਤੇ ਐਮਸਟਰਡਮ ਲਈ ਉਡਾਣਾਂ ਜਾਣ ਬੁੱਝ ਕੇ ਸ਼ੁਰੂ ਨਹੀਂ ਕਰ ਰਹੀ ਤਾਂ ਜੋ ਪੰਜਾਬੀ ਦਿੱਲੀ ਹਵਾਈ ਅੱਡੇ ਤੋਂ ਉਡਾਣਾਂ ਲੈਣ।ਜਦਕਿ ਉਸਨੇ ੨੦੧੩ ਵਿੱਚ ਅੰਮ੍ਰਿਤਸਰ ਤੋਂ ਅਬੂਦਾਬੀ ਲਈ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।

ਜੇ ਭਾਰਤ ਸਰਕਾਰ ਦਾ ਵਿਦੇਸ਼ੀ ਮੰਤਰਾਲਾ ਵਿਦੇਸ਼ਾਂ ਤੋਂ ਭਾਰਤ ਨੂੰ ਉਡਾਣਾਂ ਭਰਨ ਵਾਲੀਆਂ ਏਅਰਲਾਈਨਾਂ ਦੀ ਸੂਚੀ ਵਿੱਚ ਅੰਮ੍ਰਿਤਸਰ ਦਾ ਨਾਂ ਸ਼ਾਮਿਲ ਕਰ ਦੇਵੇ ਤਾਂ ਨਾ ਕੇਵਲ ਡੁਬੱਈ, ਜਰਮਨੀ, ਐਮਸਟਰਡਮ, ਮਸਕਟ ਤੇ ਇਸਤੰਬੂਲ ਲਈ ਹੀ ਨਹੀਂ ਸਗੋਂ ਅੰਮ੍ਰਿਤਸਰ ਦੇ ਯਾਤਰੂ ਯੂਰਪ, ਅਮਰੀਕਾ, ਕੈਨੇਡਾ ਤੇ ਹੋਰ ਮੁਲਕਾ ਨੂੰ ਆਸਾਨੀ ਨਾਲ ਆਜਾ ਸਕਦੇ ਹਨ, ਜਿੱਥੇ ਕਿ ਉਨ੍ਹਾਂ ਦੀ ਵੱਡੀ ਗਿਣਤੀ ਰਹਿੰਦੀ ਹੈ।

ਗੁਮਟਾਲਾ ਅਨੁਸਾਰ ਮੰਚ ਵੱਲੋਂ ਵਿਦੇਸ਼ ਮੰਤਰੀ ਸ੍ਰੀ ਮਤੀ ਸੁਸ਼ਮਾ ਸਵਰਾਜ ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਸ੍ਰੀ ਅਸ਼ੋਕ ਗਜਾਪਥੀ ਰਾਜੂ ਨੂੰ ਪੱਤਰ ਲਿੱਖ ਕੇ ਇਨ੍ਹਾਂ ਮੁਲਕਾਂ ਨਾਲ ਦੁਵੱਲੇ ਸਮਝੌਤੇ ਵਿਚ ਸੋਧ ਕਰਕੇ ਅੰਮ੍ਰਿਤਸਰ ਨੂੰ ਵੀ ਭਾਰਤ ਦੇ ਹੋਰ ਕਈ ਹਵਾਈ ਅੱਡਿਆਂ ਵਾਂਗ ਸ਼ਾਮਲ ਕਰਨ ਦੀ ਅਪੀਲ ਕੀਤੀ ਗਈ ਹੈ।

ਮੰਚ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਕੇਂਦਰੀ ਰਾਜ ਮੰਤਰੀ ਸ੍ਰੀ ਵਿਜੈ ਸਾਂਪਲਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ, ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ, ਲੋਕ ਸਭਾ ਮੈਂਬਰ ਸ੍ਰੀ ਗੁਰਜੀਤ ਸਿੰਘ ਔਜਲਾ ਤੇ ਹੋਰ ਪਾਰਲੀਮੈਂਟ ਮੈਂਬਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਿੱਜੀ ਰੂਪ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰੀ ਤੇ ਵਿਦੇਸ਼ ਮੰਤਰੀ ਨੂੰ ਮਿਲ ਕੇ ਇਹ ਮਾਮਲਾ ਉਨ੍ਹਾਂ ਦੇ ਨੋਟਿਸ ਵਿੱਚ ਲਿਆਉਣ ਤਾਂ ਜੋ ਇਨ੍ਹਾਂ ਮੁਲਕਾਂ ਨੂੰ ਜਲਦੀ ਤੋਂ ਜਲਦੀ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਹੋ ਸਕਣ।