ਅਜਨਾਲਾ, 15 ਅਕਤੂਬਰ : ਪਾਕਿਸਤਾਨ ਦੀ ਤਰਫੋਂ ਇਕ ਗੁਬਾਰਾ ਇਸ ਤਹਿਸੀਲ ਦੇ ਪਿੰਡ ਸੁਧਾਰ ਵਿੱਚ ਅੱਜ ਦੋ ਵਜੇ ਦੇ ਕਰੀਬ ਪੁੱਜਿਆ। ਸੁਖਦੇਵ ਸਿੰਘ ਪਿੰਡ ਸੁਧਾਰ ਦੀ ਆਟਾ ਚੱਕੀ ’ਤੇ ਮਿਲੇ ਇਸ ਗੁਬਾਰੇ ਨੂੰ ਤੁਰੰਤ ਲੋਕਾਂ ਨੇ ਥਾਣਾ ਰਮਦਾਸ ਦੀ ਪੁਲੀਸ ਹਵਾਲੇ ਕਰ ਦਿੱਤਾ। ਡੀਐਸਪੀ ਅਜਨਾਲਾ ਰਵਿੰਦਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਗੁਬਾਰੇ ਨਾਲ ਬੱਝੇ ਕਾਗਜ਼ ‘ਤੇ ਦਿਲ ਦੀ ਤਸਵੀਰ ਬਣੀ ਹੋਈ ਸੀ। ਉਸ ਵਿੱਚ ਪਾਕਿਸਤਾਨੀ ਮੋਬਾਈਲ ਨੰਬਰ 03034024510 ਲਿਖਿਆ ਹੋਇਆ ਹੈ ਅਤੇ ਉਰਦੂ ਲਿਪੀ ਤੋਂ ਇਲਾਵਾ ਅੰਗਰੇਜ਼ੀ ਵਿੱਚ ‘ਆਈ ਲਵ ਯੂ ਆਸਮਾ’ ਪੰਜ ਵਾਰ ਲਿਖਿਆ ਹੋਇਆ ਹੈ। ਡੀਐਸਪੀ ਨੇ ਦੱਸਿਆ ਕਿ ਲਿਖਣ ਵਾਲੇ ਨੇ ਆਪਣਾ ਨਾਂ ਇਸ਼ਫਾਕ ਮੋਟਾ ਲਿਖਿਆ ਹੈ। ਉਰਦੂ ਵਿੱਚ ਲਿਖਿਆ ਹੈ ਕਿ ‘‘ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ, ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ।’’ ਡੀਐਸਪੀ ਨੇ ਦੱਸਿਆ ਕਿ ਪੁਲੀਸ ਨੇ ਗੁਬਾਰੇ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।