ਸਾਨ ਫ੍ਰਾਂਸਿਸਕੋ: ਮੋਦੀ ਸਰਕਾਰ ਦੇ ਡਿਜੀਟਲ ਇੰਡੀਆ ਬਣਾਉਣ ਦੇ ਦਾਅਵਿਆਂ ‘ਤੇ ਉਸ ਸਮੇਂ ਤਕੜੀ ਸੱਟ ਵੱਜੀ ਜਦ ਪਿਊਵ (Pew) ਖੋਜ ਕੇਂਦਰ ਨੇ ਅੰਕੜਿਆਂ ਨਾਲ ਦੱਸਿਆ ਕਿ ਭਾਰਤ ਵਿੱਚ ਸਭ ਤੋਂ ਘੱਟ ਇੰਟਰਨੈੱਟ ਖਪਤ ਵਾਲਾ ਦੇਸ਼ ਹੈ। ਕੇਂਦਰ ਦੀ ਖੋਜ ਮੁਤਾਬਕ ਦੱਖਣੀ ਕੋਰੀਆ ਅੱਵਲ ਹੈ, ਜਿੱਥੇ 96% ਬਾਲਗ ਇੰਟਰਨੈੱਟ ਦੀ ਵਰਤੋਂ ਕਰਦੇ ਹਨ। ਭਾਰਤ ਵਿੱਚ ਚਾਰ ਵਿੱਚੋਂ ਸਿਰਫ ਇੱਕ ਹੀ ਇੰਟਰਨੈੱਟ ਵਰਤਦਾ ਹੈ।
ਪਿਊਵ ਨੇ 37 ਦੇਸ਼ਾਂ ‘ਤੇ ਕੀਤੀ ਖੋਜ ਵਿੱਚ ਪਤਾ ਲਾਇਆ ਜਿੱਥੇ ਵਿਸ਼ਵ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਇੰਟਰਨੈੱਟ ਕਾਫੀ ਵਰਤਿਆ ਜਾਂਦਾ ਹੈ, ਉੱਥੇ ਹੀ ਭਾਰਤ ਦੇ ਅਫਰੀਕੀ ਮਹਾਂਦੀਪ ਦੇ ਸਹਾਰਾ ਮਾਰੂਥਲ ਵਾਲੇ ਦੇਸ਼ਾਂ ਵਿੱਚ ਇੰਟਰਨੈੱਟ ਦੀ ਵਰਤੋਂ ਸਭ ਤੋਂ ਘੱਟ ਹੈ। ਖੋਜ ਕੇਂਦਰ ਦੇ ਅੰਕੜੇ ਦੱਸਦੇ ਹਨ ਕਿ ਭਾਰਤ ਦੇ ਸਾਲ 2017 ਤਕ 22 ਫ਼ੀਸਦ ਬਾਲਗ਼ ਨੌਜਵਾਨਾਂ ਕੋਲ ਸਮਾਰਟਫ਼ੋਨ ਸਨ। ਸਾਲ 2013 ਵਿੱਚ ਇਹ ਅੰਕੜਾ ਸਿਰਫ 12 ਫ਼ੀਸਦ ਸੀ। ਇਸੇ ਵਕਫੇ ਦੌਰਾਨ ਸੋਸ਼ਲ ਮੀਡੀਆ ਦੀ ਵਰਤੋਂ 8 ਫ਼ੀਸਦ ਤੋਂ ਵਧ ਕੇ 20 ਫ਼ੀਸਦ ਤਕ ਪੁੱਜ ਗਈ।
ਇਸ ਦਾ ਮਤਲਬ 78% ਭਾਰਤੀ ਬਾਲਗਾਂ ਕੋਲ ਸਮਾਰਟਫ਼ੋਨ ਹੀ ਨਹੀਂ ਤੇ ਭਾਰਤ ਦੀ 80 ਫ਼ੀਸਦੀ ਆਬਾਦੀ ਫੇਸਬੁੱਕ ਜਾਂ ਟਵਿੱਟਰ ਦੀ ਵਰਤੋਂ ਨਹੀਂ ਕਰਦੀ। ਹਾਲਾਂਕਿ, ਰਿਪੋਰਟ ਵਿੱਚ ਇਹ ਦੱਸਿਆ ਗਿਆ ਹੈ ਕਿ ਅੱਗੇ ਵਧ ਰਹੇ ਮੁਲਕਾਂ ਵਿੱਚ ਇੰਟਰਨੈੱਟ ਦੀ ਵਰਤੋਂ ਇੱਕ ਸਹੀ ਤਰੀਕੇ ਨਾਲ ਵਧ ਰਹੀ ਹੈ।