ਸ਼੍ਰੀਨਗਰ: ਜੰਮੂ-ਕਸ਼ਮੀਰ ਵਿੱਚ ਵੱਡਾ ਸਿਆਸੀ ਧਮਾਕਾ ਹੋਇਆ ਹੈ। ਬੀਜੇਪੀ ਨੇ ਪੀਡੀਪੀ ਸਰਕਾਰ ਤੋਂ ਹਮਾਇਤ ਵਾਪਸ ਲੈ ਲਈ ਹੈ। ਇਸ ਬਾਰੇ ਬੀਜੇਪੀ ਨੇ ਰਾਜਪਾਲ ਨੂੰ ਚਿੱਠੀ ਲਿਖੀ ਹੈ। ਬੀਜੇਪੀ ਨੇ ਰਾਜਪਾਲ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਸਰਕਾਰ ਤੋਂ ਬਾਹਰ ਰਹਿਣ ਦਾ ਫੈਸਲਾ ਲਿਆ ਹੈ।
ਜੰਮੂ-ਕਸ਼ਮੀਰ ਵਿੱਚ ਪੀਡੀਪੀ ਤੇ ਬੀਜੇਪੀ ਦੀ ਭਾਈਵਾਲ ਸਰਕਾਰ ਸੀ। ਬੀਜੇਪੀ ਵੱਲੋਂ ਹਮਾਇਤ ਲੈਣ ਮਗਰੋਂ ਮਹਿਬੂਬਾ ਮੁਫਤੀ ਦੀ ਸਰਕਾਰ ਡਿੱਗ ਸਕਦੀ ਹੈ। ਅੱਜ ਸ਼ਾਮ ਤੱਕ ਮਹਿਬੂਬਾ ਮੁਫਤੀ ਅਸਤੀਫਾ ਦੇ ਸਕਦੇ ਹਨ। 89 ਸੀਟਾਂ ਵਾਲੀ ਜੰਮੂ-ਕਸ਼ਮੀਰ ਵਿਧਾਨ ਸਭਾ ਵਿੱਚ ਬੀਜੇਪੀ ਕੋਲ 25 ਤੇ ਪੀਡੀਪੀ ਕੋਲ 28 ਸੀਟਾਂ ਹਨ। ਨੈਸ਼ਨਲ ਕਾਂਗਰਸ ਕੋਲ 15 ਤੇ ਕਾਂਗਰਸ ਕੋਲ 12 ਸੀਟਾਂ ਹਨ।
ਬੀਜੇਪੀ ਲੀਡਰ ਰਾਮ ਮਾਧਵ ਨੇ ਕਿਹਾ ਕਿ ਹੁਣ ਗੱਠਜੋੜ ਰੱਖਣਾ ਔਖਾ ਹੋ ਗਿਆ ਸੀ। ਸੂਬੇ ਵਿੱਚ ਅੱਤਵਾਦ ਵਧ ਰਿਹਾ ਹੈ। ਸਰਕਾਰ ਇਸ ਨੂੰ ਰੋਕਣ ਵਿੱਚ ਕਾਮਯਾਬ ਨਹੀਂ ਰਹੀ। ਇਸ ਲਈ ਬੀਜੇਪੀ ਨੇ ਹਮਾਇਤ ਵਾਪਸ ਲੈ ਲਈ ਹੈ।