ਪੂਰੇ ਦੇਸ਼ ‘ਚ ਰਿਲੀਜ਼ ਹੋਏਗੀ ‘ਪਦਮਾਵਤ’

0
169

ਨਵੀਂ ਦਿੱਲੀ: ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤ’ ਨੂੰ ਸੁਪਰੀਮ ਕੋਰਟ ਤੋਂ ਹਰੀ ਝੰਡੀ ਮਿਲ ਗਈ ਹੈ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ, ਫਿਲਮ ਦੇਸ਼ ਦੇ ਸਾਰੇ ਰਾਜਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਫ਼ਿਲਮ ‘ਤੇ ਦੇਸ਼ ਦੇ ਚਾਰ ਰਾਜਾਂ ਵੱਲ਼ੋਂ ਲਾਈ ਪਾਬੰਦੀ ਖਿਲਾਫ ਨਿਰਮਾਤਾ ਨੇ ਸੁਪਰੀਮ ਕੋਰਟ ਕੋਲ ਗੁਹਾਰ ਲਾਈ ਸੀ।

ਨਿਰਮਾਤਾਵਾਂ ਨੇ ਕਿਹਾ ਸੀ ਕਿ ਸੈਂਸਰ ਬੋਰਡ ਤੋਂ ਮਿਲੀ ਹਰੀ ਝੰਡੀ ਤੋਂ ਬਾਅਦ ਇਸ ਫਿਲਮ ਉੱਪਰ ਕਿਵੇਂ ਪਾਬੰਦੀ ਲਾਈ ਜਾ ਸਕਦੀ ਹੈ? ਹੁਣ ਇਸ ਮਾਮਲੇ ਵਿੱਚ ਫਿਲਮ ਨਿਰਮਾਤਾ ਅਦਾਲਤ ਤੋਂ ਹਰੀ ਝੰਡੀ ਪ੍ਰਾਪਤ ਕਰ ਚੁੱਕੇ ਹਨ। ਪਟੀਸ਼ਨ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸੂਬਾ ਸਰਕਾਰਾਂ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਫਿਲਮ ਰਿਲੀਜ਼ ‘ਤੇ ਰੋਕ ਲਾਈ ਗਈ ਸੀ।

ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ ਤੇ ਹਰਿਆਣਾ ਰਾਜਾਂ ਦੀਆਂ ਸਰਕਾਰਾਂ ਨੇ ਫਿਲਮ ਦਿਖਾਉਣ ਉੱਪਰ ਪਾਬੰਦੀ ਲਾਈ ਸੀ ਪਰ ਹੁਣ ਅਦਾਲਤ ਦੇ ਫੈਸਲੇ ਮਗਰੋਂ ਇਹ ਸਾਰੇ ਰਾਜਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਸੁਪਰੀਮ ਕੋਰਟ ਨੇ ਸੁਣਵਾਈ ਟਾਲਣ ਲਈ ਸੂਬਿਆਂ ਦੀ ਅਪੀਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।

ਅਦਾਲਤ ਨੇ ਕਿਹਾ ਜਦੋਂ ਸੈਂਟਰਲ ਫਿਲਮ ਸਰਟੀਫਿਕੇਸ਼ਨ ਬੋਰਡ ਨੇ ਫਿਲਮ ਨੂੰ ਆਗਿਆ ਦੇ ਦਿੱਤੀ ਹੈ ਤਾਂ ਰਾਜ ਸਰਕਾਰ ਇਸ ਉੱਪਰ ਰੋਕ ਨਹੀਂ ਲਾ ਸਕਦਾ। ਅਦਾਲਤ ਨੇ ਸੂਬਾ ਸਰਕਾਰਾਂ ਨੂੰ ਕਿਹਾ ਹੈ ਕਿ ਫਿਲਮ ਦੀ ਕਾਰਗੁਜ਼ਾਰੀ ਨਾਲ ਸਬੰਧਤ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਤੁਹਾਡੀ ਹੈ। ਇਸ ਕੇਸ ਦੀ ਅਗਲੀ ਸੁਣਵਾਈ 26 ਮਾਰਚ ਨੂੰ ਹੋਵੇਗੀ।

‘ਪਦਮਾਵਤ’ ਫਿਲਮ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।