ਇੰਦੌਰ: ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਤਿੰਨ ਮਹੀਨਿਆਂ ਦੀ ਬੱਚੀ ਦੇ ਅਗਵਾ, ਬਲਾਤਕਾਰ ਤੇ ਕਤਲ ਦੇ ਮਾਮਲੇ ਵਿੱਚ ਅਦਾਲਤ ਨੇ ਦੋਸ਼ੀ ਅਜੈ ਗੜਕੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਦੇਸ਼ ਵਿੱਚ ਪਾਸਕੋ ਕਾਨੂੰਨ ਬਣਨ ਪਿੱਛੋਂ ਇਹ ਪਹਿਲਾ ਫ਼ੈਸਲਾ ਹੈ ਜਿਸ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ।
ਇਹ ਮਾਮਲਾ ਆਪਣੇ-ਆਪ ਵਿੱਚ ਵੱਖਰਾ ਮਾਮਲਾ ਹੈ ਜਿਸ ਵਿੱਚ ਜੱਜ ਵਰਸ਼ਾ ਸ਼ਰਮਾ ਨੇ ਲਗਾਤਾਰ ਸੱਤ ਦਿਨਾਂ ਤਕ ਸੱਤ-ਸੱਤ ਘੰਟੇ ਕੇਸ ਦੀ ਸੁਣਵਾਈ ਕਰਕੇ ਇਸ ਨੂੰ 21ਵੇਂ ਦਿਨ ਹੀ ਪੂਰਾ ਕਰ ਲਿਆ ਤੇ 23ਵੇਂ ਦਿਨ ਫ਼ੈਸਲਾ ਸੁਣਾ ਦਿੱਤਾ।
ਜੱਜ ਵਰਸ਼ਾ ਸ਼ਰਮਾ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਦੋਸ਼ੀ ਨੇ ਜਿਸ ਤਰ੍ਹਾਂ ਇਹ ਕੁਕਰਮ ਕੀਤਾ ਹੈ, ਉਸ ਨੂੰ ਸਜ਼ਾ ਮਿਲਣੀ ਲਾਜ਼ਮੀ ਹੈ ਤਾਂ ਕਿ ਸਮਾਜ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਹੋਵੇ। ਮਾਮਲੇ ਵਿੱਚ ਕੁੱਲ 29 ਲੋਕਾਂ ਦੀ ਗਵਾਹੀ ਦਰਜ ਕੀਤੀ ਗਈ ਸੀ।
ਇਹ ਫ਼ੈਸਲਾ ਆਉਣ ਤੋਂ ਬਾਅਦ ਹੁਣ ਮਾਮਲਾ ਹਾਈ ਕੋਰਟ ਵਿੱਚ ਜਾਵੇਗਾ। ਜੇ ਹਾਈ ਕੋਰਟ ਨੇ ਇਹ ਸਜ਼ਾ ਬਰਕਰਾਰ ਰੱਖੀ ਤਾਂ ਮਾਮਲਾ ਸੁਪੀਰਮ ਕੋਰਟ ਤਕ ਵੀ ਜਾ ਸਕਦਾ ਹੈ। ਜੇ ਸੁਪਰੀਮ ਕੋਰਟ ਨੇ ਵੀ ਫ਼ੈਸਲਾ ਨਹੀਂ ਬਦਲਿਆ ਤਾਂ ਦੋਸ਼ੀ ਰਾਸ਼ਟਰਪਤੀ ਕੋਲ ਦਇਆ ਲਈ ਅਪੀਲ ਕਰ ਸਕਦਾ ਹੈ।