ਮੇਰਾ ਭਾਰਤ ਮਹਾਨ, 31 ਸਾਲ ਬਾਅਦ ਨਸੀਬ ਹੋਈ ਪੈਨਸ਼ਨ

0
333

ਮੁਹਾਲੀ: ਏਸ਼ੀਅਨ ਖੇਡਾਂ ਵਿੱਚ ਦੋ ਵਾਰ ਸੋਨ ਤਗਮਾ ਜਿੱਤਣ ਵਾਲੇ ਅਥਲੀਟ ਤੇ ਸਾਬਕਾ ਫੌਜੀ ਨੂੰ 31 ਸਾਲ ਬਾਅਦ ਪੈਨਸ਼ਨ ਦਾ ਹੱਕ ਮਿਲਿਆ ਹੈ। ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈੱਲ ਦੇ ਪ੍ਰਧਾਨ ਲੈਫ਼ਟੀਨੈਂਟ ਕਰਨਲ ਐਸਐਸ ਸੋਹੀ ਨੇ ਦੱਸਿਆ ਕਿ ਨਾਇਕ ਹਾਕਮ ਸਿੰਘ 6 ਸਿੱਖ ਰਜਮੈਂਟ ਵਿੱਚ 1972 ਵਿੱਚ ਭਰਤੀ ਹੋਇਆ ਸੀ। ਫੌਜ ਦੀ ਨੌਕਰੀ ਦੌਰਾਨ ਹੀ ਉਸ ਨੇ 1977 ਤੇ 1979 ਦੀਆਂ ਏਸ਼ੀਅਨ ਖੇਡਾਂ ਵਿੱਚ 20 ਕਿਲੋਮੀਟਰ ਦੀ ਵੌਕਿੰਗ ਵਿੱਚ ਦੋ ਵਾਰ ਸੋਨ ਤਗਮਾ ਜਿੱਤਿਆ ਸੀ। ਉਸ ਨੂੰ ਸਾਲ 2008 ਵਿੱਚ ਉਸ ਸਮੇਂ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਵੱਲੋਂ ਧਿਆਨ ਚੰਦ ਐਵਾਰਡ ਨਾਲ ਸਨਮਾਨਤ ਵੀ ਕੀਤਾ ਗਿਆ ਸੀ।

ਸੋਹੀ ਨੇ ਦੱਸਿਆ ਕਿ ਆਪਣੀ ਨੌਕਰੀ ਦੌਰਾਨ ਨਾਇਕ ਹਾਕਮ ਸਿੰਘ ਨੇ ਆਪਣੀ ਫੌਜ ਦੀ ਕੰਪਨੀ ਦੇ ਖੇਡ ਫੰਡਾਂ ਉਪਰ ਕੁਮੈਂਟ ਕਰ ਦਿੱਤਾ ਸੀ ਜੋ ਉਸ ਦੇ ਕਮਾਂਡਿੰਗ ਅਫਸਰ ਨੂੰ ਚੰਗਾ ਨਹੀਂ ਲੱਗਿਆ। ਉਸ ਦੇ ਕਮਾਂਡਿੰਗ ਅਫਸਰ ਨੇ ਉਸ ਨੂੰ ਸਾਲ 1987 ਵਿੱਚ ਨੌਕਰੀ ਤੋਂ ਜਬਰੀ ਰਿਟਾਇਰ ਕਰ ਦਿੱਤਾ। ਉਸ ਸਮੇਂ ਨਾਇਕ ਹਾਕਮ ਸਿੰਘ ਦੀ ਸਰਵਿਸ 14 ਸਾਲ 6 ਮਹੀਨੇ ਦੀ ਹੋਈ ਸੀ। ਉਸ ਨੂੰ ਨੌਕਰੀ ਤੋਂ ਜਬਰੀ ਰਿਟਾਇਰ ਕਰਨ ਵੇਲੇ ਨਾ ਤਾਂ ਪੈਨਸ਼ਨ ਲਾਈ ਗਈ ਤੇ ਨਾ ਹੀ ਹੋਰ ਸਹੂਲਤ ਦਿੱਤੀ ਗਈ। ਇਸ ਤੋਂ ਬਾਅਦ ਕੁਝ ਸਮਾਂ ਹਾਕਮ ਸਿੰਘ ਨੇ ਪੰਜਾਬ ਪੁਲਿਸ ਵਿੱਚ ਵੀ ਨੌਕਰੀ ਕੀਤੀ।

ਉਨ੍ਹਾਂ ਦੱਸਿਆ ਕਿ ਜਦੋਂ ਹਾਕਮ ਸਿੰਘ ਨੇ ਉਨ੍ਹਾਂ ਦੀ ਸੰਸਥਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਆਪਣੇ ਵਕੀਲ ਆਰਐਨ ਓਝਾ ਰਾਹੀਂ ਨਾਇਕ ਹਾਕਮ ਸਿੰਘ ਦਾ ਕੇਸ ਲੜਿਆ। ਆਰਮਡ ਫੋਰਸਜ਼ ਟ੍ਰਿਬਿਊਨਲ ਚੰਡੀਗੜ੍ਹ ਵੱਲੋਂ ਉਸ ਨੂੰ 31 ਸਾਲ ਬਾਅਦ ਪੈਨਸ਼ਨ ਦੇਣਾ ਦਾ ਫੈਸਲਾ ਕੀਤਾ ਗਿਆ ਹੈ। ਹੁਣ ਹਾਕਮ ਸਿੰਘ ਨੂੰ 1987 ਤੋਂ ਹੀ ਪੈਨਸ਼ਨ ਦਾ ਲਾਭ, 1996 ਤੋਂ 50 ਫੀਸਦੀ ਅੰਗਹੀਣਤਾ ਪੈਨਸ਼ਨ, ਮੈਡੀਕਲ ਸਹੂਲਤਾਂ, 6 ਸਾਲ ਦਾ ਏਰੀਅਰ, ਕੰਟੀਨ ਤੇ ਸਾਬਕਾ ਫੌਜੀਆਂ ਨੂੰ ਮਿਲਦੀਆਂ ਸਾਰੀਆਂ ਸਹੂਲਤਾਂ ਮਿਲਣਗੀਆਂ।