ਖਟਕੜ ਕਲਾਂ: ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਹੀਦ ਦਾ ਦਰਜਾ ਦਵਾਉਣ ਲਈ ਜ਼ਬਰ ਵਿਰੋਧੀ ਕਮੇਟੀ ਦੇ 10 ਮੈਂਬਰ ਬੀਤੀ ਤਿੰਨ ਮਈ ਤੋਂ ਖਟਕੜ ਕਲਾਂ ‘ਚ ਧਰਨੇ ‘ਤੇ ਬੈਠੇ ਹਨ। ਇਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਹੀਦ ਦਾ ਦਰਜਾ ਦੇਵੇ ਤੇ 23 ਮਾਰਚ ਨੂੰ ਸਮੁੱਚੇ ਭਾਰਤ ‘ਚ ਕੇਂਦਰੀ ਛੁੱਟੀ ਐਲਾਨੀ ਜਾਵੇ। ਅਜੇ ਤੱਕ ਕਿਸੇ ਮੰਤਰੀ ਵੱਲੋਂ ਉਨ੍ਹਾਂ ਦੀ ਸਾਰ ਨਾ ਲਏ ਜਾਣ ‘ਤੇ ਜ਼ਬਰ ਵਿਰੋਧੀ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਭਾਰਟਾ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ‘ਤੇ ਬਹਿ ਗਏ।
ਦੂਜੇ ਪਾਸੇ ਅੱਜ ਧਰਨੇ ‘ਚ ਸ਼ਾਮਲ ਹੋਣ ਲਈ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਕਮੇਟੀ ਮੈਂਬਰਾ ਨੂੰ ਭਰੋਸਾ ਦਵਾਇਆ ਕਿ ਉਹ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖਣਗੇ। ਇਸ ਮੌਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਇਕ ਪਾਸੇ ਕੈਪਟਨ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਜਦਕਿ ਦੂਜੇ ਪਾਸੇ ਬਿਨਾਂ ਲੋੜ ਤੋਂ ਓਐਸਡੀ ਤੇ ਐਡਵਾਈਜ਼ਰਾਂ ਦੀ ਫੌਜ ਖੜ੍ਹੀ ਕੀਤੀ ਜਾ ਰਹੀ ਹੈ ਜਿਸ ਦਾ ਸਿੱਧਾ ਭਾਰ ਪੰਜਾਬ ਦੀ ਜਨਤਾ ਤੇ ਪੈ ਰਿਹਾ ਹੈ।
ਸ਼ਾਹਕੋਟ ਜ਼ਿਮਨੀ ਚੋਣ ਬਾਰੇ ਬੋਲਦਿਆਂ ਖਹਿਰਾ ਨੇ ਕਿਹਾ ਕਿ ਚੋਣ ਕਮਿਸ਼ਨ ਦੀ ਕਾਰਵਾਈ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਐਸਐਚਓ ਬਾਜਵਾ ‘ਤੇ ਕਾਰਵਾਈ ਹੋਈ ਜਦਕਿ ਕਾਂਗਰਸ ਉਮਾਦਵਾਰ ਲਾਡੀ ਸ਼ੇਰੋਵਾਲੀਆ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਹੀ ਜਲੰਧਰ ਦੇ ਐਸਐਸਪੀ ਦਾ ਤਬਾਦਲਾ ਕੀਤਾ ਗਿਆ। ਖਹਿਰਾ ਨੇ ਕਿਹਾ ਕਿ ਪੰਜਾਬ ਪੁਲਿਸ ਵੀ ਕੈਪਟਨ ਦੀ ਮਰਜ਼ੀ ਨਾਲ ਚੱਲ ਰਹੀ ਹੈ।