ਚੰਡੀਗੜ੍ਹ: ਨੋਟਬੰਦੀ ਵੱਡਾ ਸਿਆਸੀ ਮੁੱਦਾ ਰਹੀ ਹੈ। ਕਾਂਗਰਸ ਪਾਰਟੀ ਇਸ ਨੂੰ ਮੋਦੀ ਸਰਕਾਰ ਖ਼ਿਲਾਫ਼ ਹਥਿਆਰ ਵਾਂਗ ਵਰਤਦੀ ਰਹੀ ਹੈ। ਨੋਟਬੰਦੀ ਇੰਨੀ ਚਰਚਾ ‘ਚ ਰਹੀ ਕਿ ਇਸ ‘ਤੇ ਗਾਣੇ ਤੇ ਫ਼ਿਲਮ ਤੱਕ ਬਣਨੀਆਂ ਸ਼ੁਰੂ ਹੋ ਗਈਆਂ। ਪੰਜਾਬ ਚ ਕੱਲ੍ਹ ਨੂੰ ਪੰਜਾਬੀ ਫ਼ਿਲਮ “ਗੋਲਕ, ਬੁਗਨੀ, ਬੈਂਕ ਤੇ ਬਟੂਆ” ਰਲੀਜ਼ ਹੋਣ ਜਾ ਰਹੀ ਹੈ। ਸੂਤਰਾਂ ਮੁਤਾਬਕ ਮੋਦੀ ਸਰਕਾਰ ਦੀ ਅਗਵਾਈ ਵਾਲੇ ਸੈਂਸਰ ਬੋਰਡ ਨੇ ਨੋਟਬੰਦੀ ‘ਤੇ ਤਿੱਖਾ ਵਿਅੰਗ ਕਰਦੇ ਕਈ ਦ੍ਰਿਸ਼ ਕੱਟ ਦਿੱਤੇ ਹਨ। ਇਨ੍ਹਾਂ ਦ੍ਰਿਸ਼ਾਂ ‘ਚ ਕਾਮੇਡੀ ਜ਼ਰੀਏ ਮੋਦੀ ਸਰਕਾਰ ਤੇ ਵਿਅੰਗ ਕਸੇ ਗਏ ਸਨ। ਸੂਤਰਾਂ ਦਾ ਕਹਿਣਾ ਹੈ ਕਿ ਸੈਂਸਰ ਬੋਰਡ ਨਿਰਦੇਸ਼ਕ ਦੀਆਂ ਦਲੀਲਾਂ ਦੇ ਬਾਵਜੂਦ ਨਹੀਂ ਮੰਨਿਆ। ਅਜਿਹੇ ‘ਚ ਫ਼ਿਲਮ ਨਾਲਾਂ ਜੁੜੀ ਟੀਮ ਦੀ ਸਰਕਾਰ ਤੇ ਸੈਂਸਰ ਬੋਰਡ ਪ੍ਰਤੀ ਵੱਡੀ ਨਾਰਾਜ਼ਗੀ ਹੈ।
ਕਲਾਕਾਰਾਂ ਵੱਲੋਂ ਤਰਕ ਦਿਤਾ ਜਾ ਰਿਹਾ ਕਿ ਇੱਕ ਪਾਸੇ ਬੀਜੇਪੀ ਅਨੁਪਮ ਖੇਰ ਤੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਖਿਲਾਫ ਫ਼ਿਲਮ ਬਣਵਾ ਕੇ ਕਾਂਗਰਸ ਦੇ ਰਾਜ ‘ਤੇ ਸਿੱਧਾ ਸਿਆਸੀ ਤੰਜ਼ ਕੱਸ ਰਹੀ ਹੈ ਤੇ ਦੂਜੇ ਪਾਸੇ ਮੋਦੀ ਸਰਕਾਰ ਨੂੰ ਫ਼ਿਲਮਾਂ ‘ਚ ਨੋਟਬੰਦੀ ਬਾਰੇ ਵਿਅੰਗ ਵੀ ਪਸੰਦ ਹਨ। ਕਲਾ ਨਾਲ ਜੁੜੇ ਲੋਕ ਮੰਨਦੇ ਹਨ ਕਿ ਮੋਦੀ ਸਰਕਾਰ ਆਉਣ ਤੋਂ ਬਾਅਦ ਕਲਾ ਤੇ ਵੀ ਅਸਿੱਧੇ ਢੰਗ ਨਾਲ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਕਲਾਕਾਰਾਂ ਦੀ ਆਜ਼ਾਦੀ ਭੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਲਾ ਦੀ ਆਜ਼ਾਦੀ ਤੇ ਹੋ ਰਹੇ ਹਮਲੇ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ।