ਅੰਮ੍ਰਿਤਸਰ: ਆਰਥਕ ਤੰਗੀ ਨਾਲ ਜੂਝ ਰਹੀ ਪੰਜਾਬ ਸਰਕਾਰ ਹੁਣ ਗਲੀਆਂ ਵਿੱਚ ਖੜ੍ਹਣ ਵਾਲੀਆਂ ਕਾਰਾਂ ਨੂੰ ਆਪਣੀ ਆਮਦਨ ਦਾ ਸਾਧਨ ਬਣਾਉਣ ਦੀ ਤਿਆਰੀ ਵਿੱਚ ਹੈ। ਦਰਅਸਲ, ਅੰਮ੍ਰਿਤਸਰ ਨਗਰ ਨਿਗਮ ਘਰਾਂ ਦੇ ਬਾਹਰ ਖੜ੍ਹੀਆਂ ਕਾਰਾਂ ਤੋਂ ਪਾਰਕਿੰਗ ਫੀਸ ਵਸੂਲਣ ਦੀ ਤਿਆਰੀ ਵਿੱਚ ਹੈ। ਛੇਤੀ ਹੀ ਇਸ ਸਬੰਧ ਨੋਟੀਫਿਕੇਸ਼ਨ ਵੀ ਜਾਰੀ ਹੋਵੇਗਾ।
ਜੇਕਰ ਘਰ ਵਿੱਚ ਆਪਣੀ ਕਾਰ ਖੜ੍ਹੀ ਕਰਨ ਨੂੰ ਜਗ੍ਹਾ ਨਹੀਂ, ਤਾਂ ਇਹ ਆਵਾਜਾਈ ਦਾ ਸਾਧਨ ਲੋਕਾਂ ਲਈ ਮੁਸੀਬਤ ਬਣਨ ਜਾ ਰਿਹਾ ਹੈ। ਸਰਕਾਰ ਨੇ ਇਸ ‘ਤੇ ਟੈਕਸ ਲਾਉਣ ਦੀ ਪੂਰੀ ਯੋਜਨਾ ਉਲੀਕ ਲਈ ਹੈ। ਆਪਣੇ ਲੀਡਰਾਂ ਨੂੰ ਇਸ ਦਾ ਗੁਣਗਾਣ ਕਰਨ ਵੀ ਲਾ ਦਿੱਤਾ ਹੈ।
ਜੇਕਰ ਆਮ ਲੋਕਾਂ ਦੀ ਗੱਲ ਕਰੀਏ ਤਾਂ ਉਹ ਇਸ ਨੂੰ ‘ਗੁੰਡਾ ਟੈਕਸ’ ਦਾ ਨਾਂ ਦੇ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ‘ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ। ਉੱਥੇ ਹੀ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਗਲ਼ੀਆਂ ਵਿੱਚ ਕਾਰਾਂ ਖੜ੍ਹੀਆਂ ਹੋਣ ਕਾਰਨ ਸੈਲਾਨੀਆਂ ਨੂੰ ਕਾਫੀ ਦਿੱਕਤ ਆਉਂਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਪਾਰਕਿੰਗ ਤੋਂ ਮੁਕਤ ਰੱਖਣਾ ਵਧੀਆ ਕਦਮ ਹੈ। ਮੇਅਰ ਮੁਤਾਬਕ ਨਗਰ ਨਿਗਮ ਦੀਆਂ ਕਈ ਪਾਰਕਿੰਗ ਹਾਲੇ ਉਸਾਰੀ ਅਧੀਨ ਹਨ।
ਜੇਕਰ ਇਹ ਟੈਕਸ ਲਾਇਆ ਜਾਂਦਾ ਹੈ ਤਾਂ ਲੋਕਾਂ ਨੂੰ ਉਨ੍ਹਾਂ ਪਾਰਕਿੰਗ ਵਿੱਚ ਵੀ ਫੀਸ ਦੇਣੀ ਪੈ ਸਕਦੀ ਹੈ। ਇਸ ਤੋਂ ਭਾਵ ਕਿ ਉਹ ਘਰ ਦੇ ਬਾਹਰ ਵੀ ਪਾਰਕਿੰਗ ਪਰਚੀ ਕਟਵਾਉਣਗੇ ਤੇ ਪਾਰਕਿੰਗ ਵਾਲੀ ਥਾਂ ‘ਤੇ ਵੀ। ਫਿਲਹਾਲ ਲੋਕਾਂ ਵਿੱਚ ਇਸ ਸਰਕਾਰੀ ਫੁਰਮਾਨ ਵਿਰੁੱਧ ਕਾਫੀ ਰੋਸ ਹੈ।