ਬੀਜਿੰਗ -ਚੀਨ ਨੇ ਅੱਜ ਕਿਹਾ ਕਿ ਹਾਂਗਕਾਂਗ ਭਾਰਤ ਦੇ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਨੂੰ ਗਿ੍ਫ਼ਤਾਰ ਕਰਨ ਬਾਰੇ ਭਾਰਤ ਦੀ ਬੇਨਤੀ ਸਵੀਕਾਰ ਕਰਨ ਲਈ ਸਥਾਨਕ ਕਾਨੂੰਨਾਂ ਅਤੇ ਆਪਸੀ ਨਿਆਂਇਕ ਸਹਾਇਤਾ ਸਮਝੌਤਿਆਂ ਦੇ ਆਧਾਰ ‘ਤੇ ਫ਼ੈਸਲਾ ਲੈ ਸਕਦਾ ਹੈ | ਭਾਰਤ ਦੇ ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ ਨੇ ਪਿਛਲੇ ਹਫਤੇ ਸੰਸਦ ਨੂੰ ਦੱਸਿਆ ਸੀ ਕਿ ਮੰਤਰਾਲੇ ਨੇ ਹਾਂਗਕਾਂਗ ਵਿਸ਼ੇਸ਼ ਪ੍ਰਸ਼ਾਸਕੀ ਖੇਤਰ ਦੀ ਸਰਕਾਰ ਤੋਂ ਨੀਰਵ ਮੋਦੀ ਦੀ ਗਿ੍ਫ਼ਤਾਰੀ ਦੀ ਮੰਗ ਕੀਤੀ ਹੈ | ਭਾਰਤ ਦੀ ਬੇਨਤੀ ਬਾਰੇ ਪੁੱਛੇ ਜਾਣ ‘ਤੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸੁਆਂਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਕ ਦੇਸ਼ ਦੋ ਪ੍ਰਣਾਲੀਆਂ ਅਤੇ ਹਾਂਗਕਾਂਗ ਦੇ ਸਥਾਨਕ ਕਾਨੂੰਨਾਂ ਮੁਤਾਬਿਕ ਹਾਂਗਕਾਂਗ ਦੂਸਰੇ ਦੇਸ਼ਾਂ ਨਾਲ ਆਪਸੀ ਨਿਆਂਇਕ ਸਮਝੌਤੇ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਭਾਰਤ ਬੇਨਤੀ ਕਰਦਾ ਹੈ ਤਾਂ ਸਾਨੂੰ ਵਿਸ਼ਵਾਸ ਹੈ ਕਿ ਹਾਂਗਕਾਂਗ ਸਥਾਨਕ ਕਾਨੂੰਨਾਂ ਅਤੇ ਯੋਗ ਨਿਆਂਇਕ ਸਮਝੌਤਿਆਂ ਤਹਿਤ ਕਾਰਵਾਈ ਕਰੇਗਾ | ਮੋਦੀ ਜਿਸ ਨੇ ਪੰਜਾਬ ਨੈਸ਼ਨਲ ਬੈਂਕ ਨਾਲ 12700 ਕਰੋੜ ਦਾ ਘੁਟਾਲਾ ਕੀਤਾ ਬਾਰੇ ਹਾਂਗਕਾਂਗ ਵਿਚ ਛੁਪੇ ਹੋਣ ਦੀ ਖ਼ਬਰ ਹੈ |