ਏਅਰਟੈੱਲ ਪੇਮੈਂਟਸ ਬੈਂਕ ਤੇ 5 ਕਰੋੜ ਦਾ ਜ਼ੁਰਮਾਨਾ

0
334

ਮੁੰਬਈ—ਭਾਰਤੀ ਰਿਜ਼ਰਵ ਬੈਂਕ ਨੇ ਸੰਚਾਲਨ ਦਿਸ਼ਾ-ਨਿਰਦੇਸ਼ ਅਤੇ ਆਪਣੇ ਗਾਹਕ ਨੂੰ ਜਾਣੋ (ਕੇ.ਵਾਈ.ਈ.ਸੀ.) ਨਿਯਮਾਂ ਦਾ ਉਲੰਘਣ ਕਰਨ ਲਈ ਏਅਰਟੈੱਲ ਪੇਮੈਂਟਸ ਬੈਂਕ ‘ਤੇ 5 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਰਿਜ਼ਰਵ ਬੈਂਕ ਨੇ ਕੰਪਨੀ ‘ਤੇ ਇਹ ਜ਼ੁਰਮਾਨਾ ਬੈਂਕ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਦੇ ਬਾਅਦ ਲਗਾਇਆ ਹੈ। ਉਸ ਨੇ ਪਾਇਆ ਕਿ ਗਾਹਕਾਂ ਵਲੋਂ ਬਿਨ੍ਹਾਂ ਕਿਸੇ ਸਪੱਸ਼ਟ ਰਜਾਮੰਦੀ ਦੇ ਲੋਕਾਂ ਦੇ ਖਾਤੇ ਖੋਲ੍ਹੇ ਗਏ।

 ਕੇਂਦਰੀ ਬੈਂਕ ਨੇ ਇਕ ਬਿਆਨ ‘ਚ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ 7 ਮਾਰਚ 2018 ਨੂੰ ਏਅਰਟੈੱਲ ਪੇਮੈਂਟਸ ਬੈਂਕ ਲਿਮਟਿਡ ‘ਤੇ 5 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਉਸ ‘ਤੇ ਇਹ ਜ਼ੁਰਮਾਨਾ ਕੇਂਦਰੀ ਬੈਂਕ ਵਲੋਂ ਜਾਰੀ ਕੀਤੇ ਗਏ ਕੇ.ਵਾਈ.ਸੀ. ਨਿਯਮਾਂ ਅਤੇ ਪੇਮੈਂਟਸ ਬੈਂਕ ਸੰਚਾਲਨ ਦੇ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਕਰਨ ਕਾਰਨ ਲਗਾਇਆ ਗਿਆ ਹੈ। ਗਾਹਕਾਂ ਦੀ ਸ਼ਿਕਾਇਤ ਸੀ ਕਿ ਉਨ੍ਹਾਂ ਦੀ ਬਿਨ੍ਹਾਂ ਕਿਸੇ ਰਜਾਮੰਦੀ ਦੇ ਏਅਰਟੈੱਲ ਪੇਮੈਂਟਸ ਬੈਂਕ ਨੇ ਉਨ੍ਹਾਂ ਦੇ ਖਾਤੇ ਖੋਲ੍ਹੇ। ਏਅਰਟੈੱਲ ਦੇ ਗਾਹਕਾਂ ਨੇ ਜਦੋਂ ਆਪਣੇ ਆਧਾਰ ਨੂੰ ਸਿਮ ਨਾਲ ਜੋੜਿਆ ਤਾਂ ਉਨ੍ਹਾਂ ਦਾ ਪੇਮੈਂਟਸ ਬੈਂਕ ‘ਚ ਖਾਤਾ ਖੋਲ੍ਹਦਿੱਤਾ ਗਿਆ।
ਇਸ ਨੂੰ ਲੈ ਕੇ ਮੀਡੀਆ ‘ਚ ਵੀ ਖਬਰਾਂ ਸਨ ਜਿਸ ‘ਤੇ ਰਿਜ਼ਰਵ ਬੈਂਕ ਨੇ 20-22 ਨਵੰਬਰ 2017 ਨੂੰ ਬੈਂਕ ਦਾ ਨਿਗਰਾਨੀ ਦੌਰਾ ਕੀਤਾ। ਨਿਗਰਾਨੀ ਰਿਪੋਰਟ ਮੁਤਾਬਕ ਬੈਂਕ ਦੇ ਦਸਤਾਵੇਜ਼ਾਂ ‘ਚ ਪਾਇਆ ਗਿਆ ਕਿ ਉਸ ਨੇ ਕੇ.ਵਾਈ.ਸੀ. ਨਿਯਮਾਂ ਅਤੇ ਭੁਗਤਾਨ ਬੈਂਕ ਸੰਚਾਲਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਨਹੀਂ ਮੰਨਿਆ। ਇਸ ਤੋਂ ਬਾਅਦ ਰਿਜ਼ਰਵ ਬੈਂਕ ਨੇ 15 ਜਨਵਰੀ ਨੂੰ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਅਤੇ ਬੈਂਕ ਦੇ ਜਵਾਬ ਦਾ ਮੁਲਾਂਕਣ ਕਰਨ ਤੋਂ ਬਾਅਦ ਉਸ ‘ਤੇ ਇਹ ਜ਼ੁਰਮਾਨਾ ਲਗਾਉਣ ਦਾ ਫੈਸਲਾ ਕੀਤਾ। ਏਅਰਟੈੱਲ ਪੇਮੈਂਟਸ ਬੈਂਕ ਨੇ ਪਿਛਲੇ ਸਾਲ ਜਨਵਰੀ ‘ਚ ਸੰਚਾਲਨ ਸ਼ੁਰੂ ਕੀਤਾ ਸੀ।