ਹੁਣ ਪੰਜਾਬ ਤੋਂ ਇਗਲੈਡ ਲਈ ਹੋਵੇਗੀ ਸਿੱਧੀ ਉਡਾਣ

0
435

ਨਵੀਂ ਦਿੱਲੀ— ਪੰਜਾਬ ਦੇ ਲੋਕਾਂ ਨੂੰ ਜਲਦ ਇਕ ਹੋਰ ਨਵੀਂ ਖੁਸ਼ਖਬਰੀ ਮਿਲਣ ਵਾਲੀ ਹੈ। ਏਅਰ ਇੰਡੀਆ ਨੇ ਅੰਮ੍ਰਿਤਸਰ ਅਤੇ ਬਰਮਿੰਘਮ ਵਿਚਕਾਰ ਸਿੱਧੀ ਉਡਾਣ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਨਵੀਂ ਉਡਾਣ ਹਫਤੇ ‘ਚ ਦੋ ਵਾਰ ਉਪਲੱਬਧ ਹੋਵੇਗੀ, ਮੰਗਲਵਾਰ ਅਤੇ ਵੀਰਵਾਰ ਨੂੰ ਅਤੇ ਏਅਰ ਇੰਡੀਆ ਇਹ ਸੇਵਾ ਬੋਇੰਗ-787 ਡ੍ਰੀਮਲਾਈਨਰ ਜਹਾਜ਼ ਜ਼ਰੀਏ ਦੇਵੇਗੀ। ਜਾਣਕਾਰੀ ਮੁਤਾਬਕ ਇਹ ਸੇਵਾ 20 ਫਰਵਰੀ ਤੋਂ ਸ਼ੁਰੂ ਹੋਵੇਗੀ। ਏਅਰਲਾਈਨ ਨੇ ਕਿਹਾ ਕਿ ਇਹ ਪਹਿਲੀ ਸਿੱਧੀ ਹਵਾਈ ਉਡਾਣ ਹੈ, ਜੋ ਪੰਜਾਬ ਅਤੇ ਯੂ. ਕੇ. ਵਿਚਕਾਰ ਕਿਸੇ ਏਅਰਲਾਈਨ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ। ਏਅਰ ਇੰਡੀਆ ਅੰਮ੍ਰਿਤਸਰ ਅਤੇ ਲੰਡਨ ਵਿਚਕਾਰ ਦੋ ਰੋਜ਼ਾਨਾ ਉਡਾਣਾਂ ਦਾ ਸੰਚਾਲਨ ਕਰਦੀ ਹੈ ਪਰ ਇਹ ਦਿੱਲੀ ਰਾਹੀਂ ਚੱਲਦੀਆਂ ਹਨ।

ਨਵੀਂ ਉਡਾਣ ਦਿੱਲੀ-ਅੰਮ੍ਰਿਤਸਰ-ਬਰਮਿੰਘਮ ਅਤੇ ਬਰਮਿੰਘਮ-ਅੰਮ੍ਰਿਤਸਰ-ਦਿੱਲੀ ਮਾਰਗ ‘ਤੇ ਚੱਲੇਗੀ। ਦਿੱਲੀ ਤੋਂ ਏ. ਆਈ.-117 11.20 ਵਜੇ ਉਡਾਣ ਭਰੇਗਾ ਅਤੇ 12.25 ਵਜੇ ਅੰਮ੍ਰਿਤਸਰ ਪਹੁੰਚੇਗਾ। ਇਸ ਦੇ ਬਾਅਦ ਇਹ ਉਡਾਣ 13.55 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਯੂ. ਕੇ. ਦੇ ਸਥਾਨਕ ਸਮੇਂ ਅਨੁਸਾਰ 17.15 ਵਜੇ ਬਰਮਿੰਘਮ ਪਹੁੰਚੇਗੀ। ਉੱਥੇ ਹੀ ਵਾਪਸੀ ਉਡਾਣ ਏ. ਆਈ.-118 ਬਰਮਿੰਘਮ ਤੋਂ 18.45 ‘ਤੇ ਚੱਲੇਗੀ ਅਤੇ ਅਗਲੇ ਦਿਨ ਸਵੇਰੇ 7.45 ‘ਤੇ ਅੰਮ੍ਰਿਤਸਰ ਪਹੁੰਚੇਗੀ। ਇਹ ਉਡਾਣ ਫਿਰ ਦਿੱਲੀ ਲਈ 9.15 ਵਜੇ ਰਵਾਨਾ ਹੋ ਜਾਵੇਗੀ ਅਤੇ 10.30 ਵਜੇ ਤਕ ਉੱਥੇ ਪਹੁੰਚੇਗੀ। ਏਅਰਲਾਈਨ ਨੇ ਬਿਆਨ ‘ਚ ਕਿਹਾ ਕਿ ਅੰਮ੍ਰਿਤਸਰ ਅਤੇ ਬਰਮਿੰਘਮ ਵਿਚਕਾਰ ਇਹ ਸਿੱਧੀ ਉਡਾਣ ਨਾ ਸਿਰਫ ਲੋਕਾਂ ਨੂੰ ਪਵਿੱਤਰ ਨਗਰੀ ਨਾਲ ਜੋੜੇਗੀ ਸਗੋਂ ਨਾਲ ਹੀ ਸੈਰ-ਸਪਾਟਾ ਅਤੇ ਵਪਾਰਕ ਸੰਬੰਧ ਵੀ ਵਿਕਸਤ ਹੋਣਗੇ।