ਵਿਸਾਖੀ ‘ਤੇ ਆਮ ਆਦਮ ਪਾਰਟੀ ਦਾ ਹੋਵੇਗਾ ਵੱਖਰਾ ਅੰਦਾਜ਼

0
460

ਚੰਡੀਗੜ੍ਹ: ਆਮ ਆਦਮ ਪਾਰਟੀ ਵਿਸਾਖੀ ਦੇ ਇਤਿਹਾਸਕ ਦਿਹਾੜੇ ਮੌਕੇ ਸ੍ਰੀ ਦਮਦਮਾ ਸਾਹਿਬ ਵਿਖੇ ਵਿਲੱਖਣ ਪਹਿਲ ਕਰਨ ਜਾ ਰਹੀ ਹੈ। ਦੂਜੀਆਂ ਸਿਆਸੀ ਪਾਰਟੀਆਂ ਤੋਂ ਉਲਟ ‘ਆਪ’ ਕੋਈ ਕਾਨਫਰੰਸ ਨਹੀਂ ਕਰੇਗੀ ਸਗੋਂ ਲੋਕ ਸੇਵਾ ਕਰਕੇ ਵਿਲੱਖਣ ਸੰਦੇਸ਼ ਦੇਵੇਗੀ।

‘ਆਪ’ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਸੰਗਤਾਂ ਲਈ ਮੈਡੀਕਲ ਕੈਂਪ, ਛਬੀਲਾਂ ਦੀ ਸੇਵਾ ਤੇ ਸਾਫ਼ ਸਫ਼ਾਈ ਲਈ ਝਾੜੂ ਚਲਾ ਕੇ ‘ਸੇਵਾ ਦਾ ਸੰਦੇਸ਼’ ਦੇਵੇਗੀ। ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਵੀਰ ਸਿੰਘ ਨੇ ਦੱਸਿਆ ਕਿ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਤੇ ਵਲੰਟੀਅਰ ਸਭ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣਗੇ ਤੇ ਪੰਜਾਬ ਦੀ ਚੜ੍ਹਦੀਕਲਾ ਲਈ ਅਰਦਾਸ ਕਰ ਕੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿਖਾਏ ਮਾਰਗ ‘ਤੇ ਚੱਲਣ ਦਾ ਪ੍ਰਣ ਲੈਣਗੇ।

ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਸ਼ਰਧਾ ਦੀ ਕਦਰ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਸਿਧਾਂਤਕ ਤੌਰ ‘ਤੇ ਫ਼ੈਸਲਾ ਲਿਆ ਹੈ ਕਿ ਪਾਰਟੀ ਪਵਿੱਤਰ ਦਿਹਾੜਿਆਂ ਉੱਪਰ ਧਾਰਮਿਕ ਸਥਾਨਾਂ ‘ਤੇ ਸਿਆਸੀ ਕਾਨਫ਼ਰੰਸਾਂ ਨਹੀਂ ਕਰੇਗੀ ਪਰ ਅੱਜ ਤਲਵੰਡੀ ਸਾਬੋ ਵਿਖੇ ਹੋਈ ਬੈਠਕ ਦੌਰਾਨ ਪਾਰਟੀ ਵਲੰਟੀਅਰਾਂ ਤੇ ਆਗੂਆਂ ਦੇ ਸਲਾਹ-ਮਸ਼ਵਰਾ ਉਪਰੰਤ ਪਾਰਟੀ ਨੇ ਖ਼ਾਲਸੇ ਦੇ ਜਨਮ ਦਿਹਾੜੇ ਤੇ ਵਿਸਾਖੀ ਮੌਕੇ ਨਿਵੇਕਲੇ ਅੰਦਾਜ਼ ‘ਚ ‘ਸੇਵਾ ਦਾ ਸੰਦੇਸ਼’ ਖ਼ੁਦ ਸੇਵਾ ਕਰਕੇ ਦੇਣ ਦਾ ਫ਼ੈਸਲਾ ਲਿਆ ਹੈ।

ਡਾ. ਬਲਵੀਰ ਸਿੰਘ ਨੇ ਦੱਸਿਆ ਕਿ ਪਵਿੱਤਰ ਦਿਹਾੜਿਆਂ ‘ਤੇ ਸਿਆਸੀ ਕਾਨਫ਼ਰੰਸਾਂ ਦੌਰਾਨ ਇੱਕ ਦੂਸਰੇ ਉੱਪਰ ਹੁੰਦੀ ਦੂਸ਼ਣਬਾਜ਼ੀ ਸੰਗਤਾਂ ਦੀ ਆਸਥਾ ‘ਤੇ ਸੱਟ ਮਾਰਦੀ ਹੈ। ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਗ਼ਰੀਬਾਂ ਮਜਲੂਮਾਂ ਤੇ ਦੱਬੇ ਕੁਚਲੇ ਲੋਕਾਂ ਨੂੰ ਜਬਰ ਜ਼ੁਲਮ ਖ਼ਿਲਾਫ਼ ਡਟਣ ਦਾ ਬਲ ਬਖ਼ਸ਼ਿਆ ਹੈ। ਆਮ ਆਦਮੀ ਪਾਰਟੀ ਉਨ੍ਹਾਂ ਦੇ ਦਿਖਾਏ ਮਾਰਗ ‘ਤੇ ਚੱਲਦੀ ਹੋਈ ਪੰਜਾਬ ‘ਚ ਫੈਲੇ ਭ੍ਰਿਸ਼ਟਾਚਾਰ ਮਾਫ਼ੀਆ ਰਾਜ, ਧੋਖੇ ਤੇ ਧੱਕੇਸ਼ਾਹੀਆਂ ਖ਼ਿਲਾਫ਼ ਫ਼ੈਸਲਾਕੁਨ ਲੜਾਈ ਦਾ ਅਹਿਦ ਲਵੇਗੀ।

ਪਾਰਟੀ ਪੰਜਾਬ ਸਰਕਾਰ ਤੋਂ ਨਸ਼ਿਆਂ ਵਿਰੁੱਧ ਐਸਟੀਐਫ ਦੀ ਰਿਪੋਰਟ ਲਾਗੂ ਕਰਨ ਲਈ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ਼ੀ ਤੇ ਆਤਮ ਹੱਤਿਆ ਪੀੜਤ ਕਿਸਾਨ ਪਰਿਵਾਰਾਂ ਨੂੰ ਵਿਧਾਨ ਸਭਾ ਕਮੇਟੀ ਦੀ ਰਿਪੋਰਟ ਮੁਤਾਬਕ ਫ਼ੌਰੀ ਵਿੱਤੀ ਮਦਦ, ਚਿੱਟ ਫ਼ੰਡ ਕੰਪਨੀਆਂ ਦੀ ਲੁੱਟ-ਖਸੁੱਟ ਤੇ ਬੇਹਾਲੀ-ਬੇਰੋਜਗਾਰੀ ਕਾਰਨ ਇਰਾਕ ਵਰਗੇ ਦੇਸ਼ਾਂ ‘ਚ ਜਾਨਾਂ ਗੁਆ ਰੇਹ ਨੌਜਵਾਨਾਂ ਬਾਰੇ ਜਵਾਬ ਮੰਗਿਆ ਜਾਵੇਗਾ।