ਨਵੀਂ ਦਿੱਲੀ: ਬਿਹਾਰ ਦੇਸ਼ ਦੇ ਗਰੀਬ ਸੂਬਿਆਂ ਵਿੱਚੋਂ ਇੱਕ ਹੈ ਪਰ ਇੱਥੋਂ ਦੇ ਮੰਤਰੀ ਕਰੋੜਪਤੀ ਹਨ। ਬਿਹਾਰ ਵਿੱਚ ਨੀਤੀਸ਼ ਕੁਮਾਰ ਦੇ 28 ਵਿੱਚੋਂ 22 ਮੰਤਰੀ ਅਜਿਹੇ ਹਨ ਜੋ ਕਰੋੜਪਤੀ ਹਨ। ਖੁਦ ਮੁੱਖ ਮੰਤਰੀ ਨੀਤੀਸ਼ ਕੁਮਾਰ ਤੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਵੀ ਕਰੋੜਪਤੀ ਹਨ। ਜ਼ਾਇਦਾਦ ਦੇ ਸਲਾਨਾ ਐਲਾਨ ਵਿੱਚ ਇਹ ਗੱਲ ਸਾਹਮਣੇ ਆਈ ਹੈ। ਖਾਸ ਗੱਲ ਇਹ ਹੈ ਕਿ ਸੀਐਮ ਨੀਤੀਸ਼ ਕੁਮਾਰ ਦੇ ਕੋਲ ਆਪਣੇ ਬੇਟੇ ਤੋਂ ਘੱਟ ਜ਼ਾਇਦਾਦ ਹੈ ਉੱਥੇ ਹੀ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਜਾਇਦਾਦ ਦੇ ਮਾਮਲੇ ਵਿੱਚ ਆਪਣੀ ਪਤਨੀ ਤੋਂ ਪਿੱਛੇ ਹਨ।
ਜਾਇਦਾਦ ਦੇ ਐਲਾਨ ਮੁਤਾਬਕ ਨੀਤੀਸ਼ ਕੈਬਨਿਟ ਵਿੱਚ ਭਾਜਪਾ ਦੇ ਸੁਰੇਸ਼ ਕੁਮਾਰ ਸ਼ਰਮਾ ਸਭ ਤੋਂ ਅਮੀਰ ਮੰਤਰੀ ਹਨ। ਸੁਰੇਸ਼ ਕੁਮਾਰ ਸ਼ਰਮਾ ਕੋਲ 10 ਕਰੋੜ ਤੋਂ ਵਧੇਰੇ ਜਾਇਦਾਦ ਹੈ। ਸੁਰੇਸ਼ ਕੁਮਾਰ ਸ਼ਰਮਾ ਬਿਹਾਰ ਦੇ ਸ਼ਹਿਰੀ ਵਿਕਾਸ ਮੰਤਰੀ ਹਨ। ਨੀਤੀਸ਼ ਸਰਕਾਰ ਦੇ ਮੰਤਰੀ ਤੇ ਭਾਜਪਾ ਵਿਧਾਇਕ ਰਾਣਾ ਰਣਧੀਰ ਦੇ ਕੋਲ ਸਭ ਤੋਂ ਘੱਟ 23.10 ਲੱਖ ਦੀ ਜਾਇਦਾਦ ਹੈ। ਇੰਨਾ ਹੀ ਨਹੀਂ ਬਿਹਾਰ ਦੇ ਮੰਤਰੀਆਂ ਕੋਲ ਹਥਿਆਰ ਵੀ ਹਨ। ਨੀਤੀਸ਼ ਕੁਮਾਰ ਦੇ 6 ਮੰਤਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਲਾਇਸੈਂਸ ਵਾਲੇ ਹਥਿਆਰ ਹਨ।
ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਸਾਲ 2011 ਵਿੱਚ ਹੀ ਸਾਰਿਆਂ ਮੰਤਰੀਆਂ ਦਾ ਸਾਲਾਨਾ ਬਿਊਰਾ ਲਾਜ਼ਮੀ ਕੀਤਾ ਸੀ। ਮੁੱਖ ਮੰਤਰੀ ਨੀਤੀਸ਼ ਕੁਮਾਰ ਕੋਲ 57 ਲੱਖ ਰੁਪਏ ਦੀ ਪ੍ਰਾਈਵੇਟ ਪ੍ਰਾਪਰਟੀ ਹੈ। ਇਸ ਵਿੱਚ ਦਿੱਲੀ ਦੇ ਦਵਾਰਕਾ ਸਥਿਤ ਇੱਕ ਫਲੈਟ ਵੀ ਸ਼ਾਮਲ ਹੈ ਪਰ ਜੇਕਰ ਉਨ੍ਹਾਂ ਦੇ ਬੇਟੇ ਨਿਸ਼ਾਂਤ ਦੀ ਜਾਇਦਾਦ ਨੂੰ ਜੋੜ ਦਿੱਤਾ ਜਾਵੇ ਤਾਂ ਨੀਤੀਸ਼ ਕੁਮਾਰ ਵੀ ਕਰੋੜਪਤੀ ਹਨ। ਅੰਗਰੇਜ਼ੀ ਅਖਬਾਰ ਦਾ ਇੰਡੀਅਨ ਐਕਸਪ੍ਰੈਸ ਮੁਤਾਬਕ ਸੀਐਮ ਨੀਤੀਸ਼ ਕੋਲ 9 ਗਾਵਾਂ ਤੇ 7 ਵੱਛੇ ਹਨ, ਜਿਨ੍ਹਾਂ ਦੀ ਕੀਮਤ 1.45 ਲੱਖ ਰੁਪਏ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਫੋਰਡ ਇਕੋਸਪੋਰਟਸ ਕਾਰ ਹੈ ਜਿਸਦੀ ਕੀਮਤ 11.32 ਲੱਖ ਰੁਪਏ ਹੈ।