ਨਵੀਂ ਦਿੱਲੀ: ਸਰਕਾਰ ਨੇ ਕਾਰਾਂ ਦੇ ਅੱਗੇ ਪਲਾਸਟਿਕ ਦੇ ਬੰਪਰ ਨੂੰ ਬਚਾਉਣ ਲਈ ਗਾਰਡ ਲਾਉਣ ‘ਤੇ ਪਾਬੰਦੀ ਲਾ ਦਿੱਤੀ ਹੈ। ਇਨ੍ਹਾਂ ‘ਬੁੱਲ ਬਾਰਜ਼’ ਨੂੰ ਲਾਉਣ ‘ਤੇ ਦਿੱਲੀ ਪੁਲਿਸ ਨੇ 45 ਲੋਕਾਂ ਨੂੰ ਪੰਜ-ਪੰਜ ਸੌ ਰੁਪਏ ਦਾ ਜੁਰਮਾਨਾ ਵੀ ਕੀਤਾ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਇਹ ‘ਬੁੱਲਬਾਰਜ਼’ ਲਾਉਣੇ ਹੁਣ ਗ਼ੈਰ ਕਾਨੂੰਨੀ ਐਲਾਨ ਦਿੱਤੇ ਹਨ। ਇਸ ਲਈ ਜਿਨ੍ਹਾਂ ਕਾਰਾਂ ‘ਤੇ ਇਹ ਲੱਗੇ ਹੋਏ, ਦੇ ਚਲਾਨ ਵੀ ਕੀਤੇ ਜਾਣਗੇ। ਜਿੱਥੇ ਦਿੱਲੀ ਆਵਾਜਾਈ ਵਿਭਾਗ ਨੇ ਪਹਿਲੀ ਉਲੰਘਣਾ ਵਜੋਂ 500 ਰੁਪਏ ਜੁਰਮਾਨੇ ਕੀਤੇ ਹਨ, ਉੱਥੇ ਹੀ ਤਾਮਿਲਨਾਡੂ ਆਵਾਜਾਈ ਵਿਭਾਗ ਨੇ ਇਨ੍ਹਾਂ ‘ਬੁੱਲਬਾਰਜ਼’ ਲੱਗੀਆਂ ਨਵੀਆਂ ਕਾਰਾਂ ਦੀ ਰਜਿਸਟ੍ਰੇਸ਼ਨ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ।
ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਸੜਕੀ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਵੱਲੋਂ ਸਾਰੇ ਸੂਬਿਆਂ ਨੂੰ ਪੱਤਰ ਜਾਰੀ ਕੀਤੇ ਹਨ। ਇਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ‘ਬੁੱਲਬਾਰਜ਼’ ਨੂੰ ਇਸ ਲਈ ਗ਼ੈਰਕਾਨੂੰਨੀ ਕਰਾਰ ਦਿੱਤਾ ਗਿਆ ਹੈ ਕਿਉਂਕਿ ‘ਬੁੱਲਬਾਰਜ਼’ ਲੱਗੀ ਕਾਰ ਜਦੋਂ ਦੁਪਹੀਆ ਵਾਹਨ ਜਾਂ ਪੈਦਲ ਚੱਲਣ ਵਾਲਿਆਂ ਨਾਲ ਟਕਰਾਉਂਦੀ ਹੈ ਤਾਂ ਉਨ੍ਹਾਂ ਲਈ ਇਹ ਜਾਨਲੇਵਾ ਹੋ ਸਕਦੇ ਹਨ।
ਇਸ ਤੋਂ ਇਲਾਵਾ ਹੁਣ ਨਵੀਆਂ ਕਾਰਾਂ ਵਿੱਚ ਜਾਨ-ਬਚਾਓ ਗੁਬਾਰੇ (ਏਅਰਬੈਗਜ਼) ਦਾ ਕੰਮ ਪ੍ਰਭਾਵਿਤ ਕਰਦੇ ਹਨ। ਕਿਉਂਕਿ ਜਦੋਂ ਟੱਕਰ ਹੁੰਦੀ ਹੈ ਤਾਂ ਇਸ ਦਾ ਅਸਰ ਇਹ ਲੋਹੇ ਦੇ ਗਾਰਡ ਸੋਖ ਲੈਂਦੇ ਹਨ ਤੇ ਜਾਨ-ਬਚਾਓ ਗੁਬਾਰੇ ਨਹੀਂ ਖੁੱਲ੍ਹ ਪਾਉਂਦੇ। ਪੱਤਰ ਵਿੱਚ ਮੋਟਰ ਵਾਹਨ ਐਕਟ ਦੇ ਸੈਕਸ਼ਨ 52 ਤਹਿਤ ‘ਬੁੱਲਬਾਰਜ਼’ ਨੂੰ ਗ਼ੈਰ ਕਾਨੂੰਨੀ ਐਲਾਨ ਦਿੱਤਾ ਗਿਆ ਹੈ।