ਪਤਨੀ ਨੂੰ ਨਹਿਰ ‘ਚ ਧੱਕਾ ਦੇਣ ਲੱਗਾ ਪਤੀ ਡੁੱਬਿਆ
ਮੱਲਾਂਵਾਲਾ, 28 ਦਸੰਬਰ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਪਤੀ ਵਲੋਂ ਭਰਾ ਨਾਲ ਮਿਲ ਕੇ ਪਤਨੀ ਨੂੰ ਮਾਰ ਦੇਣ ਦੀ ਨੀਅਤ ਨਾਲ ਨਹਿਰ ‘ਚ ਧੱਕਾ ਦੇਣ ਸਮੇਂ ਪਤੀ ਵੀ ਨਹਿਰ ਵਿਚ ਅਚਾਨਕ ਡਿਗ ਕੇ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਮੱਲਾਂਵਾਲਾ ਦੇ ਮੁਖੀ ਰਮਨ ਕੁਮਾਰ ਨੇ ਦੱਸਿਆ ਕਿ ਕੋਮਲ ਪਤਨੀ ਅਨਵਰ ਮਸੀਹ ਵਾਸੀ ਗਲੀ ਨੰਬਰ 1 ਪਿਛਲੇ ਪਾਸੇ ਆਰ.ਐਸ.ਡੀ. ਕਾਲਜ ਫ਼ਿਰੋਜ਼ਪੁਰ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਦੱਸਿਆ ਕਿ ਉਸ ਦੀ ਸ਼ਾਦੀ 7 ਸਾਲ ਪਹਿਲਾਂ ਅਨਵਰ ਮਸੀਹ ਵਾਸੀ ਮੱਲਾਂਵਾਲਾ ਨਾਲ ਹੋਈ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ | ਉਸ ਦੇ ਪਤੀ ਨੇ ਬੀਤੇ ਦਿਨ ਆਪਣੇ ਭਰਾ ਨਛੱਤਰ ਸਿੰਘ ਨੂੰ ਫ਼ੋਨ ਕਰਕੇ ਫ਼ਿਰੋਜ਼ਪੁਰ ਬੁਲਾਇਆ ਸੀ | ਜਦੋਂ ਉਹ ਮੋਟਰਸਾਈਕਲ ‘ਤੇ ਸਵਾਰ ਹੋ ਕੇ ਬਾਬੇ ਪੀਰ ਨਿਗਾਹੇ ਜਾਣ ਲਈ ਚੱਲ ਪਏ ਤਾਂ ਰਾਜਸਥਾਨ ਨਹਿਰ ਦੀ ਪਟੜੀ ਨਜ਼ਦੀਕ ਹੌਲਾਂਵਾਲੀ ਨੇੜੇ ਉਸ ਦੇ ਦਿਉਰ ਨੇ ਨਹਿਰ ਵਿਚ ਧੱਕਾ ਦੇ ਦਿੱਤਾ ਅਤੇ ਉਹ ਨਹਿਰ ਵਿਚ ਡਿਗ ਪਈ ਤੇ ਨਹਿਰ ਦੇ ਕੰਢੇ ਨਾਲ ਜਾ ਲੱਗੀ ਤਾਂ ਉਸ ਦਾ ਪਤੀ ਉਸ ਨੂੰ ਨਹਿਰ ਵਿਚ ਅੱਗੇ ਕਰਨ ਲਈ ਥੱਲੇ ਹੋ ਕੇ ਲੱਤਾਂ ਨਾਲ ਧੱਕਣ ਲੱਗਾ ਤਾਂ ਉਹ ਵੀ ਨਹਿਰ ਵਿਚ ਡਿਗ ਕੇ ਪਾਣੀ ਵਿਚ ਡੁੱਬ ਗਿਆ | ਪੁਲਿਸ ਥਾਣਾ ਮੱਲਾਂਵਾਲਾ ਵਿਖੇ ਕੋਮਲ ਦੇ ਬਿਆਨ ‘ਤੇ ਅਨਵਰ ਮਸੀਹ, ਨਛੱਤਰ ਸਿੰਘ ਿਖ਼ਲਾਫ਼ ਮੁਕੱਦਮਾ ਨੰਬਰ 125 ਅਧੀਨ ਧਾਰਾ 307, 34 ਆਈ.ਪੀ.ਸੀ. ਤਹਿਤ ਦਰਜ ਕਰ ਲਿਆ ਗਿਆ |