ਖਡੂਰ ਸਾਹਿਬ(ਪਚਬ):: ਸੰਯੁਕਤ ਰਾਸ਼ਟਰ ਨਾਲ ਸਬੰਧਤ ਵਾਤਾਵਰਨ ਪ੍ਰੋਗਰਾਮ ਦੇ ਅਧਿਕਾਰੀਆਂ ਨਾਲ ਕਈ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਦੀ ਇਕ ਵਰਚੂਅਲ ਮੀਟਿੰਗ ਹੋਈ। ਮੀਟਿੰਗ ਦੌਰਾਨ ਬਾਬਾ ਸੇਵਾ ਸਿੰਘ ਨੂੰ ‘ਫੇਥ ਫਾਰ ਅਰਥ ਕੌਂਸਲਰ’ ਚੁਣਿਆ ਗਿਆ ਹੈ। ਸੰਯੁਕਤ ਰਾਸ਼ਟਰ ਦੇ ਵਾਤਾਵਰਨ ਪ੍ਰੋਗਰਾਮ ਦੀ ਸ਼ਾਖ ਵਜੋਂ ਕੰਮ ਕਰਦੀ ਸੰਸਥਾ ਯੂਨਾਈਟਿਡ ਰਿਲੀਜੀਅਸ ਇਨੀਸ਼ੀਏਟਿਵ ਵੱਲੋਂ ਇਹ ਐਲਾਨ ਇਕ ਵਰਚੂਅਲ ਮੀਟਿੰਗ ‘ਚ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਕਾਰਸੇਵਾ ਖਡੂਰ ਸਾਹਿਬ ਵੱਲੋਂ ਯੂਨਾਈਟਿਡ ਰਿਲੀਜੀਅਸ ਇਨੀਸ਼ੀਏਟਿਵ ਕੋਲ ਸਬਮਿਟ ਕੀਤੀ ਗਈ ਆਪਣੀ ਵਰਕਸ਼ੀਟ ਵਿਚ ਜਨਤਕ ਥਾਵਾਂ ‘ਤੇ 25 ਹਜ਼ਾਰ ਬੂਟੇ ਲਾਉਣ, 25 ਕਿਲੋਮੀਟਰ ਸੜਕਾਂ ਦੁਆਲੇ ਬੂਟੇ ਲਾਉਣ, ਆਪਣੀਆਂ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਵਿਚ ਈਕੋ-ਬੈਗ ਵੰਡਣ, ਆਰਗੈਨਿਕ ਫਾਰਮਿੰਗ ਨੂੰ ਪ੍ਰਮੋਟ ਕਰਨ, ਸੰਸਥਾ ਵੱਲੋਂ ਕੀਤੀ ਜਾ ਰਹੀ ਆਰਗੈਨਿਕ ਫਾਰਮਿੰਗ ਦਾ ਰਕਬਾ ਵਧਾਉਣ ਅਤੇ ਵਾਟਰ ਹਾਰਵੈਸਟਿੰਗ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੰਸਥਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਮਿੰਨੀ ਜੰਗਲ ਲਗਾਉਣ ਦਾ ਟੀਚਾ ਪੂਰਾ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਹੈ।
ਇਸ ਲੜੀ ਵਿਚ 80 ਦੇ ਕਰੀਬ ਜੰਗਲ ਲਗਾਏ ਵੀ ਜਾ ਚੁੱਕੇ ਹਨ।
ਇਸ ਦੌਰਾਨ ਸੰਸਥਾ ਵੱਲੋਂ 2021 ਲਈ ਤਿੰਨ ਕਾਰਜ ਪ੍ਰਮੁੱਖ ਕਰਮ ਖੇਤਰ ਵਜੋਂ ਰੱਖੇ ਗਏ ਹਨ। ਇਨ੍ਹਾਂ ‘ਚ ਬਾਇਓਡਾਈਵਰਸਿਟੀ ਦੀ ਸੁਰੱਖਿਆ, ਵੇਸਟ ਮੈਨੇਜਮੈਂਟ ਤੇ ਪਾਣੀ ਦੀ ਸਾਂਭ ਸੰਭਾਲ ਸ਼ਾਮਲ ਹਨ। ਇਸ ਵਰਚੂਅਲ ਮੀਟਿੰਗ ਵੇਲੇ ਬਾਬਾ ਸੇਵਾ ਸਿੰਘ ਹੁਰਾਂ ਨਾਲ ਕਾਰਸੇਵਾ ਖਡੂਰ ਸਾਹਿਬ ਤੇ ਨਿਸ਼ਾਨ-ਏ-ਸਿੱਖੀ ਨਾਲ ਜੁੜੀਆਂ ਸਮੂਹ ਸੰਸਥਾਵਾਂ ਦੇ ਪਿ੍ਰੰਸੀਪਲ ਤੇ ਹੋਰ ਸੇਵਾਦਾਰ ਮੌਜੂਦ ਸਨ।