ਚੰਡੀਗੜ੍ਹ, 7 ਨਵਬੰਰ : ਮੁਸਾਫਰ ਹੁਣ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ’ਤੇ ਖ਼ਰੀਦਦਾਰੀ ਕਰ ਸਕਣਗੇ। ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ’ਤੇ 15 ਨਵੰਬਰ ਤੋਂ ਇਹ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ, ਜੋ ਫ਼ਿਲਹਾਲ ਤਿੰਨ ਮਹੀਨਿਆਂ ਵਾਸਤੇ ਹੀ ਉਪਲਬਧ ਹੈ। ਇਸ ਤੋਂ ਪਹਿਲਾਂ ਹਵਾਈ ਅੱਡੇ ’ਚ ਸ਼ਾਪਿੰਗ ਦੀ ਸਹੂਲਤ ਨਹੀਂ ਸੀ। ਹਵਾਈ ਅੱਡੇ ’ਚ ਸਿਰਫ਼ ਖਾਣ-ਪੀਣ ਦੀਆਂ ਵਸਤਾਂ ਦੀ ਹੀ ਖ਼ਰੀਦਦਾਰੀ ਕੀਤੀ ਜਾ ਸਕਦੀ ਸੀ।
ਜਾਣਕਾਰੀ ਮੁਤਾਬਕ ਹਵਾਈ ਅੱਡੇ ਵੱਲੋਂ ਥੋੜ੍ਹੇ ਸਮੇਂ ਵਾਸਤੇ ਦੁਕਾਨਾਂ ਨੂੰ ਖੋਲਣ ਦੀ ਆਗਿਆ ਦਿੱਤੀ ਗਈ ਹੈ। ਦੁਕਾਨਾਂ ਖੋਲ੍ਹਣ ਵਾਸਤੇ ਤਿੰਨ ਮਹੀਨਿਆਂ ਵਾਸਤੇ ਹਵਾਈ ਅੱਡੇ ’ਚ ਜਗ੍ਹਾ ਦਿੱਤੀ ਗਈ ਹੈ। ਇਹ ਦੁਕਾਨਾਂ ਹਵਾਈ ਅੱਡੇ ਦੇ ਸਕਿਉਰਿਟੀ ਏਰੀਏ ’ਚ ਖੁੱਲ੍ਹਣਗੀਆਂ, ਜਿੱਥੇ ਮੁਸਾਫਰਾਂ ਨੂੰ ਉਡਾਣਾਂ ਦੀ ਉਡੀਕ ’ਚ ਤਕਰੀਬਨ ਇਕ ਘੰਟਾ ਇੰਤਜ਼ਾਰ ਕਰਨਾ ਪੈਂਦਾ ਹੈ। ਹਵਾਈ ਅੱਡੇ ’ਚ ਵੱਧ ਤੋਂ ਵੱਧ 20 ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ।
ਇਨ੍ਹਾਂ ਦੁਕਾਨਾਂ ਦਾ ਸੰਚਾਲਨ ਕਰਨ ਦਾ ਜ਼ਿੰਮਾ ਥ੍ਰੀਵੀ ਕੰਪਨੀ ਨੂੰ ਸੌਂਪਿਆ ਗਿਆ ਹੈ। ਥ੍ਰੀਵੀ ਮਾਰਕਟਿੰਗ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਵਿਵੇਕ ਨਿਝਾਵਨ ਨੇ ਅੱਜ ਇਥੇ ਦੱਸਿਆ ਕਿ ਦੁਕਾਨਾਂ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਣਗੀਆਂ। ਐਤਵਾਰ ਨੂੰ ਦੁਕਾਨਾਂ ਬੰਦ ਰਹਿਣਗੀਆਂ।
ਸ੍ਰੀ ਨਿਝਾਵਨ ਨੇ ਕਿਹਾ ਕਿ ਅਜੋਕੀ ਜ਼ਿੰਦਗੀ ’ਚ ਹਰੇਕ ਵਿਅਕਤੀ ਕੋਲ ਸਮੇਂ ਦੀ ਘਾਟ ਹੈ। ਇਸ ਲਈ ਮੁਸਾਫਰ ਹਵਾਈ ਅੱਡੇ ’ਚ ਵਿਹਲੇ ਸਮੇਂ ’ਚ ਖ਼ਰੀਦਦਾਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਮੁਸਾਫਰ ਹੀ ਸ਼ਾਪਿੰਗ ਕਰ ਸਕਦੇ ਹਨ। ਹੋਰ ਕਿਸੇ ਨੂੰ ਵੀ ਸ਼ਾਪਿੰਗ ਜ਼ੋਨ ’ਚ ਜਾਣ ਦੀ ਇਜ਼ਾਜਤ ਨਹੀਂ ਹੋਵੇਗੀ।