ਫ਼ਾਜ਼ਿਲਕਾ, 18 ਅਕਤੂਬਰ – ਦੇਸ਼ ਦੀ ਵੰਡ ਤੋਂ ਬਾਅਦ ਭਾਰਤੀ ਪੰਜਾਬ ਦੇ 153 ਅਜਿਹੇ ਪਿੰਡ ਹਨ, ਜਿਥੇ ਅੱਜ ਤੱਕ ਦੀਵਾਲੀ ਦਾ ਦੀਵਾ ਨਹੀ ਬਲਿਆ | ਜਿਸ ਦਾ ਮੁੱਖ ਕਾਰਨ ਸਰਕਾਰਾਂ ਦੁਆਰਾ ਇਨ੍ਹਾਂ ਪਿੰਡਾਂ ਨੂੰ ਬੇਚਿਰਾਗ਼ ਐਲਾਨਿਆ ਹੋਇਆ ਹੈ | ਭਾਰਤ ਦੀ ਵੰਡ ਤੋਂ ਪਹਿਲਾ ਇਨ੍ਹਾਂ ਪਿੰਡਾਂ ਵਿਚ ਲੋਕਾਂ ਦੁਆਰਾ ਬੜ੍ਹੇ ਚਾਵਾਂ ਮਲਾਰਾਂ ਨਾਲ ਤਿਉਹਾਰ ਮਨਾਏ ਜਾਂਦੇ ਸਨ | ਪਰ ਦੇਸ਼ ਦੀ ਵੰਡ ਦੀ ਅੱਗ ਨੇ ਪੰਜਾਬ ਦੇ ਇਨ੍ਹਾਂ ਪਿੰਡਾਂ ਨੂੰ ਬੇਚਿਰਾਗ਼ ਕਰ ਦਿੱਤਾ | ਭਾਰਤ ਪਾਕਿਸਤਾਨ ਸਰਹੱਦ ਨਾਲ ਵੱਸੇ 153 ਪਿੰਡਾਂ ਵਿਚ ਹੁਣ ਕੋਈ ਵੀ ਵਸੋਂ ਨਹੀ ਹੈ, ਜਿੱਥੇ ਕਦੇ ਦੀਵਾ ਨਹੀ ਜਗਿਆ | ਜਿਥੇ ਦੇਸ਼ ਭਰ ਵਿਚ ਦੀਵਾਲੀ ਅਤੇ ਬੰਦੀ ਛੋੜ ਮੌਕੇ ਘਰਾਂ ਵਿਚ ਦੀਪਮਾਲਾ ਕੀਤੀ ਜਾਂਦੀ ਹੈ | ਪਿੰਡਾਂ ਦੀਆਂ ਗਲੀਆਂ ਵਿਚ ਪਟਾਕੇ ਚੱਲਦੇ ਹਨ | ਦੇਸ਼ ਦੀ ਵੰਡ ਤੋਂ ਬਾਅਦ ਇਨ੍ਹਾਂ 153 ਪਿੰਡਾਂ ਦੀ ਵਸੋਂ ਪਾਕਿਸਤਾਨ ਵਿਚ ਚਲੀ ਗਈ | ਭਾਰਤ ਦੇ ਹਿੱਸੇ ਇਨ੍ਹਾਂ ਪਿੰਡਾਂ ਦੀ ਵਾਹੀ ਯੋਗ ਜ਼ਮੀਨ ਹੀ ਆਈ | ਜਿਸ ਕਾਰਨ ਇਹ ਪਿੰਡ ਵੀਰਾਨ ਹੋ ਗਏ | ਸਰਕਾਰ ਦੁਆਰਾ ਇਹ ਬੇਚਿਰਾਗ਼ ਐਲਾਨ ਦਿੱਤੇ ਗਏ | ਸਰਕਾਰੀ ਮਾਲ ਵਿਭਾਗ ਦੇ ਕਾਗ਼ਜ਼ਾਂ ਵਿਚ ਅੱਜ ਵੀ ਇਨ੍ਹਾਂ ਪਿੰਡਾਂ ਦੀ ਜਮੀਨ ਪੁਰਾਣੇ ਪਿੰਡਾਂ ਦੇ ਨਾਵਾਂ ‘ਤੇ ਬੋਲ ਰਹੀ ਹੈ | ਫ਼ਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦਾ ਕਹਿਣਾ ਹੈ ਕਿ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਅਜਿਹੇ ਪਿੰਡਾਂ ਦੀ ਗਿਣਤੀ 16 ਦੇ ਕਰੀਬ ਹੈ | ਜਿਨ੍ਹਾਂ ਨੂੰ ਬੇਚਿਰਾਗ਼ ਦੇ ਨਾਂਅ ਨਾਲ ਜਾਣਿਆਂ ਜਾਂਦਾ ਹੈ | ਫ਼ਿਰੋਜ਼ਪੁਰ ਜ਼ਿਲ੍ਹੇ ਵਿਚ 23, ਜ਼ਿਲ੍ਹਾ ਅੰਮਿ੍ਤਸਰ ਵਿਚ 39 ਅਤੇ ਗੁਰਦਾਸਪੁਰ ਜ਼ਿਲ੍ਹੇ ਦੇ 75 ਪਿੰਡ ਸ਼ਾਮਿਲ ਹਨ | ਇਨ੍ਹਾਂ ਬੇਚਿਰਾਗ਼ ਪਿੰਡਾਂ ਦੀ ਦਾਸਤਾਨ ਬੜੀ ਅਜੀਬ ਹੈ | ਭਾਰਤ ਦੀ ਵੰਡ ਮੌਕੇ ਬਣੇ ਕਮਿਸ਼ਨ ਨੇ ਇਕ ਲਕੀਰ ਖਿੱਚ ਕੇ ਦੇਸ਼ ਨੂੰ ਵੰਡ ਦਿੱਤਾ | ਇਸ ਤਰ੍ਹਾਂ ਕਈ ਪਿੰਡ ਭਾਰਤ ਅਤੇ ਪਾਕਿਸਤਾਨ ਵਿਚ ਵੰਡੇ ਗਏ |