ਚੰਡੀਗੜ੍ਹ ਤੋਂ ਉਡਣਾ ਹੋਇਆ ਮਹਿਗਾ

0
330

ਚੰਡੀਗੜ੍ਹ, 5 ਅਕਤੂਬਰ :  ਹਵਾਈ ਜਹਾਜ਼ਾਂ ਦੇ ਝੂਟੇ ਲੈਣ ਵਾਲਿਆਂ ਨੂੰ ਹੁਣ ਆਪਣੀ ਜੇਬ ਹੋਰ ‘ਢਿੱਲੀ’ ਕਰਨੀ ਪਵੇਗੀ ਕਿਉਂਕਿ ਚੰਡੀਗੜ੍ਹ ਤੋਂ ਹਵਾਈ ਸਫ਼ਰ ਮਹਿੰਗਾ ਹੋ ਗਿਆ ਹੈ। ਚੰਡੀਗੜ੍ਹ ਤੋਂ ਹਵਾਈ ਸਫ਼ਰ 15 ਤੋਂ 25 ਫੀਸਦੀ ਮਹਿੰਗਾ ਹੋਇਆ ਹੈ, ਜਿਸ ਦੇ ਆਗਾਮੀ ਸਾਲ-ਡੇਢ ਸਾਲ ਵਿੱਚ ਸਸਤਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਜਾਣਕਾਰੀ ਅਨੁਸਾਰ ਭਾਰਤੀ ਹਵਾਈ ਫੌਜ ਵੱਲੋਂ ਚੰਡੀਗੜ੍ਹ ਹਵਾਈ ਅੱਡੇ ਦੀ ਦੇਖ-ਰੇਖ ਕੀਤੀ ਜਾਂਦੀ ਹੈ, ਜਿੱਥੇ ‘ਰਨਵੇਅ’ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਦੌਰਾਨ 38 ਵਿੱਚੋਂ 11 ਉਡਾਣਾਂ ਬੰਦ ਹੋ ਗਈਆਂ ਹਨ ਤੇ ਐਤਵਾਰ ਨੂੰ ਚੰਡੀਗੜ੍ਹ ਹਵਾਈ ਅੱਡੇ ਤੋਂ ਕੋਈ ਉਡਾਣ ਨਹੀਂ ਜਾਵੇਗੀ। ਜਾਣਕਾਰੀ ਅਨੁਸਾਰ ਮੁਰੰਮਤ ਦਾ ਕੰਮ ਇਸ ਹਫ਼ਤੇ ਮੰਗਲਵਾਰ ਨੂੰ ਸ਼ੁਰੂ ਹੋਇਆ ਹੈ, ਜਿਸ ਦੇ ਆਗਾਮੀ 18 ਮਹੀਨੇ ਜਾਰੀ ਰਹਿਣ ਦੀ ਸੰਭਾਵਨਾ ਹੈ।
ਚੰਡੀਗੜ੍ਹ ਤੋਂ ਉਡਾਣਾਂ ਬੰਦ ਹੋਣ ਨਾਲ ‘ਹਵਾਈ ਆਵਾਜਾਈ’ ਘੱਟ ਗਈ ਅਤੇ ਮੁਸਾਫ਼ਰਾਂ ਨੂੰ ਸੀਟਾਂ ਮਿਲਣ ਦੀ ਸੰਭਾਵਨਾ ਮੱਧਮ ਪੈ ਗਈ ਹੈ। ਇਸ ਤੋਂ ਪਹਿਲਾਂ ਜੈਪੁਰ ਵਾਸਤੇ ਦੋ ਉਡਾਣਾਂ ਵਿੱਚ 150 ਸੀਟਾਂ ਸਨ। ਪਰ ਹੁਣ ਇਕ ਉਡਾਣ ਰੱਦ ਹੋਣ ਨਾਲ ਸੀਟਾਂ ਦੀ ਗਿਣਤੀ ਘੱਟ ਕੇ 70 ਰਹਿ ਗਈ ਹੈ। ਚੰਡੀਗੜ੍ਹ-ਮੁੰਬਈ ਉਡਾਣ ਦੇ ਸੂਤਰਾਂ ਨੇ ਦੱਸਿਆ ਕਿ ਪਹਿਲਾਂ ਜਿਹੜੀ ਟਿਕਟ 3500-4000 ਸੀ, ਉਹ ਹੁਣ 5000 ਹਜ਼ਾਰ ਹੋ ਗਈ।
ਪਹਿਲਾਂ ਚੰਡੀਗੜ੍ਹ ਤੋਂ ਜੈਪੁਰ ਦਾ ਕਿਰਾਇਆ 3000-3500 ਰੁਪਏ ਸੀ, ਜਿਹੜਾ ਹੁਣ 4800 ਰੁਪਏ ਹੋ ਗਿਆ ਹੈ। ਇਸ ਤੋਂ ਇਲਾਵਾ ਬੰਗਲੌਰ ਤੇ ਹੈਦਰਾਬਾਦ ਦਾ ਹਵਾਈ ਸਫ਼ਰ 15 ਤੋਂ 20 ਫੀਸਦੀ ਮਹਿੰਗਾ ਹੋ ਗਿਆ ਹੈ। ਚੰਡੀਗੜ੍ਹ ਤੋਂ ਬੰਗਲੌਰ ਦਾ ਕਿਰਾਇਆ 5000 ਨੂੰ ਪਾਰ ਕਰ ਗਿਆ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਕਰੀਬ 20 ਫੀਸਦੀ ਵੱਧ ਹੈ।