ਸਿੱਧੂ ਨੇ ਕੀਤੀ ਮਜੀਠਿਆ ‘ਤੇ ਕਾਰਵਾਈ ਦੀ ਮੰਗ

0
473

ਚੰਡੀਗੜ੍ਹ: ਨਸ਼ਿਆਂ ਦੇ ਮੁੱਦੇ ‘ਤੇ ਹੋਈ ਪੰਜਾਬ ਕੈਬਨਿਟ ਦੀ ਹੰਗਾਮੀ ਬੈਠਕ ਵਿੱਚ ਮੁੱਖ ਮੰਤਰੀ ਨੂੰ ਐਸਟੀਐਫ ਦੀ ਰਿਪੋਰਟ ਤੇ ਵੱਡੀਆਂ ਮੱਛੀਆਂ ਖ਼ਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ। ਉੱਚ ਸੂਤਰਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਨੇ ਕੈਬਿਨਟ ਵਿੱਚ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ STF ਰਿਪੋਰਟ ਉੱਪਰ ਕਾਰਵਾਈ ਕਰਨ। ਇਸ ਤੋਂ ਇਲਾਵਾ ਮਜੀਠੀਆ ‘ਤੇ ਕਾਰਵਾਈ ਦੀ ਆਵਾਜ਼ ਉੱਠੀ।
ਕੈਪਟਨ ਨੇ ਧਾਰੀ ਚੁੱਪੀ: ਪ੍ਰਾਪਤ ਜਾਣਕਾਰੀ ਮੁਤਾਬਕ ਮੀਟਿੰਗ ਵਿੱਚ ਉੱਠੀਆਂ ਇਨ੍ਹਾਂ ਮੰਗਾਂ ‘ਤੇ ਕੈਪਟਨ ਚੁੱਪ ਰਹੇ। ਹਾਲਾਂਕਿ, ਕੁਝ ਮੰਤਰੀ ਕੈਪਟਨ ਦੀ ਥਾਂ ਬੋਲੇ ਇਹ ਅੱਜ ਦਾ ਮਾਮਲਾ ਨਹੀਂ। ਮੀਟਿੰਗ ਵਿੱਚ ਪੁਲਿਸ ਕਰਮਚਾਰੀਆਂ ਦੀਆਂ ਬਦਲੀਆਂ ਦੀ ਗੱਲ ਵੀ ਉੱਠੀ। ਕੈਬਿਨਟ ਵਿੱਚ ਸਾਰੇ ਮੰਤਰੀਆਂ ਨੇ ਕਿਹਾ ਥਾਣਿਆਂ ‘ਚ ਵਰ੍ਹਿਆਂ ਤੋਂ ਲੱਗੇ ਮੁਨਸ਼ੀ ਤੇ ਹੋਰ ਕਰਮਚਾਰੀ ਬਦਲਣੇ ਚਾਹੀਦੇ ਹਨ ਕਿਉਂਕਿ ਇਹ ਸਾਲਾਂ ਤੋਂ ਨਸ਼ੇ ਦੇ ਕਾਰੋਬਾਰ ਨੂੰ ਚਲਾ ਰਹੇ ਹਨ।
ਪੁਲਿਸ ‘ਤੇ ਸਖ਼ਤੀ ਕਰਨ ਦਾ ਦਾਅਵਾ:ਹਾਲਾਂਕਿ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਨਸ਼ੇ ਦੇ ਧੰਦੇ ਵਿੱਚ ਲੱਗੇ ਹੋਏ ਪੁਲਿਸ ਅਧਿਕਾਰੀਆਂ ਨੂੰ ਹੁਣ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਮੋਗਾ ਦੇ ਸੀਨੀਅਰ ਪੁਲਿਸ ਕਪਤਾਨ ਰਾਜਜੀਤ ਸਿੰਘ ਵਿਰੁੱਧ ਧਾਰਾ 311 ਤਹਿਤ ਕਾਰਵਾਈ ਹੋ ਸਕਦੀ ਹੈ, ਅਗਲੇ ਦੋ ਚਾਰ ਦਿਨਾਂ ਵਿੱਚ ਪਤਾ ਲੱਗ ਜਾਵੇਗਾ। ਬਾਜਵਾ ਨੇ ਦਾਅਵਾ ਕੀਤਾ ਕਿ ਇਹੋ ਜਿਹੇ 20 ਰਾਜਜੀਤ ਪੰਜਾਬ ਪੁਲਿਸ ਵਿੱਚ ਹੋਣਗੇ, ਸਭ ਨੂੰ ਡਿਸਮਿਸ ਕੀਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਜੇਕਰ ਡੀਜੀਪੀ ਪੱਧਰ ਦਾ ਵੀ ਕੋਈ ਅਧਿਕਾਰੀ ਹੋਵੇ ਉਸ ਵਿਰੁੱਧ ਕਾਰਵਾਈ ਕਰਨ ਤੋਂ ਝਿਜਕਿਆ ਨਹੀਂ ਜਾਵੇਗਾ।