ਸਖ਼ਤ ਪਾਬੰਦੀਆਂ ਦੇ ਬਾਵਜੂਦ ਚੀਨ ‘ਚ ਮਨਾਇਆ ਪ੍ਰਕਾਸ਼ ਪੁਰਬ

0
395

ਹਾਂਗਕਾਂਗ (ਜੰਗ ਬਹਾਦਰ ਸਿੰਘ)-ਚੀਨ ‘ਚ ਕੋਵਿਡ ਦੀਆਂ ਸਖ਼ਤ ਪਾਬੰਦੀਆਂ ਅਤੇ ਕੋਈ ਵੀ ਗੁਰਦੁਆਰਾ ਸਾਹਿਬ ਨਾ ਹੋਣ ਦੇ ਬਾਵਜੂਦ ਕਾਰੋਬਾਰਾਂ ਦੇ ਸਿਲਸਿਲੇ ‘ਚ ਉਥੇ ਰਹਿੰਦੇ ਸਿੱਖ ਆਪਣੇ ਅਕੀਦੇ ਦੇ ਨਾਲ ਜੁੜ ਕੇ ਗੁਰੂ ਨਾਨਕ ਸਾਹਿਬ ਦੀ ਸੋਚ ਦਾ ਪ੍ਰਚਾਰ ਕਰ ਰਹੇ ਹਨ | ਪਿਛਲੇ ਕੁਝ ਸਾਲਾਂ ਤੋਂ ਚੀਨ ਦੇ ਸ਼ਹਿਰ ਸ਼ੈਨਜਨ ‘ਚ ਕਾਰੋਬਾਰੀ ਅੰਮਿ੍ਤਪਾਲ ਸਿੰਘ ਵਲੋਂ ਉੱਥੇ ਰਹਿੰਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਜਾਰੀ ਹੈ | ਇਸ ਵਾਰ ਕੋਵਿਡ-19 ਦੀ ਮਹਾਂਮਾਰੀ ਦੀਆਂ ਸਖ਼ਤ ਪਾਬੰਦੀਆਂ ਕਾਰਨ ਇਥੇ ਮਨਾਏ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ‘ਚ ਬਾਹਰੋਂ ਭਾਵੇਂ ਕਥਾਵਾਚਕ ਅਤੇ ਕੀਰਤਨੀਏ ਨਹੀਂ ਪੁੱਜ ਸਕੇ ਪਰ ਸ਼ੈਨਜਨ ਵਾਸੀ ਬੱਚੀਆਂ ਵਲੋਂ ਕੀਰਤਨ ਅਤੇ ਭਾਈ ਅੰਮਿ੍ਤਪਾਲ ਸਿੰਘ ਵਲੋਂ ਕਥਾਵਾਰਤਾ ਰਾਹੀਂ ਗੁਰੂ ਨਾਨਕ ਸਾਹਿਬ ਦੇ ਜੀਵਨ ਅਤੇ ਇਤਿਹਾਸ ਬਾਰੇ ਵਿਚਾਰਾਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਗਈਆਂ | ਇਸ ਸਮੇਂ ਉਚੇਚੇ ਤੌਰ ‘ਤੇ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਗਏ |