ਅਰਥ ਆਵਰ

0
639

ਧਰਤੀ ਨੂੰ ਬਚਾਉਣ ਲਈ ਇਕ ਘੰਟਾ ਬੱਤੀਆਂ ਬੁਝਾਉਣ ਦਾ ਅਰਥ ਆਵਰ
ਹਰ ਸਾਲ ਮਾਰਚ ਦੇ ਅਖ਼ੀਰਲੇ ਸ਼ਨਿਚਰਵਾਰ ਨੂੰ ਵਾਤਾਵਰਨ ਵਿਚ ਤਬਦੀਲੀਆਂ ਕਾਰਨ ਆ ਰਹੀਆਂ ਕੁਦਰਤੀ ਆਫ਼ਤਾਂ ਅਤੇ ਇਨ੍ਹਾਂ ਬਾਰੇ ਲੋਕਾਂ ਨੂੰ ਸੁਚੇਤ ਕਰਨ ਅਤੇ ਇਨ੍ਹਾਂ ਤੋਂ ਬਚਾਉਣ ਲਈ ਲਗਭਗ ਦੁਨੀਆ ਦੇ ਸਾਰੇ ਦੇਸ਼ਾਂ ਵਿਚ ਧਰਤੀ ਲਈ ਇਕ ਘੰਟਾ (ਅਰਥ ਆਵਰ) ਮਨਾਇਆ ਜਾਂਦਾ ਹੈ। ਇਸ ਸਾਲ ਅਰਥ ਆਵਰ 27 ਮਾਰਚ ਨੂੰ ਮਨਾਇਆ ਜਾ ਰਿਹਾ ਹੈ। ਅਰਥ ਆਵਰ ਮਨਾਉਣ ਲਈ ਕਿਸੇ ਵੀ ਥਾਂ ਉੱਤੇ ਉੱਥੋਂ ਦੇ ਸਥਾਨਕ ਸਮੇਂ ਦੇ ਅਨੁਸਾਰ ਰਾਤ 8.30 ਤੋਂ 9.30 ਵਜੇ ਤੱਕ ਇਕ ਘੰਟੇ ਲਈ ਘਰਾਂ, ਵਪਾਰਕ ਅਤੇ ਸਰਕਾਰੀ ਅਦਾਰਿਆਂ ਵਿਚ ਬਿਜਲੀ ਦੀਆਂ ਬਲਦੀਆਂ ਗ਼ੈਰ-ਜ਼ਰੂਰੀ ਬੱਤੀਆਂ ਬੁਝਾ ਦਿੱਤੀਆਂ ਜਾਂਦੀਆਂ ਹਨ। ਪਹਿਲੀ ਵਾਰ ਅਰਥ ਆਵਰ 2007 ਵਿਚ ਆਸਟਰੇਲੀਆ ਦੇ ਸਿਡਨੀ ਸ਼ਹਿਰ ਵਿਚ 31 ਮਾਰਚ ਨੂੰ ਉੱਥੋਂ ਦੇ ਸ਼ਾਮ ਦੇ 7.30 ਤੋਂ 8.30 ਵਜੇ ਤੱਕ 22 ਲੱਖ ਲੋਕਾਂ ਨੇ ਆਪਣੇ ਘਰਾਂ ਦੀਆਂ ਗ਼ੈਰ-ਜ਼ਰੂਰੀ ਬਿਜਲੀ ਦੀਆਂ ਬੱਤੀਆਂ ਬੁਝਾ ਕੇ ਮਨਾਇਆ। ਅਮਰੀਕਾ ਦੇ ਸਾਨਫ਼ਰਾਂਸਿਸਕੋ ਸ਼ਹਿਰ ਨੇ ਵੀ 2007 ਵਿਚ ਹੀ ਅਕਤੂਬਰ ਵਿਚ ਇਕ ਘੰਟਾ ਬਿਜਲੀ ਦੀਆਂ ਬੱਤੀਆਂ ਬੁਝਾ ਕੇ ਇਸ ਮੁਹਿੰਮ ਵਿਚ ਆਪਣੀ ਸ਼ਮੂਲੀਅਤ ਦਰਜ ਕੀਤੀ। 2008 ਤੋਂ ਅਰਥ ਆਵਰ ਅੰਤਰਰਾਸ਼ਟਰੀ ਪੱਧਰ ਉੱਤੇ ਮਨਾਇਆ ਜਾਂਦਾ ਹੈ। ਅਰਥ ਆਵਰ ਮਨਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਵਰਲਡ ਵਾਇਲਡ ਫੰਡ ਆਫ਼ ਨੇਚਰ ਦੇ ਮੈਂਬਰਾਂ ਨੂੰ ਆਇਆ। 2003 ਵਿਚ ਆਸਟਰੇਲੀਆ ਵਿਚ ਭਿਆਨਕ ਸੋਕਾ ਪਿਆ ਜਿਸ ਦਾ ਕਾਰਨ ਵਿਗਿਆਨੀਆਂ ਨੇ ਵਾਤਵਰਨ ਵਿਚ ਗਰੀਨਹਾਊਸ ਗੈਸਾਂ ਦੀ ਲਗਾਤਾਰ ਵਧਦੀ ਘਣਤਾ ਦੱਸਿਆ ਸੀ। 2004 ਵਿਚ ਆਸਟਰੇਲੀਆ ਦੇ ਵਰਲਡ ਵਾਇਲਡ ਫੰਡ ਆਫ਼ ਨੇਚਰ ਦੇ ਮੈਂਬਰ ਸਿਡਨੀ ਸ਼ਹਿਰ ਦੀ ਇਕ ਇਸ਼ਤਿਹਾਰ ਬਣਾਉਣ ਵਾਲੀ ਕੰਪਨੀ ਦੇ ਨਿਰਦੇਸ਼ਕ ਲੀਓ ਬਰਨਡ ਨੂੰ ਮਿਲੇ ਤੇ ਗਰੀਨਹਾਊਸ ਗੈਸਾਂ ਦੇ ਵਾਧੇ ਨਾਲ ਵਾਤਾਵਰਨ ਵਿਚ ਆ ਰਹੇ ਵਿਗਾੜਾਂ ਤੋਂ ਧਰਤੀ ਨੂੰ ਬਚਾਉਣ ਲਈ ਸਾਲ ਵਿਚ ਸਿਰਫ਼ ਇਕ ਘੰਟੇ ਲਈ ਗ਼ੈਰ-ਜ਼ਰੂਰੀ ਬਿਜਲੀ ਦੀਆਂ ਬੱਤੀਆਂ ਬੁਝਾਉਣ ਦਾ ਵਿਚਾਰ ਸਾਂਝਾ ਕੀਤਾ ਅਤੇ ਇਸ ਨੂੰ ਅਮਲ ਵਿਚ ਲਿਆਉਣ ਲਈ ਉਸ ਨਾਲ ਵਿਚਾਰ-ਵਟਾਂਦਰਾ ਵੀ ਕੀਤਾ। 2008 ਤੋਂ ਅਰਥ ਆਵਰ ਵੱਖ ਵੱਖ ਵਿਸ਼ਿਆਂ ਤਹਿਤ ਮਨਾਇਆ ਜਾ ਰਿਹਾ ਹੈ। 2008 ਵਿਚ ਕੈਨੇਡਾ ਦੇ ਸਕੂਲਾਂ ਵਿਚ ਇਸ ਨੂੰ ‘ਡਾਰਕ ਸਿਟੀ, ਬਰਾਈਟ ਆਇਡੀਆ’ (ਹਨੇਰਾ ਸ਼ਹਿਰ, ਚਮਕਦਾ ਵਿਚਾਰ) ਦਾ ਨਾਂ ਦੇ ਕੇ ਮਨਾਇਆ ਗਿਆ। 2019 ਵਿਚ ਇਹ ‘ਕੋਨੈਕਟ ਟੂ ਅਰਥ’ (ਧਰਤੀ ਨਾਲ ਜੁੜੋ) ਦੇ ਵਿਸ਼ੇ ਥੱਲੇ ਮਨਾਇਆ ਗਿਆ। 2020 ਵਿਚ ਇਸ ਦਾ ਵਿਸ਼ਾ ‘ਕਲਾਈਮੇਂਟ ਅਤੇ ਸਸਟੇਨਏਬਲ ਡਿਵੈੱਲਮੈਂਟ’ ਸੀ ਜਿਸ ਵਿਚ ਸਿਰਫ਼ ਇਕ ਵਾਰ ਵਰਤੀਆਂ ਜਾਣ ਵਾਲੀਆਂ ਪਲਾਸਟਿਕ ਦੀਆਂ ਚੀਜ਼ਾਂ ਦੀ ਵਰਤੋਂ ਨੂੰ ਹਮੇਸ਼ਾਂ ਲਈ ਬੰਦ ਕਰਨ ਉੱਤੇ ਜ਼ੋਰ ਦੇਣਾ ਸੀ। ਇਸ ਸਾਲ ਦਾ ਵਿਸ਼ਾ ‘ਕਲਾਈਮੇਂਟ ਚੇਂਜ ਟੂ ਸੇਵ ਅਰਥ’ ਵੀ ਸਮੇਂ ਦੀ ਲੋੜ ਅਨੁਸਾਰ ਅਤੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਸਿੱਧੇ ਸ਼ਬਦਾਂ ਵਿਚ ਸੁਨੇਹਾ ਦੇਣ ਵਾਲਾ ਹੈ। ਉਦਯੋਗਿਕ ਇਨਕਲਾਬ ਤੋਂ ਹੁਣ ਤੱਕ ਮਨੁੱਖ ਨੇ ਆਰਥਿਕ ਵਿਕਾਸ ਦੇ ਨਾਮ ਉੱਤੇ ਆਪਣੀਆਂ ਲਾਲਸਾਵਾਂ ਦੀ ਪੂਰਤੀ ਦੀ ਦੌੜ ਵਿਚ ਧਰਤੀ ਦਾ 70 ਫ਼ੀਸਦ ਹਿੱਸਾ ਬਦਲ ਕੇ ਰੱਖ ਦਿੱਤਾ ਹੈ। ਹੁਣ ਸੰਘਣੇ ਜੰਗਲਾਂ ਦੀ ਥਾਂ ਕੰਕਰੀਟ ਦੇ ਜੰਗਲਾਂ ਨੇ ਲੈ ਲਈ ਹੈ। ਜੀਵ-ਜੰਤੂਆਂ ਦੀ ਥਾਂ ਉੱਤੇ ਧਰਤੀ ਉੱਤੇ ਮੋਟਰ-ਕਾਰਾਂ, ਗੱਡੀਆਂ ਆਦਿ ਚੱਲਦੀਆਂ ਹਨ ਅਤੇ ਅਸਮਾਨ ਵਿਚ ਪੰਛੀਆਂ ਦੀ ਥਾਂ ਉੱਤੇ ਹਵਾਈ ਜਹਾਜ਼ ਅਤੇ ਸਪੇਸ ਕਰਾਫ਼ਟ ਉਡਦੇ ਮਿਲਦੇ ਹਨ। ਇਸ ਦੇ ਨਾਲ ਨਾਲ ਮਨੁੱਖ ਆਪਣੀਆਂ ਗਤੀਵਿਧੀਆਂ ਰਾਹੀਂ ਕੁਦਰਤ ਦੇ ਸਾਰੇ ਸਰੋਤਾਂ ਨੂੰ ਅੰਨ੍ਹੇਵਾਹ ਵਰਤਦੇ ਹੋਏ ਰੋਜ਼ਾਨਾ ਮਣਾਂ-ਮੂੰਹੀ ਤਾਪਮਾਨ ਵਿਚ ਵਾਧਾ ਕਰਨ ਵਾਲੀਆਂ ਗੈਸਾਂ ਵਾਤਾਵਰਨ ਵਿਚ ਸੁੱਟ ਰਿਹਾ ਹੈ, ਜਿਸ ਨਾਲ ਧਰਤੀ ਦਾ ਔਸਤ ਤਾਪਮਾਨ ਉਦਯੋਗਿਕ ਇਨਕਲਾਬ ਦੇ ਸਮੇਂ ਤੋਂ ਹੁਣ ਤੱਕ 1 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਵਧ ਚੁੱਕਾ ਹੈ। 2020 ਵਿਚ ਆਈ ਕਰੋਨਾ ਮਹਾਮਾਰੀ ਕੁਦਰਤ ਦੀ ਦੁਨੀਆ ਦੇ ਸਾਰੇ ਦੇਸ਼ਾਂ ਲਈ ਇਕ ਸੰਕੇਤਕ ਚੇਤਾਵਨੀ ਹੈ ਕਿ ਹਾਲੇ ਵੀ ਸਮਾਂ ਹੈ ਸੰਭਲ ਜਾਵੋ ਨਹੀਂ ਤਾਂ ਕੁਦਰਤੀ ਵਾਤਾਵਰਨ ਪ੍ਰਬੰਧਨ ਇਸ ਨੂੰ ਆਪਣੇ ਤਰੀਕੇ ਨਾਲ ਸੰਤੁਲਨ ਵਿਚ ਲੈ ਆਵੇਗਾ। ਇਸ ਸਾਲ ਦਾ ਅਰਥ ਆਵਰ ਦਾ ਵਿਸ਼ਾ ਧਰਤੀ ਨੂੰ ਬਚਾਉਣ ਲਈ ਮੌਸਮੀ ਤਬਦੀਲੀ ਹੈ। ਧਰਤੀ ਉੱਤੇ ਵਧਦਾ ਤਾਪਮਾਨ, ਕੁਦਰਤੀ ਆਫ਼ਤਾਂ ਦੀ ਵਧਦੀ ਗਿਣਤੀ, ਜੀਵ-ਜੰਤੂਆਂ ਦੀ ਘਟਦੀ ਗਿਣਤੀ ਆਦਿ ਵਰਗੀਆਂ ਘਟਨਾਵਾਂ ਮਨੁੱਖ ਨੂੰ ਦੁਹਾਈ ਦੇਕੇ ਕਹਿ ਰਹੀਆਂ ਹਨ ਕਿ ਮਨੁੱਖ ਆਪਣੀਆਂ ਆਪਹੁਦਰੀਆਂ ਗਤੀਵਿਧੀਆਂ ਉੱਤੇ ਰੋਕ ਲਗਾਵੇ ਅਤੇ ਕੁਦਰਤ-ਪੱਖੀ ਗਤੀਵਿਧੀਆਂ ਅਪਣਾਕੇ ਮੌਸਮ ਵਿਚ ਆਈਆਂ ਤਬਦੀਲੀਆਂ ਨੂੰ ਪਹਿਲਾਂ ਵਾਲੇ ਰੂਪ ਵਿਚ ਲਿਆਉਣ ਅਤੇ ਧਰਤੀ ਨੂੰ ਬਚਾਉਣ ਦੇ ਉਪਰਾਲੇ ਕਰੇ। ਇਸ ਸਾਲ ਦਾ ਅਰਥ ਆਵਰ ਦਾ ਵਿਸ਼ਾ ਦੁਨੀਆ ਭਰ ਦੀਆਂ ਸਰਕਾਰਾਂ ਲਈ ਸੇਧ ਦੇਣ ਵਾਲਾ ਸਾਬਤ ਹੋ ਸਕਦਾ ਹੈ ਕਿਉਂਕਿ ਇਸ ਸਾਲ 1 ਤੋਂ 12 ਨਵੰਬਰ ਤੱਕ ਯੂਨਾਈਟਡ ਕਿੰਗਡਮ ਅਤੇ ਇਟਲੀ ਦੀ ਸਾਂਝੀਦਾਰੀ ਨਾਲ ਗਲਾਸਗੋ ਵਿਚ ‘ਪੈਰਿਸ ਮੌਸਮੀ ਸੰਧੀ’ ਨੂੰ ਚਾਲੂ ਰੱਖਣ ਲਈ ਵਿਉਂਤਬੰਦੀ ਕੀਤੀ ਜਾਣੀ ਹੈ। ਇਸ ਕਾਨਫ਼ਰੰਸ ਵਿਚ ਜੋ ਫ਼ੈਸਲੇ ਲਏ ਜਾਣਗੇ ਉਹ ਸਾਡੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭੱਵਿਖ ਨੂੰ ਪ੍ਰਭਾਵਿਤ ਕਰਨਗੇ। ਕੁਝ ਵੱਡੇ ਸ਼ਹਿਰਾਂ ਨੇ ਇਸ ਮੁਹਿੰਮ ਤੋਂ ਸੇਧ ਲੈਂਦੇ ਹੋਏ ਸ਼ਹਿਰ ਦੀਆਂ ਮੁੱਖ ਥਾਵਾਂ ਤੋਂ ਹਰ ਰੋਜ਼ ਗ਼ੈਰ-ਜ਼ਰੂਰੀ ਬਿਜਲੀ ਦੀਆਂ ਬੱਤੀਆਂ ਬੁਝਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਮਰੀਕਾ ਦੇ ਦੱਖਣੀ ਡੇਕੋਟਾ ਰਾਜ ਦਾ ਮਾਊਂਟ ਰਸਮੂਰ ਸ਼ਹਿਰ ਹਰ ਰੋਜ਼ ਰਾਤ ਨੂੰ 9 ਤੋਂ 11 ਵਜੇ ਤੱਕ ਬਿਜਲੀ ਦੀਆਂ ਬੱਤੀਆਂ ਬੁਝਾਉਣ ਦਾ ਨੇਕ ਉਪਰਾਲਾ ਕਰ ਰਿਹਾ ਹੈ। ਪ੍ਰਸ਼ਾਤ ਮਹਾਸਾਗਰ ਦੇ ਇਕ ਟਾਪੂ ਉੱਤੇ ਵੱਸਿਆ ਨਿਊ ਨਾਮ ਦਾ ਦੇਸ਼ ਹਰ ਰੋਜ਼ ਸਾਰੇ ਦੇਸ਼ ਵਿਚ ਰਾਤ ਨੂੰ ਬਿਜਲੀ ਦੀਆਂ ਬਾਹਰਲੀਆਂ ਬੱਤੀਆਂ ਨਾ ਬਾਲਕੇ ਦੁਨੀਆ ਦਾ ਪਹਿਲਾ ‘ਡਾਰਕ ਸਕਾਈ ਪਲੇਸ’ (ਹਨੇਰਾ ਅਕਾਸ਼ ਥਾਂ) ਬਣ ਗਿਆ ਹੈ। ਇਸ ਤਰ੍ਹਾਂ ਕਰਨ ਕਰਕੇ ਇਸ ਦੇਸ਼ ਨੇ ਰਾਤ ਦੀ ਖ਼ੂਬਸੂਰਤੀ ਨੂੰ ਬਰਕਰਾਰ ਰੱਖਦਿਆ ਹੋਇਆ ਜੀਵ-ਜੰਤੂਆਂ ਅਤੇ ਬਨਸਪਤੀ ਨੂੰ ਰੋਸ਼ਨੀ ਦੇ ਪ੍ਰਦੂਸ਼ਣ ਤੋਂ ਬਚਾਉਂਦਿਆਂ ਹੋਇਆਂ ਅਰਥ ਆਵਰ ਦੀ ਮੌਸਮੀ ਤਬਦੀਲੀਆਂ ਨਾਲ ਨਜਿੱਠਣ ਲਈ ਵਿੱਢੀ ਹੋਈ ਮੁਹਿੰਮ ਵਿਚ ਸ਼ਾਨਦਾਰ ਯੋਗਦਾਨ ਪਾਉਣ ਦਾ ਇਕ ਵੱਡਾ ਉਪਰਾਲਾ ਕੀਤਾ ਹੈ। ਨਿਊ ਦੇਸ਼ ਤੋਂ ਸਬਕ ਲੈਂਦੇ ਹੋਏ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਵਾਤਾਵਰਨ ਨੂੰ ਇਸ ਮੁਹਿੰਮ ਵਿਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।
…. ਡਾ. ਗੁਰਿੰਦਰ ਕੌਰ
*ਪ੍ਰੋਫ਼ੈਸਰ, ਜਿਓਗਰਾਫ਼ੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।