ਹਾਂਗਕਾਂਗ ਲੈਜੀਕੋ ਸੀਟਾਂ ਦੀ ਗਿਣਤੀ ਵਿੱਚ ਅਹਿਮ ਤਬਦੀਲੀ

0
695

ਬੀਜਿੰਗ (ਏਜੰਸੀਆਂ) : ਹਾਂਗਕਾਂਗ ‘ਚ ਪਰਦੇ ਪਿੱਛੇ ਤੋਂ ਸ਼ਾਸਨ ਕਰਨ ਦੀ ਮਨਸ਼ਾ ਤਹਿਤ ਬੀਜਿੰਗ ਨੇ ਉੱਥੋਂ ਦੀ ਲੈਜੀਕੋ ‘ਚ ਚੁਣੀਆਂ ਸੀਟਾਂ ਦੀ ਗਿਣਤੀ ਘੱਟ ਕਰ ਦਿੱਤੀ ਹੈ। ਚੀਨ ਦੀ ਪ੍ਰਮੁੱਖ ਵਿਧਾਨ ਪਾਲਿਕਾ ਦੀ ਦੋ ਦਿਨਾ ਬੈਠਕ ਤੋਂ ਬਾਅਦ ਮੰਗਲਵਾਰ ਨੂੰ ਇਨ੍ਹਾਂ ਬਦਲਾਵਾਂ ਦਾ ਐਲਾਨ ਕੀਤਾ ਗਿਆ। ਨਵੀਂ ਵਿਵਸਥਾ ਮੁਤਾਬਕ, ਲੈਜੀਕੋ ਸੀਟਾਂ ਦੀ ਗਿਣਤੀ ਵਧਾ ਕੇ 90 ਕਰ ਦਿੱਤੀ ਗਈ ਹੈ ਪਰ ਸਿਰਫ਼ 20 ਸੀਟਾਂ ‘ਤੇ ਹੀ ਆਮ ਲੋਕਾਂ ਵੱਲੋਂ ਮੈਂਬਰ ਚੁਣੇ ਜਾਣਗੇ। ਹਾਲੇ ਲੈਜੀਕੋ ਦੀਆਂ 70 ‘ਚੋਂ ਅੱਧੀਆਂ ਸੀਟਾਂ ‘ਤੇ ਮੈਂਬਰ ਸਿੱਧੇ ਚੁਣ ਕੇ ਆਉਂਦੇ ਸਨ। ਦੱਸਣਯੋਗ ਹੈ ਕਿ ਸ਼ੀ ਚਿਨਪਿੰਗ ਸਰਕਾਰ ਨੇ ਪਿਛਲੇ ਸਾਲ ਹਾਂਗਕਾਂਗ ‘ਚ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤਾ ਸੀ ਤੇ ਇਸ ਸਾਲ ਉਹ ਚੋਣ ਪ੍ਰਕਿਰਿਆ ‘ਚ ਬਦਲਾਅ ਕਰ ਰਿਹਾ ਹੈ।
ਚੀਨ ਦੀ ਨੈਸ਼ਨਲ ਪੀਪਲਜ਼ ਕਾਂਗਰਸ ਦੀ ਸਥਾਈ ਕਮੇਟੀ ਨੇ ਹਾਂਗਕਾਂਗ ਦੇ ਸੰਵਿਧਾਨ ‘ਚ ਸੋਧਾਂ ਨੂੰ ਮਨਜ਼ੂਰੀ ਦੇ ਦਿੱਤੀ ਜਿਸ ਤੋਂ ਬਾਅਦ ਸ਼ਹਿਰ ਦੇ ਲੈਜੀਕੋ ‘ਤੇ ਬੀਜਿੰਗ ਦਾ ਕੰਟਰੋਲ ਵਧ ਜਾਵੇਗਾ। ਨਵੀਂ ਲੈਜੀਕੋ ‘ਚ 20 ਚੁਣੇ ਮੈਂਬਰ ਹੋਣਗੇ, 30 ਮੈਂਬਰ ਚੋਣ ਖੇਤਰਾਂ ਵੱਲੋਂ ਚੁਣੇ ਜਾਣਗੇ ਤੇ 40 ਮੈਂਬਰ ਚੋਣ ਕਮੇਟੀ ਵੱਲੋਂ ਚੁਣੇ ਜਾਣਗੇ। ਇਹ ਸਾਰੇ ਮਿਲ ਕੇ ਸ਼ਹਿਰ ਦੇ ਆਗੂ ਦੀ ਚੋਣ ਕਰਨਗੇ। ਚੋਣ ਕਮੇਟੀ ਦੇ ਮੈਂਬਰਾਂ ਦੀ ਗਿਣਤੀ 1200 ਤੋਂ ਵਧਾ ਕੇ 1500 ਕੀਤੀ ਗਈ ਹੈ। ਇਸ ਕਮੇਟੀ ‘ਚ ਬੀਜਿੰਗ ਦੀ ਕੇਂਦਰ ਸਰਕਾਰ ਦੇ ਹਮਾਇਤੀਆਂ ਦੀ ਗਿਣਤੀ ਜ਼ਿਆਦਾ ਹੈ। ਹਾਂਗਕਾਂਗ ‘ਚ ਸਿਆਸੀ ਵਿਰੋਧੀ ਇਨ੍ਹਾਂ ਬਦਲਾਵਾਂ ਨੂੰ ਉਸ ਨੂੰ ਸ਼ਾਸਨ ਤੋਂ ਦੂਰ ਰੱਖਣ ਦੀਆਂ ਕੋਸ਼ਿਸ਼ਾਂ ਵਜੋਂ ਦੇਖਦਾ ਹੈ। ਨੈਸ਼ਨਲ ਪੀਪਲਜ਼ ਕਾਂਗਰਸ ਨੇ ਮਾਰਚ ‘ਚ ਰੱਖੀ ਉਸ ਤਜਵੀਜ਼ ‘ਤੇ ਮੋਹਰ ਲਾਈ ਹੈ ਜਿਸ ‘ਚ ਸਥਾਈ ਕਮੇਟੀ ਨੂੰ ਮੂਲ ਕਾਨੂੰਨ ‘ਚ ਬਦਲਾਅ ਕਰਨ ਦਾ ਅਧਿਕਾਰ ਦਿੱਤਾ ਗਿਆ। ਹਾਂਗਕਾਂਗ ‘ਚ ਹੁਣ ਚੋਣ ਕਾਨੂੰਨਾਂ ‘ਚ ਬਦਲਾਅ ਕੀਤਾ ਜਾਵੇਗਾ ਤੇ ਸੋਧੇ ਕਾਨੂੰਨ ਤਹਿਤ ਹੀ ਚੋਣ ਕਰਵਾਈ ਜਾਵੇਗੀ। ਹਾਂਗਕਾਂਗ ਮੁੱਖੀ ਅਨੁਸਾਰ ਪਿਛਲੇ ਸਾਲ ਸਤੰਬਰ ਵਿਚ ਹੋਣ ਵਾਲੀਆਂ ਲੈਜੀਕੋ ਚੋਣਾਂ ਹੁਣ ਇਸ ਸਾਲ ਦੇ ਅੰਤ ਵਿਚ ਹੋਣਗੀਆਂ।