ਹਾਏ ਓਏ ਕਿੰਨਾ ਦੁੱਧ ਡੋਲ੍ਹੀ ਜਾਂਦੇ ਆ,,,

0
824

ਅਗਾਂਹਵਧੂ ਵਿਦਵਾਨਾਂ ਦੇ ਦਿਮਾਗ ‘ਚ ਇਹ ਗੱਲ ਨਹੀਂ ਪੈ ਰਹੀ ਕਿ ‘ਫਲਾਣੇ ਦੇਵਤੇ ਨੂੰ ਦੁੱਧ ਪਿਆਉਣ ਲੱਗੇ ਡੋਲ੍ਹਣ ਵਿੱਚ’ ਅਤੇ ਸੰਗਮਰਮਰ ਨੂੰ ਕੱਚੀ ਲੱਸੀ ਨਾਲ ਧੋਣ (ਦੁੱਧ ਨਹੀਂ) ਯਾਨੀ ਇਕ ਕਲੀਨਰ ਵਜੋਂ ਵਰਤਣ ਵਿੱਚ ਕੀ ਫਰਕ ਹੈ? ਕੱਚੀ ਲੱਸੀ ਕੀ ਹੁੰਦੀ ਹੈ ਇਕ ਬਾਲਟੀ ਪਾਣੀ ‘ਚ ਐਵੇਂ 2 ਗਲਾਸ ਦੁੱਧ,,, ਮੇਰੀ ਮਾਂ ਮੈਨੂੰ ਦਹੀਂ ਨਾਲ ਕੇਸੀ ਇਸ਼ਨਾਨ ਕਰਵਾਉਂਦੀ ਰਹੀ ਹੈ ਸ਼ੈਂਪੂ ਤਾਂ ਬਹੁਤ ਮਗਰੋਂ ਆਏ ਹਨ ਬਜ਼ਾਰ ‘ਚ,,, ਜੇ ਕੋਈ ਬਜ਼ਾਰੂ ਕਲੀਨਰ ਵਰਤਣਗੇ ਫੇਰ ਕੀ ਹੋਵੇਗਾ? ਬੇਸ਼ੱਕ ਦਰਬਾਰ ਸਾਹਿਬ ਤੋਂ ਡਰੇਨ ਸਿਸਟਮ ਵੱਖਰਾ ਹੈ ਪਰ ਫਿਰ ਵੀ ਕੁਝ ਨਾ ਕੁਝ ਹਿੱਸਾ ਸਰੋਵਰ ‘ਚ ਚਲਿਆ ਜਾਣਾ ਲਾਜ਼ਮੀ ਹੈ,,, ਛਿੱਟੇ ਪੈਂਦੇ ਹਨ ਸਰੋਵਰ ‘ਚ,,, ਸੰਗਤ ਚੂਲਾ ਛਕਦੀ ਹੈ ਹਰਿ ਕੀ ਪਉੜੀ ਤੋਂ,,, ਸਰੋਵਰ ‘ਚ ਬੱਚੇ ਬੁੱਢੇ ਜਵਾਨ ਇਸ਼ਨਾਨ ਕਰਦੇ,,, ਕੀ ਇਹ ਸਹੀ ਹੋਵੇਗਾ ਕਿ ‘ਟੁੱਚਲ ਵਿਦਵਾਨਾਂ’ ਮਗਰ ਲੱਗ ਕੇ ਕੋਈ ਬਜ਼ਾਰੂ ਮਾਰਬਲ ਕਲੀਨਰ ਵਰਤਿਆ ਜਾਵੇ ਜੇ ਸਰੋਵਰ ਦੇ ਜਲ ‘ਚ ਮਿਲਕੇ ਨੁਕਸਾਨ ਵੀ ਕਰੇ? ਜਿੱਥੇ ਲੋਕ ਸੰਗਤ ਦੀ ਧੂੜ ਨੂੰ ਚੁੰਮਦੇ ਹਨ ਕੀ ਓਥੇ ਫਰਨੈਲ ਦਾ ਪੋਚਾ ਲਾਇਆ ਜਾਵੇ? ਜਦੋਂ ਦੁਨੀਆਂ ਦੇ ਲੋਕ ‘ਆਰਗੈਨਿਕਵਾਦ’ ਵੱਲ ਮੁੜ ਰਹੇ ਹਨ ਤਾਂ ਅਸੀਂ ਪੁੱਠੇ ਤੁਰ ਪਈਏ? ਲੋਕ ਦਵਾਈਆਂ ਛੱਡ ਕਿ ਮਲੱਠੀ ਹਲਦੀ ਤੇ ਮੁੜ ਆਏ ਹਨ ਤੇ ਅਸੀਂ ‘ਕੁਦਰਤੀ ਕਲੀਨਰ’ ਛੱਡ ਕੇ ‘ਲਾਈਸਲ’ ਦਾ ਪੋਚਾ ਲਾਈਏ ਦਰਬਾਰ ਸਾਹਿਬ? ਹਲਦੀ ਜ਼ਖ਼ਮ ਤੇ ਵੀ ਲੱਗ ਜਾਂਦੀ ਹੈ ਤੇ ਖਾਧੀ ਵੀ ਜਾਂਦੀ ਹੈ? ਜੇ ਕਿਸੇ ਲੱਤ ਬਾਂਹ ਤੇ ਵੱਡੀ ਫਿੰਸੀ ਹੋ ਜਾਣੀ ਫਿੱਸਣੀ ਨਾ, ਮਾਤਾਵਾਂ ਨੇ ‘ਮੱਕੀ ਦੀ ਰੋਟੀ ਬਣਾ ਕੇ ਲੀਰ ਨਾਲ ਬੰਨ੍ਹ ਦੇਣੀ ਲੱਤ ਬਾਂਹ ਤੇ,,, ਓਹਦੀ ਹੀਟ ਨਾਲ ਜਖਮ ਕਮਜੋਰ ਹੋਕੇ ਫਿੱਸ ਜਾਣਾ ਤੇ ਫਿਰ ਹਲਦੀ ਲਾਈ ਜਾਣੀ ਤੇ ਠੀਕ ਹੋ ਜਾਣਾ,,, ਕੀ ਓਦੋਂ ਦੇ ਵਿਦਵਾਨ ਇਹ ਕਹਿੰਦੇ ਸੀ ‘ਹਾਏ ਓਏ ਆਹ ਰੋਟੀ’ ਕੋਈ ਗਰੀਬ ਖਾ ਲੈਂਦਾ? ਤੁਹਾਡੀ ਵਿਦਵਾਨੀ ਅਨੁਸਾਰ ਦੁੱਧ ਸਿਰਫ ‘ਢਿੱਡ’ ‘ਚ ਸਿੱਟਣ ਦੇ ਕੰਮ ਈ ਆਉੰਦਾ ਬੱਸ,,,ਨਿਆਸਰਿਆਂ ਦਾ ਆਸਰਾ ਵੀ ਏਹੀ ਦਰ ਹੈ ਮੂਰਖੋ ਜਿਹੜਾ ਆਨੇ-ਬਹਾਨੇ ਤੁਹਾਡੇ ਨਿਸ਼ਾਨੇ ਤੇ ਰਹਿੰਦਾ,,, ਕਿਸੇ ‘ਟੁੱਚਲ ਵਿਦਵਾਨ’ ਨੂੰ ਇਹ ਕਹਿਕੇ ਵਾਪਸ ਮੋੜਿਆ ਗਿਆ ਹੈ ਲੰਗਰ ‘ਚੋਂ ਕਿ ਅੱਜ ਨਹੀਂ ਖੀਰ ਮਿਲਦੀ ਤੈਨੂੰ ਕਿਉਂਕਿ ਦੁੱਧ ਤਾਂ ਰਾਤ ਨੂੰ ਡੋਲਣ ਜੋਗਾ ਹੀ ਬਚਿਆ ਹੈ? ਖ਼ੈਰ ਆਜੋ ਪ੍ਰੋਫ਼ੈਸਰੋ ਇਕ ਰਿਸਰਚ ਸਕਾਲਰ ਦੀ ਗੱਲ ਸੁਣੀਏਂ ਅਗਲਾ ਲੇਖ ਪੜ੍ਹੋ,,, (ਸੁਖਦੀਪ ਸਿੰਘ ਬਰਨਾਲਾ)

ਆਓ ਜਾਣੀਏ ਧਾਰਮਿਕ ਅਸਥਾਨਾ ਤੇ ਧੁਆਈ ਲਈ ਕਿਉਂ ਵਰਤਿਆ ਜਾਂਦਾ ਹੈ ਦੁਧ :-

ਇਹ ਲੇਖ ਇੱਕ ਪੰਜਾਬੀ ਵੱਲੋ ਕੁਝ ਮਹੀਨੇ ਪਹਿਲਾ ਪਟਿਆਲਾ ਦੇ ਗੁਰੂਦਵਾਰਾ ਸਾਹਿਬ ਵਿਚ ਧੁਆਈ ਲਈ ਵਰਤੇ ਜਾਂਦੇ ਦੁਧ ਪ੍ਰਤੀ ਖੜੇ ਕੀਤੇ ਮੁਦੇ ਦੇ ਸਬੰਧ ਵਿਚ ਲਿਖਿਆ ਗਿਆ ਹੈ , ਕਿਉਂਕਿ ਕਾਫੀ ਲੋਕਾਂ ਦੇ ਮਨ ਵਿਚ ਸ਼ੰਕਾ ਬਣ ਜਾਂਦੀ ਹੈ ਤੇ ਓਹ ਲੋਕ ਇਸ ਦੁਧ ਦੀ ਧੁਆਈ ਲਈ ਵਰਤੋਂ ਨੂੰ ਮਹਿਜ ਪਾਖੰਡ ਸਮਝ ਲੈਂਦੇ ਹਨ , ਅਸਲ ਵਿਚ ਕਸੂਰ ਓਹਨਾ ਦਾ ਵੀ ਨਹੀ, ਕਸੂਰ ਸਿਰਫ ਪੁਰਾਣੀ ਪੀੜੀ ਵੱਲੋ ਆਪਣੇ ਕੰਮ ਤਾਂ ਅਗਲੀ ਪੀੜੀ ਨੂੰ ਸੋਂਪ ਦਿੱਤੇ ਜਾਂਦੇ ਨੇ ਪਰ ਓਹਨਾ ਕੰਮਾ ਦੇ ਪਿਛੇ ਦਾ ਤਰਕ ਕਈ ਵਾਰ ਨਵੀਂ ਪੀੜੀ ਨਾਲ ਵਿਚਾਰਨੋ ਰਹਿ ਜਾਂਦਾ , ਜਿਸ ਕਰਕੇ ਸਮਾ ਪਾ ਕੇ ਓਹ ਕੰਮ ਪਾਖੰਡ ਜਾਪਣ ਲੱਗ ਜਾਂਦੇ ਹਨ ਜਦੋ ਓਹਨਾ ਕੰਮ ਦੇ ਪਿਛੇ ਦਾ ਤਰਕ ਨਵੀਂ ਪੀੜੀ ਨੂੰ ਨਹੀ ਪਤਾ ਲਗਦਾ। ਇਸ ਦੁਧ ਨਾਲ ਧੁਆਈ ਲਈ ਵਾਲੇ ਮੁੱਦੇ ਵਿਚ ਵੀ ਮੈਨੂੰ ਲਗਦਾ ਵੀ ਸ਼ਾਇਦ ਇੱਦਾਂ ਹੀ ਹੋਇਆ। ਕਿਉਂਕਿ ਜਦੋ ਸਾਨੂੰ ਇਸ ਦੇ ਧੁਆਈ ਲਈ ਵਰਤਣ ਦਾ ਅਸਲੀ ਕਾਰਨ ਨਹੀ ਪਤਾ ਹੋਵੇਗਾ ਤਾਂ ਇਹ ਬਹੁਤ ਲੋਕਾਂ ਨੂੰ ਇੱਕ ਖਾਦ- ਪਦਾਰਥ ਦੀ ਬਰਬਾਦੀ ਹੁੰਦੀ ਜਾਪੇਗੀ। ਜਿਵੇ ਕਿ ਪੱਤਰਕਾਰ ਬਲਤੇਜ ਪੰਨੂੰ ਵੱਲੋ ਵੀ ਕਿਹਾ ਗਿਆ ਸੀ ਕਿ ਇਸ ਤਰਾਂ 300 ਲੀਟਰ ਦੁਧ ਦੀ ਬਰਬਾਦੀ ਕਰਨ ਦੀ ਬਜਾਏ ਲੋੜਵੰਦਾ ਨੂੰ ਵੰਡ ਦੇਣਾ ਚਾਹਿਦਾ। ਹੁਣ ਲੋੜਵੰਦਾ ਲਈ ਗੁਰੂ ਸਾਹਿਬਾਨ ਵੱਲੋ ਚਲਾਈ ਲੰਗਰ ਦੀ ਰੀਤ ਦੀ ਮੈਂ ਇਥੇ ਗੱਲ ਕਰਨੀ ਜਰੂਰੀ ਨੀ ਸਮਝਦਾ ਕਿਉਂਕਿ ਇਸ ਬਾਰੇ ਤਾ ਬੀ ਬੀ ਸੀ , ਸੀ ਐਨ ਐਨ ਤੇ ਹੋਰ ਵਿਸ਼ਵ ਦੇ ਮੀਡੀਏ ਨੇ ਜਦੋ ਗੱਲ ਕੀਤੀ ਹੋਵੇ ਤੇ ਨਿਊਯਾਰ੍ਕ ਤੇ ਯੂਰਪ ਦੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵੱਲੋ ਵੀ ਇਸ ਰੀਤ ਤੋ ਪ੍ਰਭਾਵਿਤ ਹੋ ਕੇ ਕੁਝ ਦਿਨ ਲੰਗਰ ਦਾ ਆਯੋਜਨ ਕਰਨਾ ਇਸ ਗੱਲ ਦਾ ਸਬੂਤ ਹੈ ਵੀ ਪੂਰੀ ਦੁਨਿਆ ਨੇ ਜਾਣ ਲਿਆ ਹੈ ਵੀ ਕੋਣ ਲੋੜਵੰਦਾ ਦੀਆਂ ਲੋੜਾ ਨੂੰ ਕਿੰਨੀ ਚੰਗੀ ਤਰਾਂ ਸਮਝ ਕੇ ਪੂਰੀਆਂ ਕਰ ਰਿਹਾ ਹੈ।

ਜਿਥੋਂ ਤਕ ਦੁਧ ਦੀ ਧੁਆਈ ਲਈ ਵਰਤੋਂ ਕਰ ਕੇ ਬਰਬਾਦੀ ਕਰਨ ਦਾ ਸਵਾਲ ਹੈ ਤਾਂ ਇਹ ਸਵਾਲ ਸਿਰਫ ਓਹਨਾ ਦਾ ਹੈ ਜੋ ਦੁਧ ਨੂੰ ਇੱਕ ਖਾਦ- ਪਦਾਰਥ ਤੋਂ ਵਧ ਕੁਝ ਨਹੀ ਜਾਣਦੇ ਅਤੇ ਅਸਲ ਵਿਚ ਦੁਧ ਦੇ ਉਪਯੋਗਾਂ ਬਾਰੇ ਅਨਜਾਣ ਹਨ। ਜਿਥੋਂ ਤਕ ਬਲਤੇਜ ਪੰਨੂੰ ਵੱਲੋ ਵਰਤੀ ਗਈ ਮਾਪ ਦੀ ਸੀਮਾ 300 ਲੀਟਰ ਦੀ ਗੱਲ ਹੈ ਤਾਂ ਇਹ ਗਲਤ ਹੈ। ਅਸਲ ਵਿਚ ਓਹ 300 ਲੀਟਰ ਸੰਤੁਲਿਤ ਦੁਧ ਨਹੀ ਹੁੰਦਾ , ਓਹ ਦੁਧ ਦੇ ਵਿਚ ਓਸ ਤੋਂ ਕਈ ਗੁਣਾ ਜਿਆਦਾ ਪਾਣੀ ਪਾ ਕੇ ਕੁਝ ਸਮਾ ਘੋਲ ਕੇ ਇਕ ਮਿਸ਼੍ਰਣ ਤਿਆਰ ਕੀਤਾ ਜਾਂਦਾ ਹੈ ਜਿਸ ਨਾਲ ਧੁਆਈ ਕੀਤੀ ਜਾਂਦੀ ਹੈ। ਇਹ ਮਿਸ਼੍ਰਣ ਤਿਆਰ ਕਰਨ ਦੀ ਪ੍ਰਕਿਰਿਆ ਤਕਰੀਬਨ ਓਹ ਇਤਹਾਸਿਕ ਗੁਰੁਦਵਾਰੇ ਜਿਥੇ ਰੋਜਾਨਾ ਸੈਂਕੜੇ ਸਰਧਾਲੂ ਨਤਮਸਤਕ ਹੁੰਦੇ ਨੇ ਓਥੇ ਹੁੰਦੀ ਹੈ। ਮੈ ਇਹ ਸ਼੍ਰੀ ਫਤਿਹਗੜ ਸਾਹਿਬ ਹੁੰਦੀ ਦੇਖੀ ਹੈ , ਜਿਥੇ ਮੈ ਆਪਣੀ ਪੜਾਈ ਦੇ ਸਬੰਧ ਵਿਚ 2 ਸਾਲ ਗੁਜਾਰੇ ਹਨ। ਅਸਲ ਵਿਚ ਜਿਥੇ ਰੋਜਾਨਾ ਸੈਂਕੜੇ ਲੋਕ ਆਉਂਦੇ ਜਾਂਦੇ ਰਹਿੰਦੇ ਹਨ ਓਥੇ ਸਾਫ਼ ਸਫਾਈ ਦੀ ਰੋਜਾਨਾ ਜਰੂਰਤ ਪੈਂਦੀ ਹੈ। ਇਸ ਕਰਕੇ ਅਜਿਹੇ ਗੁਰੂ ਘਰਾਂ ਵਿਚ ਰੋਜਾਨਾ ਸਵੇਰੇ ਸਫਾਈ ਕੀਤੀ ਜਾਂਦੀ ਹੈ। ਜਦੋਂ ਅਸੀਂ ਆਪਣੇ ਘਰਾਂ ਵਿਚ ਜਿਥੇ ਕੋਈ ਜਿਆਦਾ ਲੋਕਾਂ ਦਾ ਨਹੀ ਆਉਣਾ ਜਾਣਾ ਹੁੰਦਾ ਸਿਰਫ ਘਰ ਦੇ ਮੈਂਬਰ ਹੀ ਰਹਿੰਦੇ ਹਨ ਓਥੇ ਵੀ ਘਟੋ ਘਟ ਹਫਤੇ ਚ 3-4 ਦਿਨ ਸਫਾਈ ਲਈ ਪਾਣੀ ਨਾਲ ਫਨਾਈਲ ਜਾ ਰਸਾਇਣਿਕ ਕਲੀਨਰ ਵਰਤਦੇ ਹਾਂ ਫਿਰ ਜਿਥੇ ਰੋਜਾਨਾ ਸੈਂਕੜੇ ਲੋਕਾਂ ਦਾ ਆਉਣ ਜਾਣ ਹੋਵੇ ਓਥੇ ਸਾਫ਼ ਸਫਾਈ ਲਈ ਕਲੀਨਰ ਵਰਤਣ ਦੀ ਜਰੂਰਤ ਕਿਉਂ ਨਾ ਹੋਵੇ ?

ਇਸੇ ਕਰਕੇ ਗੁਰੂ ਘਰਾਂ ਵਿਚ ਦੁਧ ਦੀ ਵਰਤੋਂ ਧੁਆਈ ਲਈ ਘੋਲ ਤਿਆਰ ਕਰਨ ਲਈ ਕੀਤੀ ਜਾਂਦੀ ਹੈ ਕਿਉਂਕਿ ਦੁਧ ਸਿਰਫ ਇੱਕ ਖਾਦ ਪਦਾਰਥ ਹੀ ਨਹੀ ਹੋਰ ਵੀ ਬਹੁਤ ਸਾਰੇ ਕੰਮਾ ਵਾਸਤੇ ਉਪਯੋਗੀ ਹੈ। ਦੁਧ ਦੀ ਬਣਤਰ ਕੁਝ ਇਸ ਪ੍ਰਕਾਰ ਹੈ 80% ਪਾਣੀ, 4% ਫੈਟ, 5% ਪ੍ਰੋਟੀਨ, 5% ਖੰਡ , ਕੈਲਸ਼ੀਅਮ , ਫਾਸਫੋਰਸ, ਸਲੇਨੀਅਮ ਨੂੰ ਮਿਲਾ ਕੇ ਕੁੱਲ 21 ਪ੍ਰਕਾਰ ਦੀਆਂ ਧਾਤਾਂ (ਮਿਨਰਲ) ਤੇ ਬਹੁਤ ਥੋੜੀ ਮਾਤਰਾ ਵਿਚ ਚਰਬੀ ਵਿਚ ਘੁਲਣਸ਼ੀਲ ਵਿਟਾਮਿਨ। ਸੋ ਇਸ ਤਰਾਂ ਦੀ ਬਣਤਰ ਦੁਧ ਨੂੰ ਸਿਰਫ ਇੱਕ ਸੰਤੁਲਿਤ ਖਾਦ ਪਦਾਰਥ ਹੀ ਨਹੀ ਬਲਕਿ ਇਸ ਨੂੰ ਕੁਝ ਹੋਰ ਪਦਾਰਥਾਂ ਨਾਲ ਮਿਲਾ ਕੇ ਜੈਵਿਕ ਗ੍ਰੋਥ ਪ੍ਰੋਮੋਟਰ , ਉੱਲੀ ਨਾਸ਼ਕ, ਕੀਟਨਾਸ਼ਕ ਆਦਿ ਅਨੇਕਾਂ ਕੰਮਾਂ ਦੇ ਤੋਰ ਤੇ ਉਪਯੋਗ ਕੀਤਾ ਜਾ ਸਕਦਾ ਹੈ। ਜਿਵੇ ਕਿ ਦੁਧ ਵਿਚ 8 ਗੁਣਾ ਪਾਣੀ ਮਿਲਾ ਕੇ ਇਸ ਨੂੰ ਕੁਝ ਸਮਾ ਘੋਲਨ ਤੋਂ ਬਾਅਦ ਇਕ ਵਧੀਆ ਜੈਵਿਕ ਮਾਰਬਲ ਕਲੀਨਰ ਬਣ ਜਾਂਦਾ ਹੈ ਕਿਉਂਕਿ ਦੁਧ ਵਿਚ ਮਜੂਦ ਫੈਟ ਅਤੇ ਧਾਤਾਂ ਮਾਰਬਲ ਨੂੰ ਚਮਕ ਦਿੰਦੀਆ ਹਨ ਓਥੇ ਈ ਸਮਾ ਪੈਣ ਤੇ ਇਸ ਵਿਚ ਪੈਦਾ ਹੋਏ ਸੀਮੈਟਿਕ ਸੈੱਲ ਇਸ ਵਿਚਲੀ ਖੰਡ ਨੂੰ ਖਾਣ ਤੋਂ ਬਾਅਦ ਇਸ ਨੂੰ ਜੈਵਿਕ ਉੱਲੀ ਨਾਸ਼ਕ ਵਿਚ ਬਦਲ ਦਿੰਦੇ ਹਨ। ਇਸ ਕਰਕੇ ਦੁਧ ਦੀ ਵਰਤੋਂ ਪਿਛਲੇ ਸਮਿਆਂ ਤੋ ਬਹੁਤ ਅਸਥਾਨਾ ਤੇ ਇੱਕ ਜੈਵਿਕ ਕਲੀਨਰ ਵਜੋਂ ਹੁੰਦੀ ਆ ਰਹੀ ਹੈ।
ਪਰ ਅਜੇ ਵੀ ਕੁਝ ਲੋਕਾਂ ਨੂੰ ਇਹ ਤਰਕ ਗੱਪ ਲਗਦੀ ਹੋਵੇ ਤਾਂ ਮੈ ਇਸ ਦੇ ਸਬੰਧ ਵਿਚ ਕੁਜ ਤਰਕ ਦੇਵਾਗਾ ਜਿੰਨਾ ਵਿਚ ਕੁਝ ਤਾਂ ਸਾਡੇ ਬਜੁਰਗਾਂ ਤੋਂ ਪੁਛੇ ਗਏ ਨੇ ਜੋ ਪੁਰਾਣੇ ਸਮਿਆਂ ਵਿਚ ਓਹ ਆਮ ਵਰਤਦੇ ਰਹੇ ਨੇ ਅਤੇ ਬਾਕੀ ਦੇ ਮੇਰੇ ਆਪਣੇ ਪਿਛਲੇ ਸਾਲ ਦੇ ਤਜਰਬੇ ਨੇ ਅਤੇ ਦਰਜਨਾ ਹੋਰ ਲੋਕਾਂ ਦੇ ਤਜਰਬੇ ਨੇ , ਜੋ ਦੁਧ ਨੂੰ ਖਾਦ-ਪਦਾਰਥ ਤੋਂ ਇਲਾਵਾ ਜੈਵਿਕ ਗ੍ਰੋਥ ਪ੍ਰੋਮੋਟਰ, ਉੱਲੀ ਨਾਸ਼ਕ , ਕੀਟਨਾਸ਼, ਆਦਿ ਸਿਧ ਕਰਦੇ ਹਨ।

1. ਪੁਰਾਣੇ ਸਮਿਆਂ ਵਿਚ ਲੋਕ ਦੁਧ ਨੂੰ ਰਿੜਕ ਕੇ ਓਸ ਵਿਚੋ ਮਖਣ ਕੱਦ ਲੇਂਦੇ ਸਨ ਅਤੇ ਬਚੀ ਹੋਏ ਮਿਸ਼੍ਰਣ ਜੋ ਜਿਸ ਨੂੰ ਖੱਟੀ ਲੱਸੀ ਵੀ ਕਿਹਾ ਜਾਂਦਾ ਸੀ ਨੂੰ ਪੀਣ ਤੋ ਇਲਾਵਾ ਕੇਸ ਧੋਣ ਲਈ ਵਰਤਦੇ ਸਨ। ਇਸ ਲੱਸੀ ਨੂੰ ਖੱਟੀ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸਦਾ ਸਵਾਦ ਆਮ ਦੁਧ ਨੂੰ ਘੋਲ ਕੇ ਬਣਾਈ ਲੱਸੀ ਨਾਲੋ ਥੋੜਾ ਖਟਾਸ ਵਿਚ ਹੁੰਦਾ,ਜਿਆਦਾ ਨਹੀ। ਕਿਉਂਕਿ ਇਸ ਨੂੰ ਬਣਾਉਣ ਲਈ ਕੋਈ ਖੱਟਾ ਪਦਾਰਥ ਜਿਵੇ ਲੱਸੀ , ਮਖਣ ਜਾਂ ਮਲਾਈ ਬਹੁਤ ਥੋੜੀ ਮਾਤਰਾ ਵਿਚ ਇੱਕ ਆਮ ਜਿਹੇ ਤਾਪਮਾਨ (23-27 ਡਿਗਰੀ ) ਤੇ ਦੁਧ ਵਿਚ ਪਾ ਦਿੱਤਾ ਜਾਂਦਾ ਹੈ , ਕਿਉਂਕਿ ਆਮ ਤਾਪਮਾਨ ਤੇ ਸੀਮੈਟਿਕ ਸੈੱਲ ਬਹੁਤ ਤੇਜੀ ਨਾਲ ਵਧ ਦੇ ਹਨ ਅਤੇ ਇਸ ਵਿਚਲੀ ਮਜੂਦ ਖੰਡ ਨੂੰ ਖਾਂਦੇ ਹਨ ਜਿਸ ਨਾਲ ਦੁਧ ਦਾ ਸਵਾਦ ਮਿਠੇ ਤੋਂ ਥੋੜਾ ਬਦਲ ਕੇ ਥੋੜੀ ਜਿਹੀ ਖੱਟਾਸ ਵਿਚ ਆ ਜਾਂਦਾ ਹੈ। ਦੁਧ ਨੂੰ ਰਿੜਕਣ ਤੋ ਬਾਅਦ ਮਲਾਈ ਇਸ ਵਿਚੋਂ ਕੱਡ ਲਈ ਜਾਂਦੀ ਹੈ ਜਿਸ ਨਾਲ ਕਾਫੀ ਮਾਤਰਾ ਚ ਚਿਕਨਾਈ ਇਸ ਵਿਚੋ ਬਾਹਰ ਨਿਕਲਣ ਅਤੇ ਖੰਡ ਦੇ ਖਤਮ ਹੋਣ ਨਾਲ ਬਾਕੀ ਬਚੇ ਮਿਸ਼੍ਰਣ ਵਿਚ ਸੀਮੈਟਿਕ ਸੈੱਲ ਬਹੁਤ ਕਿਰਿਆਸ਼ੀਲ ਹੋ ਜਾਂਦੇ ਹਨ , ਜੋ ਸਮਾ ਪੈਣ ਤੇ ਇੱਕ ਵਧੀਆ ਸ਼ੈਂਪੂ ਦੀ ਤਰਾਂ ਕੰਮ ਕਰਦਾ ਹੈ ਇਸੇ ਕਰਕੇ ਪੁਰਾਣੇ ਸਮੇ ਵਿਚ ਲੋਕ ਇਸਨੂੰ ਸ਼ੈਂਪੂ ਵਜੋਂ ਵਰਤਦੇ ਸਨ।

ਹੁਣ ਮੇਰੇ ਆਪਣੇ ਕੁਝ ਤਜਰਬੇ

ਦੁਧ ਦੇ ਕੀਟਨਾਸ਼ਕ ਅਤੇ ਉੱਲੀ ਨਾਸ਼ਕ ਗੁਣਾ ਬਾਰੇ ਕਿਤਾਬਾਂ ਚ ਪੜਿਆ ਸੀ ਪਰ ਇਸਨੂੰ ਆਪਣੇ ਅਖੀਂ ਪਿਛਲੇ ਸਾਲ ਦੇਖਿਆ , ਮੇਰਾ ਇੱਕ ਦੋਸਤ ਸਬਜੀਆਂ ਦੀ ਕਾਸ਼ਤ ਕਰਦਾ ਹੈ, ਪਿਛਲੇ ਸਾਲ ਓਸ ਨੇ ਮਿਰਚਾਂ ਦੀ ਬਿਜਾਈ ਕੀਤੀ ਹੋਈ ਸੀ। ਮਿਰਚਾਂ ਦੇ ਪੱਤਿਆਂ ਦਾ ਮੁੜਨਾ ਇੱਕ ਆਮ ਬਿਮਾਰੀ ਹੈ , ਕਿਸਾਨ ਇਸ ਨੂੰ ਠੂਠੀ ਵੀ ਆਖਦੇ ਹਨ , ਕਾਫੀ ਰਸਾਇਣਿਕ ਸਪ੍ਰੇਹਾਂ ਜਿਵੇ ਬੀ ਐਸ ਈ, ਨੁਵਾਨ ਕਰਨ ਤੋਂ ਬਾਅਦ ਵੀ ਓਸਨੇ ਮੈਨੂੰ ਦੱਸਿਆ ਕੀ ਬਿਮਾਰੀ ਹਟਣ ਵਿਚ ਨਹੀ ਆ ਰਹੀ , ਵੈਸੇ ਤਾ ਹੋਰ ਬਹੁਤ ਤੇਜ ਰਸਾਇਣਿਕ ਸਪ੍ਰੇਹਾਂ ਬਾਜਾਰ ਵਿਚ ਉਪਲਬਧ ਹਨ ਪਰ ਸਬਜੀਆਂ ਉੱਪਰ ਇਹ ਹਲਕੀਆਂ ਰਸਾਇਣਿਕ ਸਪ੍ਰੇਹਾਂ ਹੀ ਕੀਤੀਆਂ ਜਾਂਦੀਆ ਨੇ ਕਿਉਂਕਿ ਸਬਜੀ ਦੀ ਤੋੜਾਈ 3-4 ਦਿਨਾ ਬਾਅਦ ਤਾਂ ਕਰਨੀ ਹੀ ਪੈਂਦੀ ਹੈ ਤੇ ਇਹਨਾ ਦਾ ਅਸਰ 4 ਦਿਨ ਤੋਂ ਵਧ ਨੀ ਹੁੰਦਾ। ਇਸ ਕਰਕੇ ਤੇਜ ਰਸਾਇਣਿਕ ਸਪ੍ਰੇਹਾਂ ਸਬਜੀਆਂ ਉੱਪਰ ਕਰਨ ਤੋ ਮਨਾ ਕੀਤਾ ਜਾਂਦਾ ਹੈ। ਤਾਂ ਇਸ ਸਮੱਸਿਆ ਦੇ ਹੱਲ ਲੈ ਅਸੀਂ 12 ਲੀਟਰ ਦੁਧ ਨੂੰ 80 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਲਗਾਤਾਰ 4 ਦਿਨ ਛਿੜਕਾ ਕੀਤਾ ਤੇ ਹਫਤੇ ਹਫਤੇ ਤੇ ਫਰਕ ਤੇ 2-2 ਦਿਨ ਫੇਰ ਕੀਤਾ , ਸਾਡੀ ਹੈਰਾਨੀ ਦੀ ਹੱਦ ਨਾ ਰਹੀ ਜਦੋ ਅਸੀਂ ਦੇਖਿਆ ਕੀ ਇਸ ਕਚੀ ਲੱਸੀ ਦੀ ਸ੍ਪ੍ਰੇਹ ਦੇ ਨਤੀਜੇ ਰਸਾਇਣਿਕ ਸਪ੍ਰੇਹਾਂ ਤੋਂ ਕੀਤੇ ਜਿਆਦਾ ਵਧੀਆ ਸਨ। ਇਸ ਬਾਰੇ ਕੁਦਰਤੀ ਖੇਤੀ ਨੂੰ ਉਤਸਾਹਿਤ ਕਰਨ ਵਾਲੀਆ ਸੰਸਥਾਵਾਂ ਕੋਲੋ ਸੁਣਿਆ ਜਰੂਰ ਪਰ ਆਪਣੇ ਅਖੀਂ ਪਿਛਲੇ ਸਾਲ ਵੇਖਿਆ। ਇਸ ਸਫਲ ਤਜਰਬੇ ਨੇ ਸਾਨੂੰ ਦੁਧ ਨਾਲ ਹੋਰ ਤਜਰਬੇ ਕਰਨ ਲਈ ਉਤਸਾਹਿਤ ਕੀਤਾ। ਫਿਰ ਸਦਾ ਅਗਲਾ ਤਜਰਬਾ ਸੀ ਦੁਧ ਤੋਂ ਬਣੀ ਖੱਟੀ ਲੱਸੀ ਨੂੰ ਉੱਲੀ ਨਾਸ਼ਕ ਵਜੋਂ ਵਰਤਣਾ। ਪਿਛਲੇ ਸਾਲ ਜਿਵੇ ਅਸੀਂ ਅਖਬਾਰਾ ਵਿਚ ਆਮ ਪੜਿਆ ਕੇ ਕਾਫੀ ਕਿਸਾਨਾ ਨੇ ਬਾਸਮਤੀ 1509 ਦੀ ਫਸਲ ਉੱਲੀ ਰੋਗ ਕਰਕੇ ਵਾਹੀ। ਬਾਸਮਤੀ 1509 ਤੇ ਬਾਕੀ ਹੋਰ ਕਿਸਮਾ ਨਾਲੋ ਉੱਲੀ ਰੋਗ ਦਾ ਹਮਲਾ ਜਿਆਦਾ ਹੁੰਦਾ ਹੈ ਤੇ ਜਦੋ ਇੱਕ ਵਾਰ ਇਹ ਰੋਗ ਲੱਗ ਜਾਵੇ ਤਾ ਫਸਲ ਨੂੰ ਵਾਹੁਣ ਤੋਂ ਬਿਨਾ ਹੋਰ ਕੋਈ ਚਾਰਾ ਨਹੀ , ਇਸੇ ਕਰਕੇ ਯੂਨੀਵਰਸਿਟੀ ਕਿਸਾਨਾ ਨੂੰ ਇਸ ਫ਼ਸਲ ਦੇ ਬੀਜ ਨੂੰ ਬਿਜਾਈ ਤੋ ਪਹਲਾ ਉੱਲੀ ਨਾਸ਼ਕ ਨਾਲ ਬੀਜ ਨੂੰ ਸੋਧਣ, ਪਨੀਰੀ ਲਗਾਉਣ ਤੋ ਪਹਿਲਾ ਖੇਤ ਵਿਚ ਉੱਲੀ ਨਾਸ਼ਕ ਨੂੰ ਰਲਾਉਣ ਅਤੇ ਝੋਨੇ ਦੀ ਲਵਾਈ ਤੇ 24 ਘੰਟੇ ਦੇ ਵਿਚ ਵਿਚ ਉੱਲੀ ਨਾਸ ਦਾ ਫਿਰ ਤੋ ਪ੍ਰਯੋਗ ਕਰਨ ਨਾਲ ਮਤਲਬ 3 ਵਾਰ ਫਸਲ ਵਿਚ ਉੱਲੀ ਨਾਸ਼ਕ ਦਾ ਪ੍ਰਯੋਗ ਕਰਨ ਨਾਲ ਹੀ ਇਸ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ। ਤਾਂ ਅਸੀਂ ਇੱਕ 2 ਵਿਘੇ ਦੇ ਖੇਤ ਵਿਚ ਦੁਧ ਤੋ ਬਣੀ ਖੱਟੀ ਲੱਸੀ ਨੂੰ ਜੈਵਿਕ ਉੱਲੀ ਨਾਸ਼ਕ ਵਜੋਂ ਵਰਤ ਕੇ ਤਜੁਰਬਾ ਕੀਤਾ , ਤਕਰੀਬਨ 4 ਮਹੀਨੇ ਪੁਰਾਣੀ ਲੱਸੀ ਦਾ ਪ੍ਰਯੋਗ ਕੀਤਾ ਗਿਆ , ਜਿਸ ਵੀ ਨਤੀਜੇ ਸ਼ਾਨਦਾਰ ਰਹੇ , ਓਸ ਖੇਤ ਦੀ ਫਸਲ ਕਿਸੇ ਵੀ ਪਖੋਂ ਬਾਕੀ ਦੀ ਰਸਾਇਣਿਕ ਉੱਲੀ ਨਾਸ਼੍ਕਾ ਦੀ ਵਰਤੋ ਕਰਕੇ ਪੈਦਾ ਕੀਤੀ 1509 ਦੀ ਫਸਲ ਨਾਲੋ ਘਟ ਨਹੀ ਸੀ ਸਗੋਂ ਰਸਾਇਣਿਕ ਉੱਲੀ ਨਾਸ਼੍ਕਾ ਦੇ ਮਾੜੇ ਪ੍ਰਭਾਵਾਂ ਤੋ ਬਚੀ ਹੋਣ ਕਰਕੇ ਜਿਆਦਾ ਚਮਕਦਾਰ ਦਾਣੇ ਸਨ। ਇਹ ਆਪਣਾ ਤਜਰਬਾ ਸੀ ਪਰ ਖੇਤੀ ਵਿਰਾਸਤ ਮਿਸਨ ਜੈਤੋਂ ਜੋ ਕਿਸਾਨਾ ਨੂੰ ਕੁਦਰਤੀ ਖੇਤੀ ਦੀਆਂ ਤਕਨੀਕਾ ਦੱਸਦਾ ਹੈ ਓਸ ਨਾਲ ਜੁੜੇ ਦਰਜਣ ਕਿਸਾਨ ਅਜਿਹੇ ਹਨ ਜਿੰਨਾ ਨੇ ਪਿਛਲੇ ਸਾਲ ਉੱਲੀ ਰੋਗ ਦੀ ਲਪੇਟ ਵਿਚ ਆਈ ਬਾਸਮਤੀ 1509 ਦੀ ਫਸਲ ਨੂ ਦੁਧ ਤੋ ਬਣੀ ਖੱਟੀ ਲੱਸੀ ਦੀ ਵਰਤੋ ਨਾਲ ਬਚਾ ਲਿਆ ਜਿਥੇ ਹੋਰ ਸਾਰੀਆਂ ਰਸਾਇਣਿਕ ਉੱਲੀ ਨਾਸ਼੍ਕਾ ਬੇਅਸਰ ਸਨ।

ਇੱਕ ਹੋਰ ਤਜੁਰਬਾ ਭਿੰਡੀ ਦੀ ਫਸਲ ਤੇ ਪੁਰਾਨੀ ਖੱਟੀ ਲੱਸੀ ਦੇ ਪ੍ਰਯੋਗ ਨਾਲ ਕੀਟਾ ਉੱਪਰ ਕਾਬੂ ਪਾਉਣ ਲਈ ਸੀ। ਮੇਰੇ ਇੱਕ ਜਾਣਕਾਰ ਜੋ ਕੀ ਭਿੰਡੀ ਦੀ ਕਾਸ਼ਤ ਕਰਦਾ ਹੈ ਓਸਨੇ ਦੱਸਿਆ ਕਿ ਓਹ ਭਿੰਡੀ ਉੱਪਰ ਰੋਜ ਰੋਜ ਕਰਨੀ ਪੇਂਦੀ ਕੀਟਨਾਸ਼ਕਾ ਦੀ ਸ੍ਪ੍ਰੇਹ ਤੋਂ ਪਰੇਸ਼ਾਨ ਹੈ , ਮੈ ਓਸਨੂੰ ਪੁਰਾਨੀ ਖੱਟੀ ਲੱਸੀ ਦੇ ਪ੍ਰਯੋਗ ਦੀ ਸਲਾਹ ਦਿੱਤੀ , ਬਸ ਫਿਰ ਕੀ ਸੀ ਅਸੀਂ ਦੇਖਿਆ ਕੀ ਖੱਟੀ ਲੱਸੀ ਦੇ ਕੀਟਨਾਸ਼ਕ ਵਜੋ ਪ੍ਰਯੋਗ ਕਰਨ ਦੇ ਨਤੀਜੇ ਰਸਾਇਣਿਕ ਕੀਟ ਨਾਸ਼੍ਕਾ ਤੋ ਕਿਤੇ ਜਿਆਦਾ ਅਸ੍ਸ੍ਰ੍ਦਾਰ ਸਨ।

ਸਾਡੇ ਕੁਝ ਹੋਰ ਤਜੁਰਬੇ ਵੀ ਸਨ ਪਰ ਓਹ ਫੇਰ ਕਿਸੇ ਦਿਨ ਲਿਖਾਗੇ। ਵੈਸੇ ਇਹ ਲੇਖ ਮੈ ਜਦੋ ਬਲਤੇਜ ਪੰਨੂੰ ਨੇ ਦੁਧ ਦੀ ਉਪਯੋਗਤਾ ਤੇ ਸ਼ੰਕਾ ਕੀਤਾ ਸੀ ਓਦੋਂ ਈ ਲਿਖਣ ਲੱਗਿਆ ਸੀ ਪਰ ਕੁਝ ਪੇਪਰਾਂ, ਸੈਮੀਨਾਰਾ ਤੇ ਥੀਸਿਸ ਦਾ ਕੰਮ ਹੋਣ ਕਰਕੇ ਵੀ ਨਾ ਲਿਖਿਆ ਤੇ ਮੈ ਚਾਹੁੰਦਾ ਸੀ ਕੀ ਇਸ ਸਾਲ ਹੋਰ ਜਿਆਦਾ ਤਜੁਰਬੇ ਕੀਤੇ ਜਾਂ ਤੇ ਫਿਰ ਲਿਖਿਆ ਜਾਵੇ ਪਰ ਇਸ ਸਾਲ ਬਾਸਮਤੀ ਦੀ ਬਾਜਾਰ ਵਿਚ ਵਿਕਰੀ ਪ੍ਰਤੀ ਸ਼ੰਕੇ ਆਉਣ ਕਰਕੇ ਬਿਜਾਈ ਨਾ ਕੀਤੀ ਗਈ ਤੇ ਓਸ ਉੱਪਰ ਇਸ ਵਾਰ ਫਿਰ ਦੁਧ ਤੋਂ ਬਣੇ ਪਦਾਰਥ ਦੇ ਉੱਲੀ ਨਾਸ਼ਕ ਵਜੋ ਪ੍ਰਯੋਗ ਕਰਨਾ ਰਹਿ ਗਿਆ ਕਿਉਂਕਿ ਆਮ ਝੋਨੇ ਨੂੰ ਉੱਲੀ ਰੋਗ ਦੀ ਬਿਮਾਰੀ ਬਹੁਤ ਘਟ ਹੀ ਲਗਦੀ ਹੈ ਤੇ ਮਿਰਚਾਂ ਉੱਪਰ ਪੱਤੇ ਮੁੜਨ ਦੀ ਬਿਮਾਰੀ ਤੋ ਨਿਯੰਤਰਨ ਲਈ ਕਚੀ ਲੱਸੀ ਦੀ ਵਰਤੋਂ ਵਾਲਾ ਤਜੁਰਬਾ ਵੀ ਰਹਿ ਗਿਆ ਕਿਉਂਕਿ ਬਾਜਾਰ ਵਿਚ ਮਿਰਚ ਦੀਆਂ ਕੀਮਤਾਂ ਚ ਭਾਰੀ ਗਿਰਾਵਟ ਆਉਣ ਕਰਕੇ ਮੇਰੇ ਦੋਸਤ ਵੱਲੋ ਪਹਿਲਾ ਈ ਮਿਰਚ ਦੀ ਫਸਲ ਵਾਹ ਦਿੱਤੀ ਗਈ, ਪਰ ਭਿੰਡੀ ਉੱਪਰ ਪੁਰਾਣੀ ਲੱਸੀ ਦਾ ਕੀਟਨਾਸ਼ਕ ਵਜੋਂ ਵਰਤੋਂ ਇਸ ਵਾਰ ਵੀ ਸਫਲ ਰਹੀ।

ਇਸ ਤਰਾਂ ਅਖੀਰ ਮੈ ਕਹਿਣਾ ਚਾਹਾਂਗਾ ਕਿ ਦੁਧ ਸਿਰਫ ਖਾਦ ਪਦਾਰਥ ਨਹੀ ਇੱਕ ਬਹੁ ਉਪਯੋਗੀ ਵਸਤੂ ਹੈ। ਤੇ ਓਸਦਾ ਕਲੀਨਰ ਵ੍ਜੋ ਵਰਤਣਾ ਕੋਈ ਮਾੜੀ ਗੱਲ ਨਹੀ ਸਗੋਂ ਚੰਗੀ ਗੱਲ ਹੀ ਹੈ , ਕਿਉਂਕਿ ਦੁਧ ਕੋਈ ਐਸੀ ਚੀਜ਼ ਨੀ ਜਿਸ ਨੂੰ ਬਚਿਆਂ ਦੀ ਪਹੁੰਚ ਤੋਂ ਦੂਰ ਰਖਿਆ ਜਾਵੇ ਪਰ ਕੋਈ ਵੀ ਕਲੀਨਰ ਲੈ ਲਿਓ ਓਸ ਤੇ ਸਾਫ਼ ਸਾਫ਼ ਲਿਖਿਆ ਹੁੰਦਾ ਬਚਿਆਂ ਦੀ ਪਹੁੰਚ ਤੋਂ ਦੂਰ ਰਖੋ। ਕਿਉਂਕਿ ਓਹਨਾ ਵਿਚ ਪਾਏ ਗਏ ਹਾਨੀਕਾਰਕ ਰਸਾਇਣ ਸਾਡੇ ਆਪਣੇ ਘਰਾਂ ਅਤੇ ਧਾਰਮਿਕ ਅਸਥਾਨਾ ਅਤੇ ਜਿਥੇ ਵੀ ਇਹ ਵਰਤੇ ਜਾਂਦੇ ਨੇ ਓਥੇ ਹਵਾ ਵਿਚ ਘੁਲਣ ਨਾਲ ਸਾਹ ਦੀਆਂ ਬੀਮਾਰੀਆ ਤੇ ਹੋਰ ਰੋਗਾਂ ਨੂੰ ਪੈਦਾ ਕਰਦੇ ਨੇ, ਡਾਕਟਰ ਅਮਰ ਸਿੰਘ ਆਜ਼ਾਦ ਦੇ ਅਜੀਤ ਵਿਚ ਛਪੇ ਇੱਕ ਆਰਟੀਕਲ ਚ ਤਾਂ ਇਥੋਂ ਤਕ ਲਿਖਿਆ ਗਿਆ ਕਿ ਇਹ ਰਸਾਇਣ ਮਾਨੁਖੀ ਪ੍ਰਜਣਨ ਢਾਂਚਾ ( human reproductive system ) ਤੇ ਬਹੁਤ ਬੁਰਾ ਅਸਰ ਪਾ ਰਹੇ ਹਨ। ਸੋ ਚੰਗੀ ਗੱਲ ਹੈ ਜਿਥੇ ਇਹਨਾ ਰਸਾਇਣਿਕ ਕ੍ਲੀਨਰਾਂ ਦੀ ਜਗ੍ਹਾ ਤੇ ਦੁਧ ਤੋਂ ਬਣਾਈ ਲੱਸੀ ਨਾਲ ਈ ਸਾਰ ਲਿਆ ਜਾਂਦਾ ਹੈ , ਘਟੋ ਘੱਟ ਓਥੇ ਰੋਜਾਨਾ ਆਉਣ ਵਾਲੇ ਲੋਕਾ ਏਹੋ ਜਿਹੀਆਂ ਭਿਆਨਿਕ ਬਿਮਾਰੀਆਂ ਲੈ ਕਿ ਤਾਂ ਘਰ ਨੂੰ ਨਹੀ ਜਾਂਦੇ।

ਜੇ ਕਿਸੇ ਨੂੰ ਅਜੇ ਉੱਪਰ ਲਿਖੇ ਤਜੁਰਬੇ ਗੱਪ ਲਗਦੇ ਹੋਣ ਤਾ ਓਹ ਖੇਤੀ ਵਿਰਾਸਤ ਮਿਸਨ ਜੈਤੋ ਨਾਲ ਸਮ੍ਪਰ੍ਕ ਕਰਕੇ ਸੈਂਕੜੇ ਕਿਸਨਾ ਵੱਲੋ ਕੀਤੇ ਜਾਂਦੇ ਤਜਰਬੇ ਅਖੀਂ ਦੇਖ ਸਕਦਾ ਹੈ , ਜਾਂ ਖੁਦ ਕਰ ਸਕਦਾ ਹੈ ਕਿਉਂਕਿ ਦੁਧ ਨਾ ਤਾ ਰਸਾਇਣਾ ਜਿੰਨਾ ਮਹਿੰਗਾ ਤੇ ਨਾ ਹੀ ਇਸਨੂੰ ਬਚਿਆਂ ਦੀ ਪਹੁੰਚ ਤੋਂ ਦੂਰ ਰਖਣ ਦੀ ਲੋੜ ਹੈ।

ਹੋਰ ਜੈਵਿਕ ਤਰੀਕੇ ਸਿਖਣ ਲਈ ਕਿਤਾਬ one straw revolution ਜਾਂ ਇਸਦਾ ਪੰਜਾਬੀ ਤਰਜੁਮਾ “ਕਖ ਤੋਂ ਕ੍ਰਾਂਤੀ ” ਵੀ ਪੜੀ ਜਾ ਸਕਦੀ ਹੈ।

ਬਾਕੀ ਪੰਜਾਬੀ ਲਿਖਣ ਵਿਚ ਕੀਤੀਆਂ ਗਲਤੀਆਂ ਲਈ ਮਾਫ਼ੀ ਦਿਓ ਕਿਉਂਕਿ ਕੋਈ ਪੰਜਾਬੀ ਫੋਂਟ ਨਾ ਹੋਣ ਕਰਕੇ ਗੁਗਲ ਟਰਾਂਸਲੇਟਰ ਉੱਪਰ ਈ ਲਿਖਿਆ ਹੈ , ਸਹੀ ਲਿਖਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਕੁਝ ਸ਼ਬਦ ਜਿੰਨਾ ਵਿਚ ਅਧਕ ਦੀ ਵਰਤੋ ਹੁੰਦੀ ਹੈ ਓਹ ਗਲਤ ਨੇ ਕਿਉਂਕਿ ਓਥੇ ਅਧਕ ਹਰ ਜਗ੍ਹਾ ਨਹੀ ਸੀ ਆ ਰਿਹਾ, ਜਿਥੇ ਆਇਆ ਓਥੇ ਲਿਖਤਾ ਜਿਥੇ ਨਹੀ ਆਇਆ ਓਥੇ ਰਹਿ ਗਿਆ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਗੁਰਬੀਰ ਸਿੰਘ
ਰਿਸਰਚ ਸਕਾਲਰ ( Ph.D 2nd year)
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ