ਪਟਿਆਲਾ (ਪੰਜਾਬੀ ਚੇਤਨਾ): ਪੰਜਾਬੀ ਯੂਨੀਵਰਸਿਟੀ ਦੀ ਬਾਇਓਟੈਕਨੌਲਾਜ਼ੀ ਵਿਭਾਗ ਦੀ ਅਧਿਆਪਕਾ ਡਾ. ਮਿੰਨੀ ਸਿੰਘ ਨੇ ‘ਵਰਸਿਟੀ ਦਾ ਮਾਣ ਵਧਾਇਆ ਹੈ ਜਿਨ੍ਹਾਂ ਵੱਲੋਂ ਦੁੱਧ ‘ਚ ਹਲਦੀ ਦਾ ਘੁਲਣਸ਼ੀਲ ਫ਼ਾਰਮੂਲਾ ਤਿਆਰ ਕੀਤਾ ਹੈ। ਫ਼ਾਰਮੂਲੇ ਨਾਲ ਦੁੱਧ ‘ਚ ਹਲਦੀ ਪੂਰੀ ਤਰ੍ਹਾਂ ਘੁਲ ਜਾਵੇਗੀ। ਇਹ ਦੁੱਧ ਪੀਣ ਦਾ ਫ਼ਾਇਦਾ ਹਰ ਮਨੁੱਖ ਨੂੰ ਵੱਧ ਤੋਂ ਵੱਧ ਹੋਵੇਗਾ। ਇਸ ਤਕਨੀਕ ਨੂੰ ਹੁਣ ਮੋਹਾਲੀ ਦੀ ਇਕ ਫਰਮ ਰਾਹੀਂ ਇੰਡਸਟਰੀ ਨੂੰ ਉਪਲਬਧ ਕਰਵਾਉਣ ਸਬੰਧੀ ਕਰਾਰ ਤੈਅ ਹੋ ਗਿਆ ਹੈ। ਜਲਦ ਹੀ ਮਾਰਕਿਟ ‘ਚ ਲੋਕਾਂ ਨੂੰ ਦੁੱਧ ‘ਚ ਪੂਰੀ ਤਰ੍ਹਾਂ ਘੁੱਲੀ ਹੋਈ ਹਲਦੀ ਮੁਹੱਈਆ ਹੋਵੇਗੀ।
ਜਾਣਕਾਰੀ ਅਨੁਸਾਰ ਦੁੱਧ ਵਿਚ ਹਲਦੀ ਦੇ ਘੁਲਣਸ਼ੀਲ ਫ਼ਾਰਮੂਲੇ ‘ਤੇ ਡਾ. ਮਿੰਨੀ ਸਿੰਘ ਵੱਲੋਂ 6 ਸਾਲ ਪਹਿਲਾਂ ਖੋਜ ਸ਼ੁਰੂ ਕੀਤੀ ਗਈ ਸੀ, ਜਿਨ੍ਹਾਂ ਵੱਲੋਂ ਹਲਦੀ ਨੂੰ ਦੁੱਧ ਵਿਚ ਘੁਲਣ ਲਈ ਫ਼ਾਰਮੂਲਾ ਤਿਆਰ ਕਰ ਲਿਆ ਗਿਆ ਹੈ। ਇਸ ਸਬੰੰਧੀ ਜਾਣਕਾਰੀ ਦਿੰਦਿਆਂ ਡਾ. ਮਿੰਨੀ ਸਿੰਘ ਨੇ ਦੱਸਿਆ ਕਿ ਰਵਾਇਤੀ ਤਰੀਕੇ ਨਾਲ ਹਲਦੀ ਦੁੱਧ ‘ਚ ਪੂਰੀ ਤਰ੍ਹਾਂ ਨਹੀਂ ਘੁਲਦੀ ਸੀ ਤੇ ਇਸ ਦਾ ਸਵਾਦ ਵੀ ਕੌੜਾ ਹੋ ਜਾਂਦਾ ਸੀ। ਉਨ੍ਹਾਂ ਕਿਹਾ ਕਿ ਖੋਜ ਤੋਂ ਪਹਿਲਾਂ ਇਕ ਵਾਰ ਉਹ ਰਸਤੇ ਵਿਚ ਜਾ ਰਹੇ ਸਨ ਤਾਂ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਨ੍ਹਾਂ ਦੇ ਕਾਫ਼ੀ ਸੱਟਾਂ ਲੱਗੀਆਂ ਸਨ।
ਪਰਿਵਾਰ ਮੈਂਬਰਾਂ ਨੇ ਦਰਦ ਤੋਂ ਨਿਜਾਤ ਦਿਵਾਉਣ ਲਈ ਦੁੱਧ ਵਿਚ ਹਲਦੀ ਘੋਲ ਕੇ ਪਿਲਾਈ ਗਈ ਸੀ ਪ੍ਰੰਤੂ ਜਦੋਂ ਉਸ ਨੇ ਦੁੱਧ ਪੀਤਾ ਤਾਂ ਹਲਦੀ ਹੇਠਾਂ ਹੀ ਰਹਿ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹਲਦੀ ਨੂੰ ਦੁੱਧ ਵਿਚ ਘੋਲਣ ਲਈ ਫ਼ਾਰਮੂਲੇ ‘ਤੇ ਦਿਨ ਰਾਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀ ਮਿਹਨਤ 6 ਸਾਲ ਬਾਅਦ ਰੰਗ ਲਿਆਈ ਹੈ। ਡਾ. ਮਿੰਨੀ ਸਿੰਘ ਨੇ ਦੱਸਿਆ ਕਿ ਇਸ ਸਮੁੱਚੀ ਪ੍ਰਕਿਰਿਆ ਵਿਚ ਪੰਜਾਬ ਸਰਕਾਰ ਦੇ ਫੂਡ ਐਂਡ ਡਰੱਗ ਐਡਮਿਨਿਸ਼ਟਰੇਸ਼ਨ ਦੇ ਕਮਿਸ਼ਨਰ ਡਾ. ਕਾਹਨ ਸਿੰਘ ਪੰਨੂ ਵਲੋਂ ਬੇਹੱਦ ਸਹਿਯੋਗ ਮਿਲਿਆ ਜਿਨ੍ਹਾਂ ਨੇ ਇਸ ਦੇ ਇੰਡਸਟਰੀ ਟਰਾਇਲ ਆਦਿ ਕਰਵਾਏ। ਕਮਰਸ਼ੀਅਲਾਈਜੇਸ਼ਨ ਪੱਧਰ ਲਈ ਲੋੜੀਂਦੀ ਕਾਰਵਾਈ ਲਈ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਆਈਪੀਆਰ ਐਂਡ ਟੈਕਨੌਲਜੀ ਟਰਾਂਸਫਰ ਸੈੱਲ ਦਾ ਵਿਸ਼ੇਸ਼ ਧੰਨਵਾਦ ਕੀਤਾ।