ਯੂ ਐਨ ਦੀ ਚਿਤਾਵਨੀ :ਭਿਆਨਕ ਤਬਾਹੀ ਦਾ ਕਾਰਣ ਬਣੇਗੀ ਕੋਰੋਨਾ ਵਾਇਰਸ ਮਹਾਂਮਾਰੀ

0
322

ਵਾਸ਼ਿੰਗਟਨ : ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਨੇ ਚਿਤਾਵਨੀ ਦਿੱਤੀ ਹੈ ਕਿ ਕੋਵਿਡ-19 ਮਹਾਂਮਾਰੀ ਭਿਆਨਕ ਤਬਾਹੀ ਦਾ ਕਾਰਨ ਬਣ ਸਕਦੀ ਹੈ ਅਤੇ ਇਸ ਨਾਲ ਭੁੱਖਮਰੀ ਦੀ ਸ਼ੁਰੂਆਤ ਵੀ ਹੋ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਸਾਰੇ ਦੇਸ਼ਾਂ ਨੇ ਮਿਲ ਕੇ ਇਸ ਮਹਾਂਮਾਰੀ ਨੂੰ ਜਵਾਬ ਨਾ ਦਿੱਤਾ ਤਾਂ ਵਿਸ਼ਵ ਉਤਪਾਦਨ ‘ਚ 8500 ਬਿਲੀਅਨ ਡਾਲਰ ਦੀ ਕਮੀ ਆਵੇਗੀ।
ਸੰਯੁਕਤ ਰਾਸ਼ਟਰ ਦੇ ਸੱਕਤਰ ਜਨਰਲ ਨੇ ਵਿਕਾਸ ਲਈ ਵਿੱਤੀ ਪੋਸ਼ਣ ‘ਤੇ ਇੱਕ ਉੱਚ ਪੱਧਰੀ ਪ੍ਰੋਗਰਾਮ ‘ਚ ਕਿਹਾ, “ਸਾਨੂੰ ਇਸ ਤੋਂ ਬਚਣਾ ਚਾਹੀਦਾ ਹੈ। ਮਹਾਂਮਾਰੀ ਨੇ ਸਾਡੀ ਕਮਜ਼ੋਰੀ ਨੂੰ ਸਾਹਮਣੇ ਲਿਆ ਦਿੱਤਾ ਹੈ। ਪਿਛਲੇ ਦਹਾਕਿਆਂ ਦੀਆਂ ਸਾਰੀਆਂ ਤਕਨੀਕਾਂ ਤੇ ਵਿਗਿਆਨਕ ਪ੍ਰਾਪਤੀਆਂ ਦੇ ਬਾਵਜੂਦ ਅਸੀਂ ਮਾਈਕ੍ਰੋ ਵਾਇਰਸ ਦੇ ਕਾਰਨ ਮਨੁੱਖੀ ਸੰਕਟ ‘ਚ ਹਾਂ। ਉਨ੍ਹਾਂ ਨੇ ਇਸ ਸੰਕਟ ਦਾ ਇਕਜੁੱਟਤਾ ਨਾਲ ਜਵਾਬ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ।
ਗੁਟੇਰੇਸ ਨੇ ਕਿਹਾ, “ਜੇ ਅਸੀਂ ਹੁਣ ਕਾਰਵਾਈ ਨਹੀਂ ਕਰਂਗੇ ਤਾਂ ਕੋਵਿਡ-19 ਮਹਾਂਮਾਰੀ ਵਿਸ਼ਵ ਭਰ ਵਿੱਚ ਭਾਰੀ ਤਬਾਹੀ ਤੇ ਦੁੱਖ ਦਾ ਕਾਰਨ ਬਣੇਗੀ। ਭਿਆਨਕ ਭੁੱਖਮਰੀ ਤੇ ਅਕਾਲ ਪੈ ਜਾਵੇਗਾ। 6 ਕਰੋੜ ਤੋਂ ਵੱਧ ਲੋਕ ਅਤਿ ਗਰੀਬੀ ‘ਚ ਚਲੇ ਜਾਣਗੇ। ਗਲੋਬਲ ਵਰਕਫੋਰਸ ਦਾ ਲਗਭਗ ਅੱਧਾ ਮਤਲਬ 1.60 ਅਰਬ ਲੋਕ ਬੇਰੁਜ਼ਗਾਰ ਹੋ ਜਾਣਗੇ।” ਉਨ੍ਹਾਂ ਕਿਹਾ ਕਿ ਮਹਾਂਮਾਰੀ ਕਾਰਨ ਵਿਸ਼ਵਪੱਧਰੀ ਉਤਪਾਦਨ ‘ਚ 8500 ਅਰਬ ਅਮਰੀਕੀ ਡਾਲਰ ਤਕ ਕਮੀ ਹੋ ਸਕਦੀ ਹੈ, ਜੋ ਕਿ 1930 ਦੇ ਮਹਾਂਮੰਦੀ ਤੋਂ ਬਾਅਦ ਦੀ ਸਭ ਤੋਂ ਤੇਜ਼ ਕਮੀ ਹੋਵੇਗੀ।

ਚਿਤਾਵਨੀ ਨੂੰ ਨਜ਼ਰਅੰਦਾਜ਼ ਕਰਨਾ ਮੂਰਖਤਾਪੂਰਨ
ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਨਾਲ ਹੁਣ ਤਕ 58 ਲੱਖ ਤੋਂ ਵੱਧ ਲੋਕ ਸੰਕਰਮਿਤ ਹੋ ਚੁੱਕੇ ਹਨ ਅਤੇ ਹੁਣ ਤਕ 3.6 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਾਅਦ ‘ਚ ਇੱਕ ਪ੍ਰੈਸ ਕਾਨਫਰੰਸ ਵਿੱਚ ਜਮੈਕਾ ਦੇ ਪ੍ਰਧਾਨ ਮੰਤਰੀ ਐਂਡਰਿਊ ਹੋਲਨੇਸ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਇੱਕ ਵੀਡੀਓ ਕਾਨਫ਼ਰੰਸਿੰਗ ਵਿੱਚ ਗੁਟੇਰੇਸ ਨੇ ਕਿਹਾ ਕਿ ਦੁਨੀਆਂ ਬਹੁਤ ਸਾਰੀਆਂ ਕਮਜ਼ੋਰੀਆਂ ਨਾਲ ਪੀੜਤ ਹੈ, ਜਿਵੇਂ ਕਮਜ਼ੋਰ ਸਿਹਤ ਪ੍ਰਣਾਲੀ, ਮੌਸਮ ‘ਚ ਤਬਦੀਲੀ, ਅਸਮਾਨਤਾ ਦਾ ਵੱਡਾ ਪੱਧਰ।
ਉਨ੍ਹਾਂ ਕਿਹਾ, “ਅਸੀਂ ਇਨ੍ਹਾਂ ਕਮਜ਼ੋਰੀਆਂ ਦੇ ਸੰਕੇਤ ਹੋਰ ਥਾਵਾਂ ‘ਤੇ ਵੀ ਵੇਖਦੇ ਹਾਂ। ਇਨ੍ਹਾਂ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰਨਾ ਬੇਵਕੂਫ਼ੀ ਹੈ। ਸਾਡੀ ਹੋਂਦ ਦੇ ਖ਼ਤਰਿਆਂ ਨਾਲ ਨਜਿੱਠਣ ਲਈ ਨਿਮਰਤਾ, ਏਕਤਾ ਤੇ ਇੱਕਜੁਟਤਾ ਦੀ ਲੋੜ ਹੈ।”