ਪੰਜਾਬੀ ਦੀ ਪੁਲੀਸ ਹਿਰਾਸਤ ਵਿੱਚ ਮੌਤ ਦਾ ਸ਼ੱਕ

0
1438

ਹਾਂਗਕਾਂਗ(ਪੰਜਾਬੀ ਚੇਤਨਾ): ਪਿਛਲੇ ਕਈ ਦਿਨਾਂ ਤੋਂ ਇੱਕ ਗੈਰ-ਚੀਨੀ ਮੂਲ ਦੇ ਵਿਅਕਤੀ ਦੇ ਪੁਲੀਸ ਹਿਰਾਸਤ ਵਿਚ ਮਾਰੇ ਜਾਣ ਦੀ ਖਬਰ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਹੁਣ ਪਤਾ ਲੱਗਾ ਹੈ ਕਿ ਇਹ ਮਰਨ ਵਾਲਾ ਵਿਅਕਤੀ ਇੱਕ ਪੰਜਾਬੀ ਸੀ ਜਿਸ ਦਾ ਨਾਮ ਬਲਵਿੰਦਰ ਸਿੰਘ ਸੀ ਅਤੇ ਇਸ ਦਾ ਪਿਛਲਾ ਪਿੰਡ ਜ਼ਿਲਾ ਤਰਨਤਾਰਨ ਵਿਚ ‘ਭੈਲ ਢਏ’ ਦੱਸਿਆ ਗਿਆ ਹੈ। ਮੀਡੀਆ ਅਨਸੁਾਰ 7 ਮਈ ਦੀ ਸ਼ਾਂਮ ਨੂੰ 5 ਵਜੇ ਦੇ ਕਰੀਬ ਚਿਮ ਸਾ ਸੂਈ (Tsim Sha Tsui) ਵਿਖੇ ਇਸ ਨੂੰ ਕਿਸੇ ਨੇ ਸ਼ਰਾਬੀ ਹਾਲਤ ਵਿਚ ਦੇਖਿਆ ਤੇ ਪੁਲੀਸ ਨੂੰ ਫੋਨ ਕਰ ਦਿਤਾ। ਪੁਲੀਸ ਨੇ ਜਦ ਆ ਕੇ ਇਸ ਨੂੰ ਗਿਰਫਤਾਰ ਕਰਨ ਦੀ ਕੋਸ਼ਿਸ ਕੀਤੀ ਤਾਂ ਇਸ ਨੇ ਪੁਲੀਸ ਨੂੰ ਸਹਿਯੋਗ ਨਹੀਂ ਦਿੱਤਾ । ਇਸ ਤੇ ਪੁਲੀਸ ਨੇ ਕੁਝ ਆਮ ਨਾਗਰਿਕਾਂ ਦੇ ਸਹਿਯੋਗ ਨਾਲ ਉਸ ਨੂੰ ਗਿਰਫਤਾਰ ਕੀਤਾ ਅਤੇ ਪੁਲੀਸ ਵੈਨ ਵਿਚ ਲੈ ਗਏ। ਇਸ ਤੋਂ ਉਸ ਨੂੰ ਕੋਈ ਤਕਲੀਫ ਹੋਈ ਤੇ ਪੁਲੀਸ ਨੇ ਐਂਬੂਲੈਂਸ ਬੁਲਾਈ ਤੇ ਇਸ ਨੂੰ ਸਿਹਤ ਕਰਮੀਆਂ ਦੇ ਹਵਾਲੇ ਕਰ ਦਿੱਤਾ ਗਿਆ। ਪੁਲੀਸ ਦਾ ਕਹਿਣਾ ਹੈ ਕਿ ਦੀ ਮੌਤ ਹਸਪਤਾਲ ਵਿਚ ਜਾ ਕੇ ਹੋਈ ਹੈ ਜਦ ਕਿ ਸਿਹਤ ਕਰਮੀਆਂ ਅਨੁਸਾਰ ਜਦ ਉਨਾਂ ਨੇ ਇਸ ਨੂੰ ਐਂਬੂਲੈਂਸ ਵਿਚ ਪਾਇਆ ਤਾਂ ਇਸ ਵਿਚ ਜਾਨ ਨਹੀਂ ਸੀ। ਹੁਣ ਪੁਲੀਸ ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਇਸ ਦੀ ਮੌਤ ਪੁਲੀਸ ਦੀ ਵਧੀਕੀ ਨਾਲ ਹਿਰਾਸਤ ਵਿਚ ਹੋਈ ਹੈ ਜਦ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਦੀ ਮੌਤ ਦਾ ਅਸਲ ਕਾਰਨ ਅਤੇ ਸਮੇਂ ਦਾ ਪਤਾ ਲੱਗ ਸਕਦਾ ਹੈ। ਪੁਲੀਸ ਦਾ ਇਹ ਵੀ ਦੋਸ਼ ਹੈ ਕਿ ਇਹ ਵਿਅਕਤੀ ਉਥੋਂ ਲੰਘ ਰਹੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ ਕਰ ਰਿਹਾ ਸੀ ਤੇ ਇਸ ਦੇ ਕਬਜੇ ਵਿਚੋਂ 4 ਗ੍ਰਾਮ ਨਸ਼ੀਲਾ ਪਦਾਰਥ ਵੀ ਮਿਲਿਆ ਹੈ।