ਹਰ ਪਰਵਾਸੀ ਨੂੰ ਆਖ਼ਰੀ ਵੇਲ਼ੇ ਉਸ ਦੇ ਵਤਨ ਦੀ ਮਿੱਟੀ ਨਸੀਬ ਹੋਵੇ…

0
743

ਪਿਛਲੇ ਕਰੀਬ ਇੱਕ ਮਹੀਨੇ ਦੌਰਾਨ ਜੰਗ ਬਹਾਦਰ ਸਿੰਘ ਹਾਂਗਕਾਂਗ (ਜੰਗੀ) ਨੂੰ ਮੈਂ ਤਿੰਨ ਵਾਰ ਮਿਲਿਆ, ਉਸ ਨੇ ਹਰ ਵਾਰ ਮੈਨੂੰ ਇਹ ਸ਼ੇਅਰ ਸੁਣਾਇਆ, ਉਸ ਦਾ ਆਪਣਾ ਹੀ ਲਿਖਿਆ ਹੋਇਆ ਹੈ। ਉਹ 14 ਸਾਲ ਬਾਅਦ ਹਾਂਗਕਾਂਗ ਤੋਂ ਮੁੜਿਆ ਸੀ।
ਹਰਦਮ ਤਿਆਰ ਬਰ-ਬਰ ਤਿਆਰ ਖਾਲਸੇ ਦੇ ਸਿਧਾਂਤ ਨਾਲ ਜਿਉਣ ਵਾਲਾ ਜੰਗੀ, ਹਰ ਮਾੜੇ ਤੇ ਪੀੜਤ ਨਾਲ ਖੜ੍ਹਨ ਵਾਲਾ। ਕਈ ਵਾਰ ਇਸ ਸਿਧਾਂਤ ਉੱਤੇ ਪਹਿਰਾ ਦੇਣਾ ਉਸ ਲਈ ਕਾਫੀ ਘਾਟੇ ਵਾਲਾ ਸੌਦਾ ਰਿਹਾ, ਪਰ ਉਹ ਇਸ ਵਾਰ-ਵਾਰ ਕਰਦਾ ਸੀ।
ਜਦੋਂ ਦਾ ਆਇਆ ਸੀ ਵਾਰ-ਵਾਰ ਮਿਲਣ ਲਈ ਫੋਨ ਕਰਦਾ। ਪਹਿਲੀ ਵਾਰ 14 ਅਪ੍ਰੈਲ ਨੂੰ ਤਲਵਿੰਦਰ ਬੁੱਟਰ ਦੀ ਮਾਤਾ ਦੇ ਭੋਗ ਉੱਤੇ ਮਿਲਿਆ, ਫੇਰ 5 ਮਈ ਨੂੰ ਪਰਿਵਾਰ ਨੂੰ ਹਾਂਗਕਾਂਗ ਭੇਜਣ ਲਈ ਦਿੱਲੀ ਆਇਆ ਸੀ, ਉਦੋਂ ਇੱਕ ਦਿਨ ਪੂਰਾ ਇਕੱਠੇ ਰਹੇ। ਹੁਣ 19 ਮਈ ਨੂੰ ਮੈਂ ਵਿਸ਼ੇਸ਼ ਤੌਰ ਉੱਤੇ ਉਸ ਨੂੰ ਅਤੇ ਤਲਵਿੰਦਰ ਬੁੱਟਰ ਨੂੰ ਆਪਣੇ ਪਿੰਡ ਲੈ ਆਇਆ। ਅਸੀਂ ਅੱਧੀ ਰਾਤ ਤੱਕ ਗੱਲਾਂ ਕਰਦੇ ਰਹੇ।
ਉਹ ਸਤਲੁਜ ਵਿੱਚ ਨਹਾਉਣ ਦੀਆਂ ਗੱਲਾਂ ਕਰਦਾ ਸੀ, ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਘੁੰਮਣ ਦੀਆਂ। ਹਰ ਪੁਰਾਣੀ ਯਾਦ ਨੂੰ ਤਾਜ਼ਾ ਕਰ ਰਿਹਾ ਸੀ। ਹਰ ਨਵੇਂ ਪੁਰਾਣੇ ਮਿੱਤਰ ਨੂੰ ਮਿਲ ਰਿਹਾ ਸੀ।
ਸ਼ਨੀਵਾਰ ਸ਼ਾਮੀ ਜਦੋਂ ਹਿਮਾਚਲ ਦੇ ਬਿਲਾਸਪੁਰ ਤੋਂ ਇੱਕ ਸੜਕ ਹਾਦਸੇ ਵਿੱਚ ਉਸ ਦੇ ਸਵੀਦੀ ਵਿਛੋੜੇ ਦੀ ਖ਼ਬਰ ਮਿਲੀ ਤਾਂ …
ਉਸ ਦਾ ਸ਼ੇਅਰ ਵੀ ਸਮਝ ਆ ਗਿਆ ਤੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਘੁੰਮਣ ਦੀਆਂ ਗੱਲਾਂ ਵੀ ਸਮਝ ਆ ਗਈਆਂ, ਸਤਲੁਜ ਵਿੱਚ ਨਹਾਉਣ ਦੀਆਂ ਗੱਲਾਂ ਵੀ ਤੇ ਹਰ ਪਰਵਾਸੀ ਨੂੰ ਆਖਰੀ ਵਾਰ ਉਸ ਦੇ ਵਤਨ ਦੀ ਮਿੱਟੀ ਨਸੀਬ ਹੋ ਵਾਲਾ ਸ਼ੇਅਰ ਵੀ।
ਇਹ ਦੁੱਖ ਨਾ-ਸਹਿਣਯੋਗ ਹੈ, ਬੇਵਸੀ ਹਾਂ… ਵਾਹਿਗੁਰੂ ਅੱਗੇ ਅਰਦਾਸ ਹੀ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਕਰ ਸਕਦੇ। .

..Khushal Lali (BBC Punjabi)