ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ‘ਚ ਆਉਣ ਵਾਲੇ ਸੈਲਾਨੀਆਂ ਦੀ ਪਸੰਦੀਦਾ ਸੈਰਗਾਹ ਸਟਾਰ ਫੈਰੀ ਵਿਖੇ ਪੰਜਾਬੀ ਭਾਈਚਾਰੇ ਵਲੋਂ ਭਾਰਤ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਅੰਦੋਲਨ ਵਿਚ ਪ੍ਰਦਰਸ਼ਨ ਕਰਦਿਆਂ ਜਿੱਥੇ ਪੂਰੀ ਦੁਨੀਆ ਤੱਕ ਕਿਸਾਨਾਂ ਦੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਉੱਥੇ ਭਾਰਤ ਸਰਕਾਰ ਤੋਂ ਤਿੰਨੇ ਕਾਨੂੰਨਾਂ ਨੂੰ ਰੱਦ ਕਰਨ ਸਮੇਤ ਕਿਸਾਨਾਂ ਦੀ ਹਰ ਮੰਗ ਮੰਨਣ ਦੀ ਮੰਗ ਕੀਤੀ ਗਈ। ਪ੍ਰਦਰਸ਼ਨ ਵਿਚ ਮੁੱਖ ਭੂਮਿਕਾ ਨਿਭਾਉਣ ਵਾਲਿਆਂ ਵਿਚੋਂ ਬਲਜੀਤ ਸਿੰਘ ਵਲੋਂ ਗੱਲ ਕਰਦਿਆਂ 26 ਜਨਵਰੀ ਨੂੰ ਲਾਲ ਕਿਲ੍ਹੇ ‘ਚ ਵਾਪਰੀ ਘਟਨਾ ਨੂੰ ਅੰਦੋਲਨ ਵਿਚ ਹੋਈ ਅਨੁਸ਼ਾਸਨਹੀਣਤਾ ਅਤੇ ਸਰਕਾਰੀ ਸਾਜਿਸ਼ ਕਰਾਰ ਦਿੰਦਿਆਂ 2 ਨੌਜਵਾਨਾਂ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਪ੍ਰਦਰਸ਼ਨ ਦੌਰਾਨ ਹਾਂਗਕਾਂਗ ਵਿਚ ਸਖ਼ਤੀ ਨਾਲ ਲਾਗੂ ਕੋਵਿਡ-19 ਦੇ ਕਾਨੂੰਨਾਂ ਦੀ ਪਾਲਣਾ ਕਰਦਿਆਂ ਵੱਡੇ ਇਕੱਠ ਨੂੰ ਸੰਕੋਚ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲਿਆਂ ਵਿਚ ਪ੍ਰਭਦਿਆਲ ਸਿੰਘ, ਸ਼ਰਨਜੀਤ ਸਿੰਘ, ਜਰਨੈਲ ਸਿੰਘ, ਬਲਜਿੰਦਰ ਸਿੰਘ ਪੱਟੀ, ਦਲਜੀਤ ਸਿੰਘ, ਜਪਨਾਮ ਸਿੰਘ, ਬੀਬੀ ਚਰਨਜੀਤ ਕੌਰ, ਭੁਪਿੰਦਰ ਕੌਰ ਅਤੇ ਗੁਰਅੰਮ੍ਰਿਤ ਕੌਰ ਦੇ ਨਾਂਅ ਸ਼ਾਮਿਲ ਹਨ।