ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਉਪਰੰਤ ਡੇਰਾ ਸਮਰਥਕਾਂ ਵੱਲੋਂ ਪੰਚਕੂਲਾ ਸਮੇਤ ਮਾਲਵਾ ਖੇਤਰ ‘ਚ ਵੱਖ-ਵੱਖ ਥਾਵਾਂ ‘ਤੇ ਕੀਤੀਆਂ ਵਾਰਦਾਤਾਂ ਦਾ ਨੋਟਿਸ ਲੈਂਦਿਆਂ ਨੁਕਸਾਨ ਦੀ ਪੂਰਤੀ ਡੇਰੇ ਪਾਸੋਂ ਕਰਵਾਉਣ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤਹਿਤ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਡੇਰੇ ਦੀਆਂ ਪੰਜਾਬ ਵਿਚ ਜਾਇਦਾਦਾਂ ਦੀ ਸ਼ਨਾਖ਼ਤ ਮਾਲ ਵਿਭਾਗ ਤੋਂ ਕਰਵਾ ਕੇ ਰਿਪੋਰਟ ਬਣਵਾ ਲਈ ਹੈ, ਜਿਸ ਤਹਿਤ ਬਠਿੰਡਾ ਜ਼ਿਲ੍ਹੇ ਵਿਚ ਪੈਂਦੇ ਡੇਰਾ ਸਿਰਸਾ ਦੇ ਪੰਜਾਬ ਵਿਚਲੇ ਹੈੱਡਕੁਆਟਰ ਸਲਾਬਤਪੁਰਾ ਜੋ ਕਿ ਕਰੀਬ 150 ਏਕੜ ਤੋਂ ਵੱਧ ਰਕਬੇ ਵਿਚ ਫੈਲਿਆ ਹੋਇਆ ਹੈ, ਜਿਸ ਵਿਚ ਡੇਰੇ ਦੀ ਚਾਰਦੀਵਾਰੀ ਤੋਂ ਇਲਾਵਾ ਇਥੇ ਲਾਏ ਗਏ ਫਲਾਂ ਦੇ ਬਾਗ਼ ਅਤੇ ਖੇਤੀ ਵਾਲੀ ਜ਼ਮੀਨ ਵੀ ਸ਼ਾਮਿਲ ਹੈ, ਸਮੇਤ ਬਠਿੰਡਾ ਵਿਚ ਵੀ 11 ਡੇਰਿਆਂ ਸਿਰਸਾ ਨਾਲ ਸਬੰਧਿਤ ਜਾਇਦਾਦ ਦੀ ਮਾਲ ਵਿਭਾਗ ਵੱਲੋਂ ਕੁਲੈਕਟਰ ਰੇਟ ਤੇ ਜਾਇਦਾਦ 19 ਕਰੋੜ ਅੰਕੀ ਹੈ, ਜਦ ਕਿ ਰਿਅਲ ਅਸਟੇਟ ਦੇ ਮਾਹਿਰਾਂ ਅਨੁਸਾਰ ਅਸਲ ਵਿਚ ਇਨ੍ਹਾਂ ਦੀ ਕੀਮਤ ਮਾਰਕੀਟ ਪੱਧਰ ‘ਤੇ 10 ਗੁਣਾ ਵੱਧ ਹੈ | ਉਧਰ ਮਾਲਵਾ ਖੇਤਰ ਦੇ ਬਠਿੰਡਾ, ਮਾਨਸਾ, ਸੰਗਰੂਰ, ਫ਼ਰੀਦਕੋਟ, ਫ਼ਾਜ਼ਿਲਕਾ ਜ਼ਿਲਿ੍ਹਆਂ ਵਿਚ ਜਾਇਦਾਦ ਦਾ ਵੇਰਵਾ ਕੁਲੈਕਟਰ ਰੇਟ ਅਨੁਸਾਰ 60 ਕਰੋੜ ਹੀ ਅੰਕਿਆ ਗਿਆ ਹੈ ਜਦ ਕਿ ਰੀਅਲ ਅਸਟੇਟ ਮਾਹਿਰਾਂ ਅਤੇ ਮਾਲ ਵਿਭਾਗ ਦੇ ਆਹਲਾ ਅਧਿਕਾਰੀਆਂ ਅਨੁਸਾਰ ਇਹ ਆਂਕੜਾ ਵੀ ਮਾਰਕੀਟ ਕੀਮਤ ਅਨੁਸਾਰ 10 ਗੁਣਾ ਵੱਧ ਮੰਨਿਆ ਜਾ ਸਕਦਾ ਹੈ | ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼ੇਨਾ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਆਪਣੀ ਰਿਪੋਰਟ ਅੱਗੇ ਗ੍ਰਹਿ ਵਿਭਾਗ ਨੰੂ ਸੌਾਪ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਇਹ ਅਜੇ ਤੱਕ ਸਾਹਮਣੇ ਨਹੀਂ ਆ ਸਕਿਆ ਕਿ ਡੇਰਾ ਸਲਾਬਤਪੁਰਾ ਦੇ ਨਾਂਅ ‘ਤੇ ਕੋਈ ਬੈਂਕ ਖ਼ਾਤਾ ਹੈ | ਡੇਰੇ ਨੰੂ ਸੀਲ ਕਰਨ ਸਬੰਧੀ ਕੁਝ ਨਹੀਂ ਕੀਤਾ ਗਿਆ ਹੈ | ਇਸ ਸਬੰਧੀ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਨੇ ਕਿਹਾ ਕਿ ਡੇਰਾ ਸਿਰਸਾ ਦੇ ਸਲਾਬਤਪੁਰਾ ਹੈੱਡਕੁਆਟਰ ਸਮੇਤ ਜ਼ਿਲ੍ਹੇ ਦੇ 11 ਡੇਰਿਆਂ ਅਤੇ ਨਾਮ ਚਰਚਾ ਘਰਾਂ ਦੇ ਨਾਮ ਜੋ ਜ਼ਮੀਨ ਜਾਇਦਾਦ ਅਤੇ ਹੋਰ ਵਸੀਲੇ ਹਨ ਦੇ ਪੂਰਨ ਵੇਰਵੇ ਤਿਆਰ ਕਰਕੇ ਡੇਰਾ ਵਿਭਾਗ ਨੰੂ ਭੇਜ ਦਿੱਤੇ ਗਏ ਹਨ | ਉਧਰ ਉਨ੍ਹਾਂ ਲੋਕਾਂ ‘ਤੇ ਵੀ ਜਾਂਚ ਦੀ ਸੂਈ ਆਉਂਦੇ ਸਮੇਂ ਵਿਚ ਘੁੰਮਣ ਦੀਆਂ ਰਿਪੋਰਟਾਂ ਹਨ ਜਿਨ੍ਹਾਂ ਦੇ ਨਾਂਅ ‘ਤੇ ਪਹਿਲਾਂ ਹੀ ਜਾਇਦਾਦਾਂ ਚੜ੍ਹੀਆਂ ਅਤੇ ਫਿਰ ਇਨ੍ਹਾਂ ਨੰੂ ਡੇਰੇ ਦੇ ਨਾਮ ਅੱਗੇ ਕਿਸੇ ਨਾ ਕਿਸੇ ਰੂਪ ਵਿਚ ਅਤੇ ਦਾਨ ਦੇ ਰੂਪ ਵਿਚ ਤਬਦੀਲ ਕਰ ਦਿੱਤਾ ਗਿਆ | ਭਰੋਸੇਯੋਗ ਅਧਿਕਾਰਤ ਸੂਤਰਾਂ ਅਨੁਸਾਰ ਡੇਰਾ ਸਿਰਸਾ ਦੀਆਂ ਜਾਇਦਾਦਾਂ ਦੀ ਖਰੀਦ ਵੇਚ ‘ਤੇ ਵੀ ਰੋਕ ਲਾ ਦਿੱਤੀ ਗਈ ਹੈ |