ਕੋਈ ਇਕ ਸਵਾਰ– ਸੰਤੋਖ ਸਿੰਘ ਧੀਰ
ਸੂਰਜ ਦੀ ਟਿੱਕੀ ਨਾਲ ਤਾਂਗਾ ਜੋੜ ਕੇ ਅੱਡੇ ਵਿਚ ਲਾਉਂਦਿਆਂ ਬਾਰੂ ਤਾਂਗੇ ਵਾਲੇ ਨੇ ਹੋਕਾ ਦਿਤਾ, ”ਜਾਂਦਾ ਕੋਈ ਇਕ ਸਵਾਰ ਖੰਨੇ ਦਾ ਬਈ ਓ…!”
ਸਿਆਲ ਵਿਚ ਏਨੇ ਸਾਝਰੇ ਸਬੱਬ ਨਾਲ ਭਾਵੇਂ ਕੋਈ ਸਵਾਰ ਆ ਜਾਵੇ, ਨਹੀਂ ਤਾਂ ਰੋਟੀ ਟੁਕ ਖਾ ਕੇ ਧੁੱਪ ਚੜ੍ਹੇ ਹੀ ਘਰੋਂ ਬਾਹਰ ਨਿਕਲਦੈ ਬੰਦਾ। ਪਰ ਬਾਰੂ ਇਸ ‘ਸਬੱਬ’ ਤੋਂ ਵੀ ਕਿਉਂ ਖੁੰਝੇ? ਪਾਲੇ ਵਿਚ ਠਰਦਿਆਂ ਵੀ ਉਹ ਸਭ ਤੋਂ ਪਹਿਲਾਂ ਆਪਣਾ ਤਾਂਗਾ ਅੱਡੇ ਵਿਚ ਲਾਉਣ ਦੀ ਸੋਚਦਾ
ਬਾਰੂ ਨੇ ਬਾਜ਼ਾਰ ਵਲ ਮੂੰਹ ਕਰਕੇ ਏਕਣ ਜ਼ੋਰ ਨਾਲ ਹੋਕਾ ਮਾਰਿਆ, ਜਿਵੇਂ ਉਹਨੂੰ ਕੁੱਲ ਇਕੋ ਸਵਾਰ ਚਾਹੀਦਾ ਹੈ। ਪਰ ਬਜ਼ਾਰ ਵਲੋਂ ਇਕ ਵੀ ਸਵਾਰ ਨਾ ਆਇਆ। ਫੇਰ ਉਹਨੇ ਪਿੰਡ ਤੋਂ ਆਉਂਦੀਆਂ ਵੱਖੋ ਵੱਖ ਡੰਡੀਆਂ ਵਲ ਅੱਖਾਂ ਚੁੱਕ ਕੇ ਆਸ ਨਾਲ ਤੱਕਦਿਆਂ ਹੋਕੇ ਲਾਏ। ਪਤਾ ਨਹੀਂ ਕਦੇ ਕਦੇ ਸਵਾਰੀਆਂ ਨੂੰ ਕੀ ਸੱਪ ਸੁੰਘ ਜਾਂਦਾ ਹੈ। ਬਾਰੂ ਸੜਕ ਦੇ ਇਕ ਪਾਸੇ ਫੜ੍ਹੀ ਵਾਲੇ ਕੋਲ ਬੈਠ ਕੇ ਬੀੜੀ ਪੀਣ ਲੱਗਾ।
ਬਾਰੂ ਦਾ ਚੁਸਤ ਘੋੜਾ ਨਿਚੱਲਾ ਹੋ ਕੇ ਖਲੋ ਨਹੀਂ ਸੀ ਸਕਦਾ। ਦੋ ਤਿੰਨ ਵਾਰ ਘੋੜੇ ਨੇ ਨਾਸਾਂ ਫੁਲਾ ਕੇ ਫਰਾਟੇ ਮਾਰੇ, ਪੂਛ ਹਿਲਾਈ ਤੇ ਫੇਰ ਆਪੇ ਦੋ ਤਿੰਨ ਕਦਮ ਤੁਰ ਪਿਆ। ”ਬਸ ਓ ਬਸ ਪੁੱਤਰਾ! ਕਾਹਲਾ ਕਿਉਂ ਪੈਨੈਂ-ਚਲਦੇ ਆਂ-ਆ ਲੈਣ ਦੇ ਕਿਸੇ ਅੱਖਾਂ ਦੇ ਅੰਨ੍ਹੇ ਤੇ ਗੱਠ ਦੇ ਪੂਰੇ ਨੂੰ!” ਮੌਜ ਨਾਲ ਹਸਦਿਆਂ ਬਾਰੂ ਨੇ ਨੱਠ ਕੇ ਘੋੜੇ ਦੀਆਂ ਵਾਗਾਂ ਫੜੀਆਂ ਤੇ ਉਹਨੂੰ ਕਸ ਕੇ ਤਾਂਗੇ ਦੇ ਬੰਬ ਨਾਲ ਬੰਨ੍ਹ ਦਿੱਤਾ।
ਸਟੇਸ਼ਨ ਉਤੇ ਗੱਡੀ ਨੇ ਕੂਕ ਮਾਰੀ। ਰੇਲ ਦੀ ਕੂਕ ਬਾਰੂ ਦੇ ਦਿਲ ਵਿਚ ਖੁਭ ਗਈ। ਉਹਨੇ ਰੇਲ ਨੂੰ ਮਾਂ ਦੀ ਗਾਲ੍ਹ ਕੱਢੀ, ਤੇ ਨਾਲੇ ਰੇਲ ਬਣਾਉਣ ਵਾਲੇ ਨੂੰ। ਪਹਿਲੋਂ ਜਨਤਾ ਲੰਘੀ ਸੀ, ਹੁਣ ਡੱਬਾ। ‘ਸਾਲੀਆਂ ਘੰਟੇ ਘੰਟੇ ਮਗਰੋਂ ਗੱਡੀਆਂ ਚੱਲਣ ਲੱਗ ਪਈਆਂ!’ ਤੇ ਫੇਰ ਬਾਰੂ ਨੇ ਜ਼ੋਰ ਨਾਲ ਸੁਆਰੀ ਲਈ ਹੋਕਾ ਮਾਰਿਆ।
ਇਕ ਬੀੜੀ ਉਹਨੇ ਹੋਰ ਸੁਲਘਾਈ ਤੇ ਏਨਾ ਲੰਮਾ ਸੂਟਾ ਖਿਚਿਆ ਕਿ ਅੱਧੀ ਬੀੜੀ ਫੂਕ ਦਿਤੀ।
ਬਾਰੂ ਨੇ ਧੂਏਂ ਦੇ ਫਰਾਟੇ ਛਡਦਿਆਂ ਬੀੜੀ ਨੂੰ ਗਾਲ੍ਹ ਕਢ ਕੇ ਸੁਟ ਦਿਤਾ। ਮਿਰਚਾਂ ਵਾਂਗ ਧੂੰਆਂ ਉਹਦੇ ਮੂੰਹ ਵਿਚ ਲੜਨ ਲੱਗਾ ਸੀ। ਘੋੜੇ ਤੋਂ ਟਿਕ ਨਹੀਂ ਸੀ ਹੁੰਦਾ। ਉਹਨੇ ਇਕ ਦੋ ਵਾਰ ਪੌੜ ਚੁਕ ਚੁਕ ਧਰਤੀ ਉਤੇ ਮਾਰੇ। ਮੂੰਹ ਵਿਚ ਲੋਹੇ ਦੀ ਲਗਾਮ ਚੱਬ ਚੱਬ ਬੂਥੀ ਘੁਮਾਈ। ਗੱਡੀ ਦੀਆਂ ਚੂਲਾਂ ਜਰਕੀਆਂ, ਸਾਜ਼ ਜਰਕਿਆ, ਖੰਭਾਂ ਦੀ ਰੰਗ ਬਰੰਗੀ ਕਲਗੀ ਹਵਾ ਵਿਚ ਫਰਕੀ ਤੇ ਗਲ ਨਾਲ ਲਟਕਦੇ ਰੇਸ਼ਮੀ ਰੁਮਾਲ ਹਿੱਲਣ ਲਗੇ। ਬਾਰੂ ਨੂੰ ਆਪਣੇ ਘੋੜੇ ਦੀ ਚੁਸਤੀ ਉਤੇ ਮਾਣ ਹੋਇਆ, ਉਹਨੇ ਬੁਲ੍ਹਾਂ ਨਾਲ ਪੁਚਕਾਰ ਕੇ ਆਖਿਆ,
“ਬਸ ਓ ਵੈਲੀਆ, ਕਰਦੇ ਆਂ ਹੁਣੇ ਹਵਾ ਨਾਲ ਗੱਲਾਂ…!
”ਘੋੜਾ ਤੇਰਾ ਚਤੰਨ ਬੜੈ ਬਾਰੂ-ਟਪੂੰ ਟਪੂੰ ਕਰਦਾ ਰਹਿੰਦੈ।” ਫੜੀ ਵਾਲੇ ਨੇ ਆਖਿਆ।
”ਕੀ ਅੰਤ ਐ!! ਬਾਰੂ ਮਾਣ ਵਿਚ ਹੁਬ ਕੇ ਬੋਲਿਆ। ”ਲਬਾਸ ਤਾਂ ਦੇਖ ਤੂੰ-ਪਿੰਡੇ ਉਤੇ ਮੱਖੀ ਤਿਲਕਦੀ ਐ-ਪੁੱਤਾਂ ਆਂਗਣ ਸੇਵਾ ਕਰੀਦੀ ਐ ਨਥਿਆ!”
”ਪਸ਼ੂ ਬਚਦਾ ਵੀ ਤਾਂਹੀਂ ਐ,” ਨੱਥੂ ਨੇ ਯਕੀਨ ਨਾਲ ਕਿਹਾ।
ਦਿਨ ਚੰਗਾ ਚੜ੍ਹ ਆਇਆ, ਪਰ ਖੰਨੇ ਜਾਣ ਵਾਲਾ ਇਕ ਸਵਾਰ ਵੀ ਅਜੇ ਤਕ ਨਾ ਸੀ ਆਇਆ।
ਹੋਰ ਵੀ ਤਿੰਨ ਚਾਰ ਤਾਂਗੇ ਅੱਡੇ ਵਿਚ ਆ ਖੜੇ ਸਨ ਤੇ ਕੁੰਦਨ ਵੀ ਸੜਕ ਦੇ ਦੂਜੇ ਪਾਸੇ ਖੰਨੇ ਦੀ ਹੀ ਰੁਖ ਤਾਂਗਾ ਖਲ੍ਹਾਰ ਕੇ ਸਵਾਰੀਆਂ ਲਈ ਹੋਕੇ ਦੇਣ ਲਗ ਪਿਆ ਸੀ।
ਹੱਥ ਵਿਚ ਝੋਲਾ ਫੜੀ ਇਕ ਸ਼ੁਕੀਨ ਜਿਹਾ ਬਾਬੂ ਬਾਜ਼ਾਰ ਵਲੋਂ ਆਉਂਦਾ ਦਿਸਿਆ। ਬਾਰੂ ਉਹਦੀ ਚਾਲ ਪਛਾਨਣ ਲੱਗਾ। ਬਾਬੂ ਅੱਡੇ ਦੇ ਹੋਰ ਨੇੜੇ ਆ ਗਿਆ। ਪਰ ਅਜੇ ਤਕ ਉਹਦੇ ਪੈਰਾਂ ਨੇ ਕਿਸੇ ਪਾਸੇ ਦਾ ਰੁਖ ਨਾ ਸੀ ਕੀਤਾ।
”ਚੱਲ ਇਕ ਸਵਾਰ ਸਰ੍ਹੰਦ ਦਾ..ਕੋਈ ਮਲੋਹ ਜਾਂਦਾ ਬਈ ਓ…!” ਵਾਜਾਂ ਉੱਚੀਆਂ ਹੋਣ ਲਗੀਆਂ, ਪਰ ਸਵਾਰ ਦੀ ਮਰਜ਼ੀ ਦਾ ਪਤਾ ਨਾ ਲਗਿਆ। ਬਾਰੂ ਨੇ ਖੰਨੇ ਦਾ ਹੋਕਾ ਲਾਇਆ।
ਸਵਾਰ ਨੇ ਸਿਰ ਨਾ ਚੁਕਿਆ।
’ਕਾਹਨੂੰ ਬੋਲਦੇ ਨੇ ਮੂੰਹੋਂ ਛੇਤੀ ਜੈਂਟਰਮੈਨ ਆਦਮੀ’ ਬਾਰੂ ਨੇ ਮਨ ਵਿਚ ਨਿੰਦਿਆ ਤੇ ਬਾਬੂ ਖੰਨੇ ਦੇ ਰੁਖ ਖੜੇ ਤਾਂਗੇ ਕੋਲ ਆ ਖਲੋਇਆ।
“ਹੋਰ ਹੈ ਬਈ ਕੋਈ ਸਵਾਰੀ?” ਉਹਨੇ ਮਸੀਂ ਬੋਲ ਕੇ ਪੁਛਿਆ।
ਬਾਰੂ ਨੇ ਅਦਬ ਨਾਲ ਝੋਲਾ ਫੜਨਾ ਚਾਹੁੰਦਿਆਂ ਆਖਿਆ, ”ਤੁਸੀਂ ਬੈਠੋ ਬਾਬੂ ਜੀ ਮੂਹਰੇ-ਹੁਣੇ ਹੱਕ ਦਿੰਨੇ ਆਂ ਬਸ-ਇਕ ਸਵਾਰ ਲੈ ਲਈਏ।”
ਪਰ ਬਾਬੂ ਨੇ ਝੋਲਾ ਨਾ ਫੜਾਇਆ ਤੇ ਹਵਾ ਵਿਚ ਤਕਦਾ ਚੁਪ ਚਾਪ ਖੜ੍ਹਾ ਰਿਹਾ। ਐਵੇਂ ਘੰਟਾ ਭਰ ਤਾਂਗੇ ਵਿਚ ਬੈਠੇ ਰਹਿਣ ਦਾ ਕੀ ਮਤਲਬ?
ਬਾਰੂ ਨੇ ਜ਼ੋਰ ਨਾਲ ਇਕ ਸਵਾਰ ਲਈ ਹੋਕਾ ਦਿੱਤਾ, ਜਿਵੇਂ ਉਹਨੂੰ ਬਸ ਇਕੋ ਸਵਾਰ ਚਾਹੀਦਾ। ਬਾਬੂ ਜ਼ਰਾ ਟਹਿਲ ਕੇ ਤਾਂਗੇ ਦੇ ਅਗਲੇ ਪਾਇਦਾਨ ਦੇ ਜ਼ਰਾ ਕੁ ਨੇੜੇ ਹੋ ਗਿਆ। ਬਾਰੂ ਨੇ ਹੌਂਸਲੇ ਨਾਲ ਇਕ ਹੋਕਾ ਹੋਰ ਦਿਤਾ। ਬਾਬੂ ਨੇ ਆਪਣਾ ਝੋਲਾ ਤਾਂਗੇ ਦੀ ਅਗਲੀ ਗੱਦੀ ਉਤੇ ਰੱਖ ਦਿਤਾ ਤੇ ਆਪ ਪਤਲੂਨ ਦੀਆਂ ਜੇਬਾਂ ਵਿਚ ਹੱਥ ਪਾ ਕੇ ਟਹਿਲਣ ਲੱਗ ਪਿਆ। ਬਾਰੂ ਨੇ ਘੋੜੇ ਦੀ ਪਿੱਠ ਉਤੇ ਪਿਆਰ ਨਾਲ ਥਾਪੀ ਮਾਰੀ ਤੇ ਫੇਰ ਤਾਂਗੇ ਦੀਆਂ ਪਿਛਲੀਆਂ ਗੱਦੀਆਂ ਨੂੰ ਐਵੇਂ ਜਰਾ ਠੀਕ ਠਾਕ ਕਰਨ ਲਗ ਪਿਆ। ਏਨੇ ਵਿਚ ਇਕ ਸਾਈਕਲ ਆ ਕੇ ਤਾਂਗੇ ਕੋਲ ਰੁਕ ਗਿਆ। ਥੋੜ੍ਹੀ ਜਿਹੀ ਗੱਲ ਚੜ੍ਹੇ ਚੜਵਾਏ ਸਾਈਕਲ ਵਾਲੇ ਨੇ ਬਾਬੂ ਨਾਲ ਕੀਤੀ ਤੇ ਉਹ ਗੱਦੀ ਉਤੋਂ ਆਪਣਾ ਝੋਲਾ ਚੁਕਣ ਲੱਗਾ। ਬਾਰੂ ਨੇ ਘਟਦੇ ਦਿਲ ਨਾਲ ਆਖਿਆ, ਹਵਾ ਸਾਹਮਣੀ ਐ ਬਾਬੂ ਜੀ..?
ਪਰ ਸਾਈਕਲ ਬਾਬੂ ਨੂੰ ਲੈ ਕੇ ਤੁਰਦਾ ਹੋਇਆ।
ਗੋਡੇ ਗੋਡੇ ਦਿਨ ਚੜ੍ਹ ਆਇਆ। ਠਿਠ ਜਿਹਾ ਹੋ ਕੇ ਬਾਰੂ ਫੇਰ ਸੜਕ ਦੇ ਇਕ ਪਾਸੇ ਫੜ੍ਹੀ ਵਾਲੇ ਕੋਲ ਬਹਿ ਗਿਆ। ਉਹਦਾ ਜੀ ਕੈਂਚੀ ਦੀ ਸਿਗਰਟ ਪੀਣ ਨੂੰ ਕੀਤਾ। ਪਰ ਦੋ ਪੈਸੇ ਵਾਲੀ ਸਿਗਰਟ ਅਜੇ ਉਹ ਕਿਹੜੇ ਹੌਂਸਲੇ ਪੀਵੇ? ਫੇਰਾ ਅੱਜ ਇਕੋ ਮਸੀਂ ਲਗਦਾ ਦੀਂਹਦਾ ਸੀ। ਚਾਰ ਆਨੇ ਸਵਾਰੀ ਐ ਖੰਨੇ ਦੀ-ਛੇ ਸਵਾਰੀਆਂ ਤੋਂ ਵਧ ਹੁਕਮ ਨ੍ਹੀ-ਤਿੰਨ ਰੁਪਏ ਤਾਂ ਘੋੜੇ ਦੇ ਈ ਢਿਡ ‘ਚ ਪੈ ਜਾਂਦੇ ਨੇ…! ਉਹਦੇ ਮਨ ਵਿਚ ਲੂਹਣ ਜੇਹੀ ਲੱਗੀ। ਇਉਂ ਇਥੇ ਉਹ ਕਿਉਂ ਬੈਠੇ? ਉਹ ਉਠ ਕੇ ਤਾਂਗੇ ਵਿਚ ਪਿਛਲੀ ਗੱਦੀ ਉਤੇ ਬਹਿ ਗਿਆ, ਤਾਂ ਜੋ ਪਹਿਲੀ ਨਜ਼ਰੇ ਸੁਆਰ ਨੂੰ ਤਾਂਗਾ ਬਿਲਕੁਲ ਖਾਲੀ ਨਾ ਜਾਪੇ।
ਤਾਂਗੇ ਵਿਚ ਬੈਠਾ ਉਹ ”ਲਾਰਾ ਲੱਪਾ, ਲਾਰਾ ਲੱਪਾ….” ਗੁਣਾਗੁਣਾਉਣ ਲੱਗਾ, ਤੇ ਫੇਰ ਹੀਰ ਦਾ ਟੱਪਾ। ਪਰ ਛੇਤੀ ਹੀ ਉਹਦੇ ਮਨ ਵਿਚ ਅੱਚਵੀ ਜਿਹੀ ਲਗੀ। ਟੱਪੇ ਉਹਦੇ ਬੁਲਾਂ ਨੂੰ ਭੁਲ ਗਏ। ਉਹ ਦੂਰ ਫਸਲਾਂ ਵਲ ਝਾਕਣ ਲੱਗਾ। ਪੈਲੀਆਂ ਵਿਚ ਵਲ ਖਾਂਦੀਆਂ ਡੰਡੀਆਂ ਉਤੇ ਕੁਝ ਰਾਹੀ ਤੁਰੇ ਆਉਂਦੇ ਸਨ। ਧਿਆਨ ਨਾਲ ਬਾਰੂ ਨੇ ਨੇੜੇ ਆਉਂਦੇ ਰਾਹੀਆਂ ਵਲ ਤੱਕਿਆ। ਡੱਬੇ ਤੇ ਚਿੱਟੇ ਖੇਸਾਂ ਦੀਆਂ ਬੁੱਕਲਾਂ ਮਾਰੀ ਚਾਰ ਕੁ ਜੱਟ ਜਿਹੇ ਸਨ। ਬਾਰੂ ਨੇ ਸੋਚਿਆ, ਪੇਸ਼ੀ ਉਤੇ ਜਾਣ ਵਾਲੇ ਹੁੰਦੇ ਨੇ ਇਹੋ ਜਿਹੇ ਚੌਧਰੀ। ਉਹਨੇ ਤਾਂਗੇ ਨੂੰ ਮੋੜ ਕੇ ਉਨ੍ਹਾਂ ਵਲ ਨੂੰ ਜਾਂਦਿਆਂ ਵਾਜ ਦਿਤੀ, ”ਖੰਨੇ ਜਾਣੈ ਲੰਬੜਦਾਰੋ? ਆਓ ਬੈਠੋ ਹੱਕੀਏ…”
ਸੁਆਰੀਆਂ ਨੇ ਕੁਝ ਜੱਕੋ ਤੱਕੋ ਜਿਹਾ ਕੀਤਾ, ਤੇ ਫਿਰ ਵਿਚੋਂ ਕਿਸੇ ਆਖਿਆ, ”ਜਾਣਾ ਤਾਂ ਹੈ ਜੇ ਛੇੜ ਦਮੇ ਹੁਣੇ!”
” ਹੁਣੇ ਲਓ, ਬਸ ਬੈਠਣ ਦੀ ਦੇਰ ਐ…।” ਬਾਰੂ ਨੇ ਘੋੜੇ ਦੇ ਮੂੰਹ ਕੋਲੋਂ ਲਗਾਮ ਫੜ ਕੇ ਤਾਂਗੇ ਦਾ ਮੂੰਹ ਅੱਡੇ ਵਲ ਘੁਮਾ ਦਿਤਾ।
”ਤਸੀਲ ਅਪੜਨੈਂ ਅਸੀਂ, ਪੇਸ਼ੀ ਉਤੇ, ਸਮਰਾਲੇ।”
”ਮਖਾਂ ਬੈਠੋ ਤਾਂ ਸਹੀ-ਘੁੱਗੀ ਨ੍ਹੀ ਖੰਘਣ ਦਿੰਦਾ?” ਸਵਾਰੀਆਂ ਤਾਂਗੇ ਵਿਚ ਬਹਿ ਗਈਆਂ।
ਇਕ ਸਵਾਰ ਦਾ ਹੋਕਾ ਦਿੰਦਿਆਂ ਬਾਰੂ ਨੇ ਤਾਂਗੇ ਨੂੰ ਅੱਡੇ ਵਲ ਤੋਰ ਲਿਆ।
”ਅਜੇ ਹੋਰ ਚਾਹੀਦੀ ਐ ਇਕ ਸਵਾਰੀ?”
ਵਿਚੋਂ ਇਕ ਸਵਾਰੀ ਨੇ ਤਾਂਗੇ ਵਾਲੇ ਨੂੰ ‘ਆਖਰ ਤਾਂਗੇ ਵਾਲਾ ਹੀ ਨਿਕਲਿਆ’
ਬੁਝ ਕੇ ਆਖਿਆ।
”ਚਲ ਕਰ ਲੈਣ ਦੇ ਇਹਨੂੰ ਵੀ ਆਪਣਾ ਘਰ ਪੂਰਾ…” ਵਿਚੋਂ ਹੀ ਕਿਸੇ ਨੇ ਉੱਤਰ ਦਿਤਾ,
”ਅਸੀਂ ਜਾਣੋਂ ਬਿੰਦ ਮਗਰੋਂ ਅੱਪੜ ਲਾਂਗੇ। ਅੱਡੇ ਤੋਂ ਬਾਰੂ ਨੇ ਤਾਂਗਾ ਬਾਜ਼ਾਰ ਵਲ ਭਜਾ ਲਿਆ। ਬਾਜ਼ਾਰ ਦੇ ਗੱਭੇ ਬਾਰੂ ਨੇ ਤਾਂਗੇ ਦੇ ਬੰਬ ਉਤੋਂ ਤਣ ਕੇ ਹੋਕਾ ਮਾਰਿਆ, ”ਜਾਂਦਾ ਕੋਈ ਕੱਲਾ ਸਵਾਰ ਖੰਨੇ ਬਈ ਓ!”
”ਕੱਲੇ ਸਵਾਰ ਨੂੰ ਲੁੱਟਣੈ ਰਾਹ ਵਿਚ…?”
ਬਾਜ਼ਾਰ ਵਿਚੋਂ ਕਿਸੇ ਉੱਚੀ ਟੋਕ ਕੇ ਬਾਰੂ ਨੂੰ ਮਸ਼ਕਰੀ ਕੀਤੀ। ਬਜ਼ਾਰ ਵਿਚ ਹਾਸਾ ਪੈ ਗਿਆ। ਬਾਰੂ ਦੇ ਚਿੱਟੇ ਦੰਦ ਤੇ ਲਾਲ ਬੁੱਟ ਦਿਸਣ ਲਗੇ। ਉਹਦੀਆਂ ਗੱਲ੍ਹਾਂ ਫੁਲ ਕੇ ਚਮਕੀਆਂ ਤੇ ਹਾਸੇ ਵਿਚ ਹਾਸਾ ਰਲਾ ਕੇ ਸਵਾਰ ਲਈ ਹੋਕਾ ਦਿੰਦਿਆਂ ਉਹਨੇ ਘੋੜਾ ਮੋੜ ਲਿਆ। ਅੱਡੇ ਵਿਚ ਆ ਕੇ ਸੜਕ ਦੇ ਇਕ ਪਾਸੇ ਖੰਨੇ ਦੇ ਰੁਖ ਤਾਂਗਾ ਲਾਇਆ ਤੇ ਆਪ ਫੜ੍ਹੀ ਵਾਲੇ ਕੋਲ ਆ ਬੈਠਾ।
”ਕੀਤੀ ਨਾ ਉਹੀ ਗੱਲ..!” ਤਾਂਗੇ ਵਾਲੇ ਨੂੰ ਟਲਿਆ ਦੇਖਕੇ ਇਕ ਸਵਾਰ ਬੋਲਿਆ।
”ਓ ਬਈ ਤਾਂਗੇ ਆਲਿਆ, ਸਾਨੂੰ ਹੁਣ ਏਵੇਂ ਹਰਾਨ ਕਰਨੈ?” ਇਕ ਹੋਰ ਸਵਾਰ ਨੇ ਆਖਿਆ।
”ਮਖਾਂ ਅਟਕਣਾ ਨ੍ਹੀਂ ਆਪਾਂ ਨੇ ਲੰਬੜਦਾਰਾ, ਬਸ ਇਕ ਸਵਾਰ ਦੀ ਝਾਕ ਐ-ਆ ਗਿਆ ਚੰਗਾ, ਨਹੀਂ ਤੁਰ ਪਾਂਗੇ।” ਬਾਰੂ ਨੇ ਦਿਲ ਧਰਾਇਆ।
ਸਵਾਰੀਆਂ ਨੂੰ ਕਾਹਲੀਆਂ ਪਈਆਂ ਦੇਖ ਕੇ ਕੁੰਦਨ ਨੇ ਆਪਣੇ ਤਾਂਗੇ ਨੂੰ ਇਕ ਕਦਮ ਹੋਰ ਅੱਗੇ ਕਰਦਿਆਂ ਹੋਕਾ ਦਿੱਤਾ, ”ਚੱਲ ਚਾਰੇ ਸਵਾਰ ਲੈ ਕੇ ਤੁਰਦਾ ਖੰਨੇ ਨੂੰ…!” ਤੇ ਉਹ ਚਿੜਾਉਣ ਲਈ ਬਾਰੂ ਵਲ ਬਿਟ ਬਿਟ ਝਾਕਣ ਲੱਗਾ।
”ਟਲ ਜਾ ਉਏ, ਟਲ ਜਾ ਨਾਈਆ-ਟਲ ਜਾ ਤੂੰ ਲੱਛਣਾਂ ਤੋਂ!” ਬਾਰੂ ਨੇ ਕੁੰਦਨ ਵਲ ਅੱਖਾਂ ਕੱਢੀਆਂ ਤੇ ਸਵਾਰੀਆਂ ਨੂੰ ਵਰਗਲਾਉਣ ਤੋਂ ਬਚਾਉਣ ਲਈ ਉਹਨੇ ਤੀਵੀਆਂ ਤੇ ਕੁੜੀਆਂ ਕੱਤਰੀਆਂ ਦੀ ਆ ਰਹੀ ਰੰਗ ਬਰੰਗੀ ਟੋਲੀ ਵਲ ਤੱਕਦਿਆਂ ਕਿਹਾ, ”ਚਲਦੇ ਆਂ ਸਰਦਾਰੋ ਆਪਾਂ ਹੁਣ ਬਸ, ਔਹ ਆ ਗਈਆਂ ਸਵਾਰੀਆਂ!”
ਸਵਾਰੀਆਂ, ਟੋਲੀ ਵਲ ਦੇਖ ਕੇ ਫਿਰ ਟਿਕ ਰਹੀਆਂ। ਟੋਲੀ ਵਲ ਤੱਕਦਾ ਬਾਰੂ ਸੋਚਣ ਲੱਗਾ, ਵਿਆਹ ਮੁਕਲਾਵੇ ਦੀਆਂ ਸੱਗੀਆਂ ਰੱਤੀਆਂ ਸੁਆਰੀਆਂ ਨੇ ਜਾਣੋ-ਦੋ ਤਾਂਗੇ ਭਰ ਜਾਣ ਭਾਵੇਂ ਨਾਵਾਂ ਵੀ ਚੰਗਾ ਬਣਾ ਜਾਂਦੀਆਂ ਨੇ ਇਹੋ ਜੇਹੀਆਂ ਸੁਆਰੀਆਂ। ਟੋਲੀ ਨੇੜੇ ਆ ਗਈ। ਕੁਝ ਮਾਈਆਂ ਤੇ ਕੁੜੀਆਂ ਨੇ ਹੱਥਾਂ ਉਤੇ ਕੱਪੜਿਆਂ ਨਾਲ ਢਕੇ ਹੋਏ ਗੋਹਲੇ, ਬ੍ਹੋਈਏ ਤੇ ਥਾਲ ਚੁੱਕੇ ਹੋਏ ਸਨ। ਪਿਛੇ ਕੁਝ ਘੁੰਡ ਵਾਲੀਆਂ ਵਹੁਟੀਆਂ ਤੇ ਨਿੱਕੀਆਂ ਨਿੱਕੀਆਂ ਕੁੜੀਆਂ ਸਨ। ਬਾਰੂ ਨੇ ਅੱਗੇ ਵਧ ਕੇ ਧੀਆਂ ਵਰਗਾ ਪੁੱਤ ਬਣਦਿਆਂ, ਇਕ ਮਾਈ ਨੂੰ ਆਖਿਆ, ”ਆਓ ਮਾਈ ਜੀ, ਤਿਆਰ ਐ ਤਾਂਗਾ, ਬਸ ਥੋਨੂੰ ਈ ਡੀਕਦਾ ਸੀ-ਬੈਠੋ ਖੰਨੇ ਨੂੰ।”
”ਬੇ ਨਾ ਬੀਰ।” ਮਾਈ ਨੇ ਸਰਸਰੀ ਆਖਿਆ। ”ਅਸੀਂ ਤਾਂ ਮੱਥਾ ਟੇਕਣ ਚੱਲੀਆਂ ਮਾਤਾ ਦੇ ਥਾਨਾਂ ‘ਤੇ।”
”ਚੰਗਾ ਮਾਈ ਚੰਗਾ”, ਬਾਰੂ ਹਸ ਕੇ ਛਿੱਥਾ ਜਿਹਾ ਪੈ ਗਿਆ।
”ਓ ਬਈ ਤੁਰੇਂਗਾ ਕਿ ਨਹੀਂ?” ਸਵਾਰੀਆਂ ਨੂੰ ਕਿਥੇ ਟੇਕ ਹੁੰਦੀ ਐ, ਤੇ ਹਰ ਘੜੀ ਬਾਰੂ ਵੀ ਉਨ੍ਹਾਂ ਨੂੰ ਕਿਹੜੀਆਂ ਜੁਗਤਾਂ ਨਾਲ ਟਾਲੀ ਜਾਂਦਾ।
ਹਾਰ ਕੇ ਉਹਨੇ ਸਾਫ ਗੱਲ ਕੀਤੀ, ”ਚਲਦੇ ਆਂ ਬਾਬਾ-ਆ ਲੈਣ ਦੇਹ ਇਕ ਸਵਾਰ-ਕੁਝ ਭਾੜਾ ਤਾਂ ਬਣ ਲਵੇ।”
”ਤੂੰ ਆਪਣਾ ਭਾੜਾ ਬਣਾ, ਸਾਡੀ ਤਰੀਕ ਖੁੰਝ ਜੂ।” ਸਵਾਰੀਆਂ ਵੀ ਸੱਚੀਆਂ ਸਨ।
ਕੁੰਦਨ ਨੇ ਫੇਰ ਛੇੜ ਕਰਦਿਆਂ ਸੁਣਾ ਕੇ ਆਖਿਆ, ”ਸਧਾਰਨ ਹੁੰਦੇ ਨੇ ਬਾਜੇ ਲੋਕ-ਕਿਥੇ ਫਸਗੇ-ਅੱਬਲਾ ਤੁਰਦਾ ਨ੍ਹੀਂ-ਜੇ ਤੁਰਿਆ ਤਾਂ ਕਿਤੇ ਮੂਧਾ ਪਿਆ ਹੋਊ-ਪੈਰ ਪੈਰ ਤੇ ਨਹੁੰ ਲੈਂਦੈ ਘੋੜਾ-ਜੇ ਉਠ ਖੜ੍ਹਿਆ ਤਾਂ ਗੈਬ ‘ਚ ਅੜ ਜੂ ਸਿਰੇ ਲਗਦਾ ਨ੍ਹੀਂ।”
ਸਵਾਰੀਆਂ ਕੰਨਾਂ ਦੀਆਂ ਕੱਚੀਆਂ ਹੁੰਦੀਆਂ ਹਨ। ਬਾਰੂ ਨੂੰ ਇਕ ਚੜ੍ਹੇ, ਇਕ ਉਤਰੇ। ਪਰ ਉਹ ਛੇੜ ਨੂੰ ਅਜੇ ਵੀ ਜਰਦਿਆਂ ਕੁੰਦਨ ਵਲ ਕੌੜਾ ਝਾਕ ਕੇ ਬੋਲਿਆ, ”ਨਾਈਆ, ਨਾਈਆ-ਮੌਤ ਗੱਲਾਂ ਕਰੌਂਦੀ ਐ ਤੇਰੀ। ਗੱਡੀ ਤਾਂ ਸੰਵਰਾ ਲਿਆ ਪਹਿਲਾਂ ਮਾਂ ਕੋਲੋਂ ਜਾ ਕੇ, ਢੀਚਕੂੰ ਢੀਚਕੂੰ ਕਰਦੀ ਐ, ਐਥੇ ਭੌਂਕੀ ਜਾਨੈਂ ਖੜ੍ਹਾ, ਗੁਟਾਰ ਜਾਤ…!”
ਲੋਕ ਹਸਣ ਲੱਗੇ। ਪਰ ਜਿਹੜੀ ਹਾਲਤ ਬਾਰੂ ਦੀ ਸੀ, ਉਹੀ ਕੁੰਦਨ ਤੇ ਹੋਰ ਤਾਂਗੇ ਵਾਲਿਆਂ ਦੀ। ਕਿਸ ਨੂੰ ਨਹੀਂ ਸਵਾਰੀਆਂ ਚਾਹੀਦੀਆਂ? ਕੀਹਨੇ ਘੋੜੇ ਤੇ ਟੱਬਰ ਦਾ ਢਿੱਡ ਨਹੀਂ ਤੋਰਨਾ? ਨਾ ਬਾਰੂ ਵਿਚੋਂ ਤੁਰੇ, ਨਾ ਕਿਸੇ ਹੋਰ ਨੂੰ ਤੁਰਨ ਦੇਵੇ-ਸਬਰ ਵੀ ਕੋਈ ਚੀਜ਼ ਐ-ਆਪੋ ਆਪਣੇ ਭਾਗ ਨੇ-ਮੰਦਾ ਠੰਡਾ ਬਣਿਆ ਹੋਇਐ-ਚਾਰੇ ਲੈ ਕੇ ਤੁਰ ਜਾਵੇ-ਕਿਸੇ ਹੋਰ ਨੂੰ ਵੀ ਰੋਜ਼ੀ ਕਮਾਉਣ ਦੇਵੇ-ਕਿਥੇ ਕੁਲਾਲ ਅੜਿਆ ਖੜ੍ਹੈ ਮਣ੍ਹੇ ਆਂਗੂ ਮੂਹਰੇ! ਕੁੰਦਨ ਨੇ ਆਪਣੀ ਜੜ੍ਹ ਉਤੇ ਆਪੇ ਟੱਕ ਲਾਉਂਦਿਆਂ ਖਿਝ ਕੇ ਹੋਕਾ ਮਾਰਿਆ, ”ਚੱਲ ਚਾਰੇ ਲੈ ਕੇ ਤੁਰਦਾ ਖੰਨੇ ਨੂੰ ਬੰਬੂਕਾਟ-ਚਲ ਜਾਂਦਾ ਮਿੰਟਾਂ ਸਕਿੰਟਾਂ ਵਿਚ ਖੰਨੇ-ਚਲ ਭਾੜਾ ਵੀ ਤਿੰਨ-ਤਿੰਨ ਆਨੇ…!” ਤੇ ਤਾਂਗਾ ਉਹਨੇ ਇਕ ਕਦਮ ਹੋਰ ਅਗੇ ਕਰ ਲਿਆ।
ਸਵਾਰੀਆਂ ਬਾਰੂ ਦੀਆਂ ਅਗੇ ਹੀ ਅੱਕੀਆਂ ਹੋਈਆਂ ਸਨ, ਤੇ ਸਵਾਰੀਆਂ ਕਿਸੇ ਦੀਆਂ ਬੰਨ੍ਹੀਆਂ ਹੋਈਆਂ ਵੀ ਨਹੀਂ ਹੁੰਦੀਆਂ। ਬਾਰੂ ਦੀਆਂ ਸਵਾਰੀਆਂ ਵਿਗੜ ਕੇ ਤਾਂਗੇ ਵਿਚੋਂ ਲਹਿਣ ਲਗੀਆਂ। ਬਾਰੂ ਨੇ ਗੁੱਸੇ ਵਿਚ ਲਲਕਾਰ ਕੇ ਕੁੰਦਨ ਨੂੰ ਮਾਂ ਦੀ ਗਾਲ੍ਹ ਕੱਢੀ ਤੇ ਆਪਣੀ ਧੋਤੀ ਦਾ ਲਾਂਗੜ ਮਾਰ ਕੇ ਆਖਿਆ, “ ਉੱਤਰ ਪੁਤ ਹੇਠ ਤਾਂਗੇ ਤੋਂ!”
ਕੁੰਦਨ, ਬਾਰੂ ਨੂੰ ਗੁੱਸੇ ਵਿਚ ਤਣਿਆ ਦੇਖ, ਕੇ ਯਰਕ ਤਾਂ ਗਿਆ, ਪਰ ਉਹ ਤਾਂਗੇ ਉਤੋਂ ਹੇਠਾਂ ਉਤਰ ਆਇਆ ਤੇ ਬੋਲਿਆ, ”ਮੂੰਹ ਸੰਭਾਲ ਕੇ ਕੱਢੀਂ ਓਏ ਗਾਲ੍ਹ ਕੁਲਾਲਾ!”
ਬਾਰੂ ਨੇ ਇਕ ਗਾਲ੍ਹ ਹੋਰ ਕਢ ਦਿੱਤੀ ਤੇ ਹੱਥ ਵਿਚ ਫੜੀ ਪਰੈਣੀ ਉਤੇ ਉਂਗਲੀ ਜੋੜ ਕੇ ਆਖਿਆ, ”ਪਹੀਏ ਦੇ ਗਜਾਂ ਵਿਚ ਲੰਘਾ ਦੂੰ ਸਾਲੇ ਨੂੰ ਤੀਹਰਾ ਕਰਕੇ!”
”ਤੂੰ ਹੱਥ ਤਾਂ ਲਾ ਕੇ ਦੇਖ”, ਕੁੰਦਨ ਅੰਦਰੋਂ ਡਰਦਾ ਸੀ, ਪਰ ਉਤੋਂ ਭੜਕਦਾ ਸੀ।
”ਓ ਮਖਾਂ ਮਿਟ ਜਾ ਤੂੰ, ਮਿਟ ਜਾ, ਨਾਈਆ! ਲਹੂ ਦਾ ਤੁਬਕਾ ਨ੍ਹੀ ਡੁਲ੍ਹਣ ਦਊਂਗਾ ਭੁੰਜੇ-ਸੀਰਮੇ ਪੀ ਜੂੰ!” ਬਾਰੂ ਨੂੰ ਖਿਝ ਸੀ ਕਿ ਕੁੰਦਨ ਉਹਨੂੰ ਕਿਉਂ ਨਹੀਂ ਬਰਾਬਰ ਗਾਲ੍ਹ ਕੱਢ ਬੈਠਦਾ।
ਸਵਾਰੀਆਂ ਆਲੇ ਦੁਆਲੇ ਖੜੀਆਂ ਦੋਹਾਂ ਦੇ ਮੂੰਹਾਂ ਵਲ ਤੱਕਦੀਆਂ ਸਨ।
”ਤੈਨੂੰ ਮੈਂ ਕੀ ਕਿਹੈ? ਤੂੰ ਨਾਸਾਂ ਫੁਲਾਉਨੈ ਵਾਧੂ!” ਕੁੰਦਨ ਨੇ ਜ਼ਰਾ ਕੁ ਡਟ ਕੇ ਆਖਿਆ।
”ਸਵਾਰੀਆਂ ਪੱਟਦੈਂ ਤੂੰ ਮੇਰੀਆਂ!”
”ਮੈਂ ਤਾਂ ਹਾਕਾਂ ਮਾਰਦਾਂ-ਤੂੰ ਬੰਨ੍ਹ ਲੈ ਸਵਾਰੀਆਂ!”
”ਮੈਂ ਸਵੇਰ ਦਾ ਦੇਖਦਾਂ ਤੇਰੇ ਮੂੰਹ ਕੰਨੀ- ਬੋਦੀਆਂ ਪੱਟ ਦੂੰ!”
”ਪੱਟ ਦਏਂਗਾ ਤੂੰ ਬੋਦੀਆਂ…” ਕੁੰਦਨ ਬਰਾਬਰ ਜਿਦਣ ਲੱਗਾ।
”ਸਵਾਰੀਆਂ ਬਠਾਏਂਗਾ ਤੂੰ ਮੇਰੀਆਂ?”
”ਆਹੋ-ਬਠਾਊਂਗਾ!”
”ਬਠਾ ਫੇਰ…” ਬਾਰੂ ਨੇ ਹੂਰਾ ਉੱਗਰ ਲਿਆ।
”ਆ ਬਾਬਾ…” ਕੁੰਦਨ ਨੇ ਇਕ ਸਵਾਰ ਨੂੰ ਮੋਢੇ ਤੋਂ ਫੜਿਆ।
ਬਾਰੂ ਨੇ ਝਟ ਕੁੰਦਨ ਨੂੰ ਝੱਗੇ ਦੇ ਗਲਾਵੇਂ ਤੋਂ ਫੜ ਲਿਆ। ਕੁੰਦਨ ਨੇ ਵੀ ਬਾਰੂ ਨੂੰ ਹੱਥ ਲਾ ਲਏ। ਦੋਵੇਂ ਉਲਝ ਪਏ। ਫੜੋ ਛੁਡਾਓ ਹੋਣ ਲੱਗੀ। ਅਖੀਰ ਹੋਰ ਤਾਂਗੇ ਵਾਲਿਆਂ ਤੇ ਸਵਾਰੀਆਂ ਨੇ ਦੋਹਾਂ ਨੂੰ ਛੁਡਾ ਦਿਤਾ ਤੇ ਅੱਡੇ ਦੇ ਠੇਕੇਦਾਰ ਨੇ ਦੋਹਾਂ ਨੂੰ ਘੂਰ ਘੱਪ ਕਰ ਦਿੱਤੀ। ਸਾਰੇ ਲੋਕਾਂ ਇਹੋ ਆਖਿਆ ਕਿ ਸਵਾਰੀਆਂ ਬਾਰੂ ਦੇ ਹੀ ਤਾਂਗੇ ਵਿਚ ਬੈਠਣ। ਤਿੰਨ ਤੁੰਨ ਆਨੇ ਐਵੇਂ ਵਾਧੂ ਗੱਲ ਐ-ਕਿਸੇ ਲੈਣੇ ਨਾ ਦੇਣੇ-ਕੁੰਦਨ ਨੂੰ ਸਾਰਿਆਂ ਥੋੜੀ ਜਿਹੀ ਫਿਟ ਲਾਹਣਤੀ ਦਿਤੀ ਤੇ ਸਵਾਰੀਆਂ ਮੁੜ ਬਾਰੂ ਦੇ ਤਾਂਗੇ ਵਿਚ ਬਹਿ ਗਈਆਂ।
ਬਾਰੂ ਨੂੰ ਅੱਕਿਆ ਤੇ ਦੁਖੀ ਹੋਇਆ ਦੇਖ ਕੇ ਸਾਰਿਆਂ ਨੂੰ ਹੁਣ ਉਹਦੇ ਨਾਲ ਹਮਦਰਦੀ ਜਿਹੀ ਹੋ ਗਈ ਸੀ। ਸਾਰੇ ਰਲ ਮਿਲ ਉਹਦਾ ਤਾਂਗਾ ਭਰਵਾ ਕੇ ਤੁਰਾਉਣਾ ਚਾਹੁੰਦੇ ਸਨ।
ਸਵਾਰੀਆਂ ਨੇ ਵੀ ਕਹਿ ਦਿਤਾ ਕਿ ਚਲੋ ਉਹ ਹੋਰ ਘੜੀ ਪੱਛੜ ਲੈਣਗੇ, ਇਹ ਆਪਣਾ ਘਰ ਪੂਰਾ ਕਰ ਲਵੇ-ਇਹਨੇ ਵੀ ਪਸ਼ੂ ਦਾ ਢਿਡ ਭਰ ਕੇ ਰੋਟੀ ਖਾਣੀ ਐਂ ਗਰੀਬ ਨੇ।
ਏਨੇ ਨੂੰ ਬਾਜ਼ਾਰ ਵਲੋਂ ਆਉਂਦੇ ਪੁਲਿਸ ਦੇ ਹੌਲਦਾਰ ਨੇ ਨੇੜੇ ਆਉਂਦਿਆਂ ਪੁਛਿਆ, ”ਉਏ ਤਾਂਗਾ ਹੈ ਤਿਆਰ ਕੋਈ ਖੰਨੇ ਨੂੰ ਮੁੰਡਿਓ?”
ਪਰ ਭਰ ਲਈ ਬਾਰੂ ਨੇ ਸੋਚਿਆ- ਆ ਗਈ ਮੁਫਤ ਦੀ ਬਗਾਰ-ਨਾ ਪੈਸਾ, ਨਾ ਧੇਲਾ ਪਰ ਝਟ ਹੀ ਉਹਨੇ ਸੋਚਿਆ ਕਿ ਨਾਂਹ ਤਾਂ ਪੁਲਿਸ ਨੂੰ ਕਰ ਨਹੀਂ ਹੁੰਦੀ, ਸੁਆਰੀਆਂ ਤਾਂ ਦੋ ਵਧ ਬਠਾ ਈ ਲਊਂਗਾ ਇਹਦੇ ਕਰਕੇ-ਨਹੀਂ ਭਾੜਾ ਦਊ, ਨਾ ਸਹੀ-ਤੇ ਬਾਰੂ ਨੇ ਆਖਿਆ, “ਆਓ ਹੌਲਦਾਰ ਜੀ, ਤਿਆਰ ਈ ਖੜ੍ਹੈ ਤਾਂਗਾ, ਬੈਠੋ ਮੂਹਰੇ।”
ਹੌਲਦਾਰ ਤਾਂਗੇ ਵਿਚ ਬਹਿ ਗਿਆ। ਬਾਰੂ ਨੇ ਇਕ ਸਵਾਰ ਲਈ ਇਕ ਦੋ ਤਕੜੇ ਹੋਕੇ ਲਾਏ। ਇਕ ਲਾਲਾ ਬਾਜ਼ਾਰ ਵਲੋਂ ਆਇਆ ਤੇ ਬਿਨਾਂ ਪੁਛੇ ਬਾਰੂ ਦੇ ਤਾਂਗੇ ਵਿਚ ਜਾ ਚੜ੍ਹਿਆ। ਦੋ ਕੁ ਬੁੱਢੀਆਂ ਜੇਹੀਆਂ ਅੱਡੇ ਵਲ ਸੜਕੋ ਸੜਕ ਆ ਰਹੀਆਂ ਸਨ। ਬਾਰੂ ਨੇ ਕਾਹਲੀ ਨਾਲ ਵਾਜ ਮਾਰ ਕੇ ਪੁਛਿਆ, ”ਮਾਈ ਖੰਨੇ ਜਾਣੈ?” ਬੁੱਢੀਆਂਛੇਤੀ ਛੇਤੀ ਪੈਰ ਪੁਟਣ ਲੱਗੀਆਂ ਤੇ ਇਕ ਨੇ ਹੱਥ ਉਲਾਰ ਕੇ ਆਖਿਆ, ‘ਬੇ ਖੜ੍ਹੀਂ ਬੀਰ…”
”ਛੇਤੀ ਕਰੋ ਮਾਈ ਛੇਤੀ!” ਬਾਰੂ ਦੇ ਜਿਵੇਂ ਪੈਰ ਮੱਚਦੇ ਸਨ।
ਬੁੱਢੀਆਂ ਛੇਤੀ ਛੇਤੀ ਆ ਕੇ ਤਾਂਗੇ ਵਿਚ ਬੈਠਣ ਲੱਗੀਆਂ, ‘ਵੇ ਭਾਈ ਕੀ ਲਏਂਗਾ?”
”ਬਹਿ ਜਾਓ ਮਾਈ ਕੇਰਾਂ ਝੱਟ ਦੇ ਕੇ-ਥੋਤੋਂ ਵਧ ਨ੍ਹੀਂ ਮੰਗਦਾ।”
ਅੱਠਾਂ ਸਵਾਰੀਆਂ ਨਾਲ ਤਾਂਗਾ ਭਰ ਗਿਆ। ਦੋ ਰੁਪਏ ਬਣ ਗਏ ਸਨ। ਤੁਰਦੇ ਤੁਰਾਉਂਦਿਆਂ ਕੋਈ ਹੋਰ ਭੇਜ ਦੂ ਮਾਲਕ-ਦੋ ਫੇਰੇ ਲਗ ਜਾਣ ਇਸੇ ਤਰ੍ਹਾਂ…। ਬਾਰੂ ਨੇ ਠੇਕੇਦਾਰ ਨੂੰ ਮਸੂਲ ਦੇ ਦਿਤਾ।
”ਲੈ ਬਈ, ਹੁਣ ਨਾ ਪਾਧਾ ਪੁਛ…!” ਪਹਿਲੀਆਂ ਸਵਾਰੀਆਂ ਵਿਚੋਂ ਇਕ ਨੇ ਕਿਹਾ।
”ਲਓ ਜੀ, ਬਸ, ਲੈਨੇ ਆਂ ਰੱਬ ਦਾ ਨਾਉਂ …” ਬਾਰੂ ਘੋੜੇ ਦੀ ਪਿੱਠ ਉਤੇ ਥਾਪੀ ਮਾਰ ਕੇ ਬੰਬ ਨਾਲੋਂ ਰਾਸਾਂ ਖੋਲ੍ਹਣ ਲੱਗਾ।
ਫੇਰ ਉਹਨੂੰ ਚੇਤਾ ਆਇਆ, ਇਕ ਸਿਗਰਟ ਵੀ ਲੈ ਲਵੇ। ਇਕ ਪਲ ਲਈ, ਖਿਆਲ ਵਿਚ, ਉਹਨੇ ਆਪਣੇ ਆਪ ਨੂੰ ਟਪਟਪ ਤੁਰਦੇ ਤਾਂਗੇ ਦੇ ਬੰਬ ਉਤੇ ਤਣ ਕੇ ਬੈਠਿਆਂ ਧੂੰਏਂ ਦੇ ਫਰਾਟੇ ਮਾਰਦਾ ਤੱਕਿਆ ਤੇ ਉਹ ਭਰੇ ਹੋਏ ਤਾਂਗੇ ਨੂੰ ਛਡ ਕੇ ਕੈਂਚੀ ਦੀ ਸਿਗਰਟ ਖਰੀਦਣ ਲਈ ਫੜ੍ਹੀ ਵਾਲੇ ਕੋਲ ਚਲਾ ਗਿਆ।
ਭੁੱਖੀ ਡੈਣ ਵਾਂਗ, ਝੱਟ, ਅੰਬਾਲਿਓਂ ਲੁਧਿਆਣੇ ਜਾਣ ਵਾਲੀ ਬੱਸ ਤਾਂਗੇ ਦੇ ਸਿਰ ਉਤੇ ਆ ਖੜ੍ਹੀ। ਪਲੋ ਪਲੀ ਵਿਚ ਤਾਂਗੇ ਤੋਂ ਸਵਾਰੀਆਂ ਲਹਿ ਕੇ ਬੱਸ ਦੇ ਵੱਡੇ ਢਿਡ ਵਿਚ ਖਪ ਗਈਆਂ।
ਅੱਡੇ ਵਿਚ ਹੂੰਝਾ ਫੇਰ ਕੇ ਡੈਣ ਵਾਂਗ ਚੰਘਿਆੜਦੀ ਬੱਸ ਅਗੇ ਤੁਰ ਗਈ। ਧੂਏਂ ਦੀ ਸੜ੍ਹਿਆਣ ਤੇ ਉਡੀ ਹੋਈ ਧੂੜ ਉਹਦੇ ਮੂੰਹ ਉਤੇ ਪੈ ਰਹੀ ਸੀ। ਬਾਰੂ ਨੇ ਅੱਡੇ ਦੇ ਵਿਚਕਾਰ, ਪਰੈਣੀ ਉਚੀ ਕਰਕੇ, ਦਿਲ ‘ਤੇ ਸਰੀਰ ਦੇ ਪੂਰੇ ਜ਼ੋਰ ਨਾਲ ਇਕ ਵਾਰ ਫੇਰ ਹੋਕਾ ਮਾਰਿਆ,
”ਜਾਂਦਾ ਕੋਈ ਇਕ ਸਵਾਰ ਖੰਨੇ ਦਾ ਬਈ ਓ..!”