ਮੈਨੂੰ ਕਈਆਂ ਨੇ ਆਖਿਆ, ਕਈ ਵਾਰੀ
ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ।
ਗੋਦੀ ਜਿਦ੍ਹੀ ‘ਚ ਪਲਕੇ ਜਵਾਨ ਹੋਇਓਂ,
ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ ।
ਜੇ ਪੰਜਾਬੀ, ਪੰਜਾਬੀ ਈ ਕੂਕਣਾ ਈਂ,
ਜਿਥੇ ਖਲਾ ਖਲੋਤਾ ਉਹ ਥਾਂ ਛੱਡ ਦੇ ।
ਮੈਨੂੰ ਇੰਝ ਲੱਗਦਾ, ਲੋਕੀਂ ਆਖਦੇ ਨੇ,
ਤੂੰ ਪੁੱਤਰਾ ਆਪਣੀ ਮਾਂ ਛੱਡ ਦੇ ।
ਏਥੇ ਬੋਲੀ ਪੰਜਾਬੀ ਹੀ ਬੋਲੀ ਜਾਏਗੀ
ਏਥੇ ਬੋਲੀ ਪੰਜਾਬੀ ਹੀ ਬੋਲੀ ਜਾਏਗੀ,
ਉਰਦੂ ਵਿਚ ਕਿਤਾਬਾਂ ਦੇ ਠਣਦੀ ਰਹੇਗੀ।
ਇਹਦਾ ਪੁੱਤ ਹਾਂ ਇਹਦੇ ਤੋਂ ਦੁੱਧ ਮੰਗਨਾਂ,
ਮੇਰੀ ਭੁੱਖ ਇਹਦੀ ਛਾਤੀ ਤਣਦੀ ਰਹੇਗੀ।
ਇਹਦੇ ਲੱਖ ਹਰੀਫ਼ ਪਏ ਹੋਣ ਪੈਦਾ,
ਦਿਨ-ਬਦਿਨ ਇਹਦੀ ਸ਼ਕਲ ਬਣਦੀ ਰਹੇਗੀ।
ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ,
ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ।
ਜਦੋਂ ਕਦੇ ਪੰਜਾਬੀ ਦੀ ਗੱਲ ਕਰਨਾਂ
ਜਦੋਂ ਕਦੇ ਪੰਜਾਬੀ ਦੀ ਗੱਲ ਕਰਾਂ,
ਫਾਂ ਫਾਂ ਕਰਦਾ ਫੂੰ ਫੂੰ ਆਉਂਦਾ ।
ਤੂੰ ਪੰਜਾਬੀ ਪੰਜਾਬੀ ਕੀ ਲਾਈ ਹੋਈ ਏ,
ਚਾਂ ਚਾਂ ਕਰਦਾ ਚੂੰ ਚੂੰ ਆਉਂਦਾ ।
ਉਹ ਬੋਲਦਾ ਬੋਲਦਾ ਟੁਰੀ ਜਾਂਦਾ,
ਖ਼ੌਰੇ ਮੇਰੇ ਬੁੱਲ੍ਹਾਂ ਨੂੰ ਸਿਉਂ ਆਉਂਦਾ ।
ਇਹ ਗੱਲ ਹੈ ਮਾਂ ਤੇ ਪੁੱਤਰਾਂ ਦੀ,
ਕੋਈ ਤੀਸਰਾ ਇਹਦੇ ਵਿਚ ਕਿਉਂ ਆਉਂਦਾ ।
ਉਰਦੂ ਦਾ ਮੈਂ ਦੋਖੀ ਨਾਹੀਂ
ਉਰਦੂ ਦਾ ਮੈਂ ਦੋਖੀ ਨਾਹੀਂ
ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ ।
ਪੁੱਛਦੇ ਓ ਮੇਰੇ ਦਿਲ ਦੀ ਬੋਲੀ,
ਹਾਂ ਜੀ ਹਾਂ ਪੰਜਾਬੀ ਏ ।
ਹਾਂ ਜੀ ਹਾਂ ਪੰਜਾਬੀ ਏ ।
ਬੁੱਲਾ ਮਿਲਿਆ ਏਸੇ ਵਿਚੋਂ,
ਏਸੇ ਵਿਚੋਂ ਵਾਰਿਸ ਵੀ ।
ਧਾਰਾਂ ਮਿਲੀਆਂ ਏਸੇ ਵਿਚੋਂ,
ਮੇਰੀ ਮਾਂ ਪੰਜਾਬੀ ਏ ।
ਹਾਂ ਜੀ ਹਾਂ ਪੰਜਾਬੀ ਏ ।
ਇਹਦੇ ਬੋਲ ਕੰਨਾਂ ਵਿਚ ਪੈਂਦੇ,
ਦਿਲ ਮੇਰੇ ਦੇ ਵਿਚ ਨੇ ਰਹਿੰਦੇ ।
ਤਪਦੀਆਂ ਹੋਈਆਂ ਰੇਤਾਂ ਉੱਤੇ,
ਇਕ ਠੰਡੀ ਛਾਂ ਪੰਜਾਬੀ ਏ ।
ਹਾਂ ਜੀ ਹਾਂ ਪੰਜਾਬੀ ਏ ।
ਇਹਦੇ ਦੁੱਧਾਂ ਦੇ ਵਿਚ ਮੱਖਣੀ,
ਮੱਖਣਾਂ ਵਿਚ ਘਿਓ ਦੀ ਚੱਖਣੀ ।
ਡੱਬ ਖੜੱਬੀ ਦੁੱਧਲ ਜੇਹੀ,
ਇਕ ਸਾਡੀ ਗਾਂ ਪੰਜਾਬੀ ਏ ।
ਹਾਂ ਜੀ ਹਾਂ ਪੰਜਾਬੀ ਏ ।
ਮੇਰੇ ਖ਼ਿਆਲ ਅੰਦਰ ਉਹ, ਸ਼ਾਇਰ ਸ਼ਾਇਰ ਹੁੰਦਾ
ਮੇਰੇ ਖ਼ਿਆਲ ਅੰਦਰ ਉਹ ਸ਼ਾਇਰ, ਸ਼ਾਇਰ ਹੁੰਦਾ,
ਖੰਡ, ਖੰਡ ਨੂੰ, ਜ਼ਹਿਰ ਨੂੰ ਜ਼ਹਿਰ ਆਖੇ ।
ਜੋ ਕੁਝ ਹੁੰਦਾ ਏ ਹੋਵੇ, ਨਾ ਡਰੇ ਹਰਗਿਜ਼,
ਰਹਿਮ, ਰਹਿਮ ਨੂੰ, ਕਹਿਰ ਨੂੰ ਕਹਿਰ ਆਖੇ ।
ਭਾਵੇਂ ਹਸਤੀ ਦੀ, ਬਸਤੀ ਬਰਬਾਦ ਹੋਵੇ,
ਜੰਗਲ, ਜੰਗਲ ਨੂੰ, ਸ਼ਹਿਰ ਨੂੰ ਸ਼ਹਿਰ ਆਖੇ ।
‘ਦਾਮਨ’ ਦੁੱਖਾਂ ਦੇ ਬਹਿਰ ‘ਚ ਜਾਏ ਡੁੱਬਦਾ,
ਨਦੀ, ਨਦੀ ਨੂੰ, ਨਹਿਰ ਨੂੰ ਨਹਿਰ ਆਖੇ ।
ਇਸ ਮੁਲਕ ਦੀ ਵੰਡ ਕੋਲੋਂ ਯਾਰੋ
ਇਸ ਮੁਲਕ ਦੀ ਵੰਡ ਕੋਲੋਂ ਯਾਰੋ,
ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ।
ਭਾਵੇਂ ਮੂੰਹਂੋ ਨਾ ਕਹੀਏ ਪਰ ਵਿਚੋਂ ਵਿੱਚੀ,
ਖੋਏ ਤੁਸੀਂ ਵੀ ਓ, ਖੋਏ ਅਸੀਂ ਵੀ ਆਂ।
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ,
ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ।
ਕੁੱਝ ਉਮੀਦ ਏ ਜਿੰਦਗੀ ਮਿਲ ਜਾਏਗੀ,
ਮੋਏ ਤੁਸੀਂ ਵੀ ਓ, ਮੋਏ ਅਸੀਂ ਵੀ ਆਂ।
ਜਿਉਂਦੀ ਜਾਨ ਈ ਮੌਤ ਦੇ ਮੂੰਹ ਅੰਦਰ,
ਢੋਏ ਤੁਸੀਂ ਵੀ ਓ, ਢੋਏ ਅਸੀਂ ਵੀ ਆਂ।
ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ,
ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ।
ਲਾਲੀ ਅੱਖੀਆਂ ਦੀ ਪਈ ਦਸਦੀ ਏ,
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।
ਘੁੰਡ ਮੁਖੜੇ ਤੋ ਲਾਹ ਓ ਯਾਰ
ਘੁੰਡ ਮੁਖੜੇ ਤੋ ਲਾਹ ਓ ਯਾਰ ।
ਘੁੰਡ ਤੇਰੇ ਨੇ ਅੰਨ੍ਹੇ ਕੀਤੇ,
ਕਈ ਫਿਰਦੇ ਨੇ ਚੁੱਪ ਚੁਪੀਤੇ ।
ਕਿੰਨਿਆਂ ਜ਼ਹਿਰ ਪਿਆਲੇ ਪੀਤੇ,
ਕਈਆਂ ਖ਼ੂਨ ਜਿਗਰ ਦੇ ਪੀਤੇ ।
ਕਈਆਂ ਅਪਣੀ ਖੱਲ ਲੁਹਾਈ,
ਕਿੰਨੇ ਚੜ੍ਹੇ ਨੇ ਉੱਤੇ ਦਾਰ ।
ਘੁੰਡ ਮੁਖੜੇ ਤੋ ਲਾਹ ਓ ਯਾਰ ।
ਚਾਰ ਦੀਵਾਰੀ ਇੱਟਾਂ ਦੀ ਏ,
ਬੁਰਜ ਅਟਾਰੀ ਇੱਟਾਂ ਦੀ ਏ ।
ਖੇਡ ਖਿਡਾਰੀ ਇੱਟਾਂ ਦੀ ਏ,
ਸਭ ਉਸਾਰੀ ਇੱਟਾਂ ਦੀ ਏ ।
ਇੱਟਾਂ ਦੇ ਨਾਲ ਇੱਟ ਖੜੱਕਾ,
ਮੈਂ ਮੈਂ ਵਿਚੋਂ ਮੁਕਾ ਓ ਯਾਰ ।
ਘੁੰਡ ਮੁਖੜੇ ਤੋ ਲਾਹ ਓ ਯਾਰ ।
ਵੇਦ ਕਿਤਾਬਾਂ ਪੜ੍ਹ ਪੜ੍ਹ ਥੱਕਾ,
ਕੁਝ ਨਾ ਬਣਿਆਂ ਕੱਚਾ ਪੱਕਾ ।
ਓੜਕ ਰਹਿ ਗਿਆ ਹੱਕਾ ਬੱਕਾ,
ਮੱਕੇ ਗਿਆ ਤੇ ਕੁੱਝ ਨਾ ਮੁੱਕਾ ।
ਐਵੇਂ ਮੁੱਕ ਮੁਕੱਈਏ ਕਾਹਦੇ,
ਮੁੱਕਦੀ ਗੱਲ ਮੁਕਾ ਓ ਯਾਰ ।
ਘੁੰਡ ਮੁਖੜੇ ਤੋ ਲਾਹ ਓ ਯਾਰ ।
ਮਸਜਿਦ ਮੰਦਰ ਤੇਰੇ ਲਈ ਏ,
ਬਾਹਰ ਅੰਦਰ ਤੇਰੇ ਲਈ ਏ ।
ਦਿਲ-ਏ-ਕਲੰਦਰ ਤੇਰੇ ਲਈ ਏ,
ਸਿੱਕ ਇਕ ਅੰਦਰ ਤੇਰੇ ਲਈ ਏ ।
ਮੇਰੇ ਕੋਲ ਤੇ ਦਿਲ ਈ ਦਿਲ ਏ,
ਉਹਦੇ ਵਿਚ ਸਮਾ ਓ ਯਾਰ ।
ਘੁੰਡ ਮੁਖੜੇ ਤੋ ਲਾਹ ਓ ਯਾਰ ।
ਮੁੱਕਦੀ ਗੱਲ ਮੁਕਾ ਓ ਯਾਰ ।
ਮੈਨੂੰ ਪਾਗਲਪਣ ਦਰਕਾਰ
ਮੈਨੂੰ ਪਾਗਲਪਣ ਦਰਕਾਰ ।
ਮੈਨੂੰ ਪਾਗਲਪਣ ਦਰਕਾਰ ।
ਲੱਖਾਂ ਭੇਸ ਵੱਟਾ ਕੇ ਵੇਖੇ,
ਆਸਣ ਕਿਤੇ ਜਮਾ ਕੇ ਵੇਖੇ ।
ਮਿੱਥੇ ਤਿਲਕ ਲੱਗਾ ਕੇ ਵੇਖੇ,
ਕਿਧਰੇ ਮੋਨ ਮਨਾ ਕੇ ਵੇਖੇ ।
ਉਹੀ ਰਸਤੇ, ਉਹੀ ਪੈਂਡੇ,
ਉਹੋ ਹੀ ਹਾਂ ਮੈਂ ਚੱਲਣਹਾਰ ।
ਮੈਨੂੰ ਪਾਗਲਪਣ ਦਰਕਾਰ ।
ਹੱਥ ਕਿਸੇ ਦੇ ਆਉਣਾ ਕੀ ਏ ?
ਮੁੱਲਾਂ ਨੇ ਜਤਲਾਉਣਾ ਕੀ ਏ ?
ਪੰਡਿਤ ਪੱਲੇ ਪਾਉਣਾ ਕੀ ਏ ?
ਰਾਤ ਦਿਨੇ ਬੱਸ ਗੱਲਾਂ ਕਰ ਕਰ,
ਕੁੱਝ ਨਹੀਂ ਬਣ ਦਾ ਆਖ਼ਰਕਾਰ ।
ਮੈਨੂੰ ਪਾਗਲਪਣ ਦਰਕਾਰ ।
ਮੈਂ ਨਹੀਂ ਸਿੱਖਿਆ ਇਲਮ ਰਿਆਜ਼ੀ,
ਨਾਂ ਮੈਂ ਪੰਡਿਤ, ਮੁੱਲਾਂ, ਕਾਜ਼ੀ ।
ਨਾ ਮੈਂ ਦਾਨੀ, ਨਾ ਫ਼ਆਜ਼ੀ,
ਨਾ ਮੈਂ ਝਗੜੇ ਕਰ ਕਰ ਰਾਜ਼ੀ ।
ਨਾ ਮੈਂ ਮੁਨਸ਼ੀ, ਆਲਿਮ ਫ਼ਾਜ਼ਿਲ,
ਨਾ ਮੈਂ ਰਿੰਦ ਤੇ ਨਾ ਹੁਸ਼ਿਆਰ ।
ਮੈਨੂੰ ਪਾਗਲਪਣ ਦਰਕਾਰ ।
ਮੈਂ ਨਹੀਂ ਖਾਂਦਾ ਡੱਕੋ ਡੋਲੇ,
ਰਥ ਜੀਵਨ ਨੂੰ ਲਾ ਹਚਕੋਲੇ ।
ਐਂਵੇਂ ਲੱਭਦਾ ਫਿਰਾਂ ਵਿਚੋਲੇ,
ਕੋਈ ਬੋਲੇ ਤੇ ਕੋਈ ਨਾ ਬੋਲੇ ।
ਮਿਲੇ ਗਿਲੇ ਦਾ ਆਦਰ ਕਰ ਕੇ,
ਕਰਨਾ ਅਪਣਾ ਆਪ ਸੁਧਾਰ ।
ਮੈਨੂੰ ਪਾਗਲਪਣ ਦਰਕਾਰ ।
ਸਭ ਦਿਸਦੇ ਨੇ ਵੰਨ ਸੁਵੰਨੇ,
ਕੋਲ ਜਾਓ ਤਾਂ ਖ਼ਾਲੀ ਛੰਨੇ ।
ਦਿਲ ਨਾ ਮੰਨੇ, ਤੇ ਕੀ ਮੰਨੇ,
ਐਂਵੇਂ ਮਨ ਮਨੌਤੀ ਕਾਹਦੀ,
ਗੱਲ ਨਾ ਹੁੰਦੀ ਹੰਨੇ-ਬੰਨੇ,
ਅੰਦਰ ਖੋਟ ਤੇ ਬਾਹਰ ਸਚਿਆਰ ।
ਮੈਨੂੰ ਪਾਗਲਪਣ ਦਰਕਾਰ ।
ਇਹ ਦੁਨੀਆ ਕੀ ਰੌਲਾ ਗੋਲਾ,
ਕੋਈ ਕਹਿੰਦਾ ਏ ਮੌਲਾ ਮੌਲਾ ।
ਕੋਈ ਕਰਦਾ ਏ ਟਾਲ ਮਟੋਲਾ,
ਕੋਈ ਪਾਉਂਦਾ ਏ ਚਾਲ ਮਚੌਲਾ ।
ਮੈਨੂੰ ਕੁੱਝ ਪਤਾ ਨਹੀਂ ਚਲਦਾ,
ਕੀ ਹੁੰਦਾ ਏ ਵਿਚ ਸੰਸਾਰ ।
ਮੈਨੂੰ ਪਾਗਲਪਣ ਦਰਕਾਰ ।
ਵਲੀ, ਪੀਰ ਮੈਂ ਪਗੜ ਪਗੜ ਕੇ,
ਗਿੱਟੇ ਗੋਡੇ ਰਗੜ ਰਗੜ ਕੇ ।
ਦਿਲ ਨੂੰ ਹੁਣ ਤੇ ਜਕੜ ਜਕੜ ਕੇ,
ਐਂਵੇਂ ਝਗੜੇ ਝਗੜ ਝਗੜ ਕੇ ।
ਛੱਡ ਦਿੱਤੇ ਨੇ ਝਗੜੇ ਝਾਂਜੇ,
ਲੰਮੇ ਚੌੜੇ ਖਿਲ ਖਿਲਾਰ ।
ਮੈਨੂੰ ਪਾਗਲਪਣ ਦਰਕਾਰ ।
ਰੱਬਾ, ਮੈਨੂੰ ਪਾਗਲਪਣ ਦਰਕਾਰ ।
ਇਹ ਦੁਨੀਆ ਮਿਸਲ ਸਰਾਂ ਦੀ ਏ
ਇਹ ਦੁਨੀਆ ਮਿਸਲ ਸਰਾਂ ਦੀ ਏ,
ਏਥੇ ਮੁਸਾਫ਼ਿਰਾਂ ਬੈਠ, ਖਲੋ ਜਾਣਾ ।
ਵਾਰੋ ਵਾਰੀ ਏ ਸਾਰਿਆਂ ਕੂਚ ਕਰਨਾ,
ਆਈ ਵਾਰ ਨਾ ਕਿਸੇ ਅਟਕੋ ਜਾਣਾ ।
ਮੇਰੇ ਵੇਂਹਦਿਆਂ ਵੇਂਹਦਿਆਂ ਕਈ ਹੋ ਗਏ,
ਤੇ ਮੈਂ ਕਈਆਂ ਦੇ ਵੇਂਹਦਿਆਂ ਹੋ ਜਾਣਾ ।
‘ਦਾਮਨ’ ਸ਼ਾਲ ਦੁਸ਼ਾਲੇ, ਲੀਰਾਂ ਵਾਲਿਆਂ ਵੀ,
ਸਭਨਾ ਖ਼ਾਕ ਦੇ ਵਿਚ ਸਮੋ ਜਾਣਾ ।
ਮੈਨੂੰ ਦੱਸ ਓਏ ਰੱਬਾ ਮੇਰਿਆ
ਮੈਨੂੰ ਦੱਸ ਓਏ ਰੱਬਾ ਮੇਰਿਆ,
ਮੈਂ ਡੁੱਬਦਾ ਡੁੱਬਦਾ ਜਾਂ ।
ਮੈਂ ਓਥੇ ਢੂੰਡਾਂ ਪਿਆਰ ਨੂੰ,
ਜਿੱਥੇ ਪੁੱਤਰਾਂ ਖਾਣੀ ਮਾਂ ।
ਜਿੱਥੇ ਸਹਿਮੀਆਂ ਰਹਿਣ ਜਵਾਨੀਆਂ,
ਤੇ ਪਿਟਦਾ ਰਵੇ ਨਿਆਂ ।
ਜਿੱਥੇ ਕੈਦੀ ਹੋਈਆਂ ਬੁਲਬੁਲਾਂ,
ਤੇ ਬਾਗ਼ੀਂ ਬੋਲਣ ਕਾਂ ।
ਓਥੇ ਫੁੱਲ ਪਏ ਲੀਰਾਂ ਜਾਪਦੇ,
ਤੇ ਕਲੀਆਂ ਖਿੜੀਆਂ ਨਾ।
ਮੈਂ ਵੇਖੇ ਬੱਕਰੇ ਕੁੱਸਦੇ,
ਤੇ ਲੈ ਕੇ ਤੇਰਾ ਨਾਂ ।
ਮੈਨੂੰ ਓਥੇ ਚੀਕਾਂ ਸੁਣਦੀਆਂ,
ਜਿੱਥੇ ਹੁੰਦੀ ਏ ਚੁੱਪ ਚਾਂ ।