ਖ਼ਾਲੀ ਖ਼ਤ
‘ਖ਼ਤ ਤੂੰ ਪਾਇਆ ਪਹਿਲਾ ਜੋ
ਵਿੱਚ ‘ਨਾਂ’ ਤੇ ਦੱਸ ਜਾਂਦਾ
ਦਿਲ ਨੂੰ ਦਿਲ ਨਾਲ ਮਿਲਣੇ ਦੀ
ਕੋਈ ਰਾਹ ਤੇ ਦੱਸ ਜਾਂਦਾ…..’
ਮੈਨੂੰ ਉਹ ਬੇਹੱਦ ਖੂਬਸੂਰਤ ਲੱਗੀ ਸੀ ਤੇ ਮੈਂ ਉਸ ਨੂੰ ਖ਼ਤ ਭੇਜਿਆ ਸੀ….. ਪਹਿਲਾ ਖ਼ਤ……
‘ਲਿਖਦੀ ਵੀ ਬੜਾ ਸੋਹਣਾ ਏਂ
ਗਾਉਂਦੀ ਵੀ ਲੱਗਦੀ ਸੋਹਣੀ ਏਂ
ਸੋਹਣੀ ਸ਼ਕਲੋ-ਸੂਰਤ ਏ
ਕੀ ‘ਨਾਂ’ ਵੀ ਤੇਰਾ ‘ਸੋਹਣੀ’ ਏ…..?’
ਕਾਲਜ ਦੇ ਕਵਿਤਾ ਸਮਾਰੋਹ ਵਿੱਚ ਉਸਨੇ ਆਪਣੀ ਲਿਖੀ ਹੋਈ ਇੱਕ ਕਵਿਤਾ ਗਾਈ ਸੀ…..
‘ਜ਼ਿੰਦਗੀ ਤਾਂ ਨਾਂ ਏ
ਜੀਉਣ ਦਾ…..
ਜ਼ਿੰਦਗੀ ਨਾ ਸਵਾਲ
ਨਾ ਬਵਾਲ ਏ…
ਹੱਸ-ਖੇਡ ਕੇ ਬਿਤਾ ਲੈ
ਦਿਨ ਚਾਰ ਆਪਣੇ…..
ਮਰ ਗਏ …
ਤਾਂ ਫੇਰ….
ਕੀਹਨੇ ਪੁੱਛਣਾ…..!?
ਜ਼ਿੰਦਗੀ ਨੂੰ ਸਮਝ ਨਾ
ਕਿ ਖੇਡ ਏ….
ਜ਼ਿੰਦਗੀ ਨਾ ਮੰਜ਼ਲ
ਨਾ ਮੁਕਾਮ ਏ….
ਤੁਰਦਾ ਰਹਿ ਤੂੰ ਬੰਦਿਆ
ਜਦ ਤੱਕ ਰਾਹ ਦਿੱਸਦਾ
ਤੂੰ ਤੁਰਨੋਂ ਹੱਟ ਗਿਆ
ਤਾਂ ਤੈਨੂੰ
ਕੀਹਨੇ ਪੁੱਛਣਾ….!?’
ਉਸਦੀ ਇਸ ਛੋਟੀ ਜਿਹੀ ਕਵਿਤਾ ਵਿੱਚ ਬੜੀਆਂ ਵੱਡੀਆਂ ਗੱਲਾਂ ਦਾ ਜ਼ਿਕਰ ਸੀ….
ਤੇ ਜਿਸ ਖੂਬਸੂਰਤੀ ਨਾਲ ਉਸਨੇ ਇਹ ਕਵਿਤਾ ਗਾਈ ਸੀ, ਉਸਨੇ ਤਾਂ ਸਾਹਮਣੇ ਬੈਠੇ ਹਰ ਇੱਕ ਸਰੋਤੇ ਨੂੰ ਕੀਲ ਕੇ ਰੱਖ ਦਿੱਤਾ ਸੀ…..
ਹੋਰ ਕਈ ਵਿਦਿਆਰਥੀਆਂ ਵਾਂਗ ਮੈਂ ਵੀ ਇਸ ਕਵਿਤਾ ਸਮਾਰੋਹ ਵਿੱਚ ਹਿੱਸਾ ਲਿਆ ਸੀ…….
‘ਡੁੱਬ ਜਾਂਦੀ ਏ ਬੇੜੀ
ਜੀਹਦਾ ਮੱਲਾਹ ਨ੍ਹੀ ਹੁੰਦਾ….
ਹਲਾਲ ਕਰਿਆਂ ਬੱਕਰਾ
ਖੁਸ਼ ਅੱਲਾਹ ਨ੍ਹੀ ਹੁੰਦਾ….
ਰੋਟੀ ਦੇਣੀ ਉਹਨੂੰ ਦੇ
ਜੋ ਭੁੱਖੇ ਸੌਂਦੇ….
ਰੱਜਿਆਂ ਨੂੰ ਰਜਾ ਕੇ
ਕਦੇ ਭਲਾ ਨ੍ਹੀ ਹੁੰਦਾ….
ਸ਼ੋਰ ਮਚਾ ਸਕਦੀ ਏ
ਤੇਰੀ ਖ਼ਾਮੋਸ਼ੀ ਵੀ….
ਮਚਾਉਣਾ ਮੰਗਾਂ ਖ਼ਾਤਰ
ਹਰ ਪਲ ਹੱਲਾ ਨ੍ਹੀ ਹੁੰਦਾ….
ਮਤਲਬੀ ਇਸ ਦੁਨੀਆਂ ‘ਚ
ਮਤਲਬ ਕੱਢਣ ਸਾਰੇ…
ਸਭ ਮਤਲਬ ਲਈ ਸਿਆਣੇ
ਕੋਈ ਝੱਲਾ ਨ੍ਹੀ ਹੁੰਦਾ….
ਆਪਣਾ ਹੀ ਹੱਥ ਫੜ੍ਹ ਲੈ
ਜੇ ਅੱਗੇ ਵੱਧਣਾ ਏ….
ਹਰ ਕੋਈ ਦੇ ਜੇ ਚੰਗੀ
ਤੈਨੂੰ ਸਲਾਹ ਨ੍ਹੀ ਹੁੰਦਾ….
ਨੇਕ ਹੋਣ ਇਰਾਦੇ
ਕਾਰਵੇ ਬਣ ਜਾਂਦੇ ਨੇ….
ਖ਼ੁਦਾ ਸਾਥ ਏ ਦਿੰਦਾ
ਬੰਦਾ ‘ਕੱਲਾ ਨ੍ਹੀ ਹੁੰਦਾ…..’
ਉਸਨੂੰ ਵੀ ਮੇਰਾ ਲਿਖਿਆ ਪਸੰਦ ਆਇਆ ਸੀ, ਤਾਹੀਂਓ ਤਾਂ ਉਸਨੇ ਵੀ ਆਪਣੇ ਖ਼ਤ ਵਿੱਚ ਮੈਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਸੀ….
‘ਨਾਂ’ ਤਾਂ ਸਾਨੂੰ ਦੋਹਾਂ ਨੂੰ ਹੀ ਨਹੀਂ ਪਤਾ ਸਨ ਇੱਕ-ਦੂਜੇ ਦੇ….. ਇਸੇ ਲਈ ਆਪਣੇ ਪਹਿਲੇ ਖ਼ਤ ਵਿੱਚ ਅਸੀਂ ਇੱਕ-ਦੂਜੇ ਤੋਂ ਆਪਣੇ-੨ ਨਾਂ ਬਾਰੇ ਪੁੱਛਿਆ ਸੀ….
ਆਪਣੇ ਪਹਿਲੇ ਖ਼ਤ ਵਿੱਚ ਮੈਂ ਉਸਦੀ ਤਾਰੀਫ਼ ਵੀ ਕੀਤੀ ਸੀ ਤੇ ਉਸਤੋਂ ਉਸਦਾ ‘ਨਾਂ’ ਪੁੱਛਣ ਲਈ ਹੀ ਲਿਖਿਆ ਸੀ ਕਿ ਕੀ ਉਸਦਾ ਨਾਂ ‘ਸੋਹਣੀ’ ਏ…..
ਪਰ ਆਪਣੇ ਖ਼ਤ ਵਿੱਚ ਉਸਨੇ ਜਵਾਬ ਨਹੀਂ ਸੀ ਦਿੱਤਾ, ਸਗੋਂ ਸੁਆਲ ਪੁੱਛਿਆ ਸੀ ਕਿ ਮੇਰਾ ਨਾਂ ਕੀ ਏ….
ਮੈਂ ਉਸਨੂੰ ਜਵਾਬ ਵਿੱਚ ਖ਼ਤ ਲਿਖਦਾ ਹਾਂ….ਇਸ ਵਾਰੀ ਆਪਣਾ ਨਾਂ ਵੀ ਉਸਨੂੰ ਦੱਸ ਦਿੰਦਾ ਹਾਂ ਤੇ ਨਾਲ ਹੀ ਉਸਨੂੰ ਮਿਲਣ ਲਈ ਥਾਂ ਵੀ….
‘ਪੰਛੀ ਉੱਡ-੨ ਜਾਵਣ ਜਿੱਥੇ
ਉਹ ਥਾਂ ਹੀ ਮੇਰਾ ਨਾਂ ਏ
ਨਿਮਾਣਾ ਜਿਹਾ ਇੱਕ ਸ਼ਾਇਰ ਹਾਂ ਮੈਂ
‘ਚਾਹੜ’ ਮੇਰਾ ਗਰਾਂ ਏ…..’
ਇਸ ਪਿੱਛੋਂ ਮੈਂ ਉਸਨੂੰ ਮਿਲਣ ਦੀ ਆਪਣੀ ਤਾਂਘ ਪ੍ਰਗਟਾਈ…..
‘ਦੂਰੋਂ ਸੁਣ ਲਿਆ ਏ ਤੈਨੂੰ
ਦੂਰੋਂ ਵੇਖ ਲਿਆ ਏ
ਪੁੱਛਦੀ ਏਂ ਤੂੰ ਰਾਹ ਮੇਰਾ
ਆਪ ਦੱਸੇਂ, ਗੱਲ ਤਾਂ ਏ……’
ਇਹ ਮੇਰੇ ਨਿਮਾਣੇ ਸ਼ਾਇਰ ਦੀ ਇੱਕ ਨਿਮਾਣੀ ਜਿਹੀ ਅਰਜ਼ੋਈ ਹੀ ਸੀ, ਜੋ ਮੈਂ ਉਸਨੂੰ ਕਰ ਰਿਹਾ ਸੀ….
‘ਤੂੰ ਨਾ ਦੱਸੇਂ
ਤੇਰੀ ਮਰਜ਼ੀ ਏ
ਪਰ ਇੱਕ ਗੱਲ
ਆਖਾਂ ਇਹ
ਮਿਲਣੇ ਦੀ ਤੈਨੂੰ
ਤਾਂਘ ਮੇਰੀ
‘ਮਨਜ਼ੂਰ’ ਤੈਨੂੰ
ਜਾਂ ‘ਨਾਂਹ’ ਏ…….?’
ਮੈਨੂੰ ਪੂਰੀ ਉਮੀਦ ਸੀ ਕਿ ਉਹ ਮੈਨੂੰ ਮਿਲਣ ਲਈ ਆਵੇਗੀ, ਇਸ ਲਈ ਮੈਂ ਉਸਨੂੰ ਮਿਲਣ ਦੀ ਥਾਂ ਵੀ ਨਾਲ ਹੀ ਦੱਸ ਦਿੱਤੀ ਸੀ…..
‘ਜੇ ਪੁੱਛਦੀ ਏਂ
ਤੂੰ ਥਾਂ ਕਿਹੜੀ
ਲੈ ਸੁਣ ਫੇਰ
ਕਿਹੜੀ ਥਾਂ ਏ
ਮਿਲਣ ਆ ਜਾਵੀਂ
ਉਸ ਥਾਵੇਂ
ਜਿੱਥੇ ਪੀਲੇ ਫੁੱਲਾਂ ਦੀ
ਛਾਂ ਏ……’
ਤੇ ਸੱਚਮੁੱਚ ਹੀ ਉਹ ਮੈਨੂੰ ਮਿਲਣ ਲਈ ਆ ਗਈ…. ਦੂਰੋਂ ਤਾਂ ਉਹ ਸੋਹਣੀ ਲੱਗਦੀ ਹੀ ਸੀ, ਪਰ ਨੇੜ੍ਹੇ ਤੋਂ ਤਾਂ ਹੋਰ ਵੀ ਸੋਹਣੀ ਲੱਗਦੀ ਸੀ…. ਓਹਦੀ ਖ਼ੂਬਸੂਰਤੀ ਨੂੰ ਮੇਰੇ ਲਈ ਸ਼ਬਦਾਂ ਵਿੱਚ ਬਿਆਂ ਕਰਨਾ ਵੀ ਔਖਾ ਹੋ ਰਿਹਾ ਸੀ…..
‘ਸਮਝਾ ਲੈਂਦਾ ਮੈਂ ਦਿਲ ਚੰਦਰੇ ਨੂੰ
ਦਿਲ ਦਾ ਜੇਕਰ ਦਿਮਾਗ ਨਾ ਹੁੰਦਾ
ਕਹਿ ਲੈਂਦਾ ਮੈਂ ਤੈਨੂੰ ਚੰਨ ਵੀ
ਚੰਨ ਦੇ ਵਿੱਚ ਜੇ ਦਾਗ਼ ਨਾ ਹੁੰਦਾ……’
ਉਹ ਇੰਨੀ ਸੋਹਣੀ ਸੀ ਕਿ ਮੇਰਾ ‘ਚੰਨ’ ਕਹਿਣ ਨੂੰ ਜੀਅ ਕਰਦਾ ਸੀ, ਪਰ ਦਿਲ ਮੇਰੇ ਨੂੰ ਇਹ ਮਨਜ਼ੂਰ ਕਿੱਥੇ ਸੀ, ਸਗੋਂ ਦਿਲ ਨੇ ਤਾਂ ਉਸਨੂੰ ਚੰਨ ਤੋਂ ਵੀ ਵੱਡੀ ਪਦਵੀ ਤੇ ਬਿਠਾਲ ਦਿੱਤਾ ਸੀ…. ਤੇ ਮੇਰਾ ਦਿਲ ਮੁੜ-੨ ਮੈਨੂੰ ਕਹਿ ਰਿਹਾ ਸੀ ਕਿ ਉਸ ਲਈ ਕੋਈ ਨਵਾਂ ਸ਼ਬਦ ਲੱਭ…..
ਮੈਂ ਉਸਨੂੰ ਪਹਿਲਾਂ ਹੀ ਦੱਸ ਚੁੱਕਾ ਸੀ ਕਿ ਮੈਂ ਬੱਸ ਇੱਕ ਮਾਮੂਲੀ ਜਿਹਾ ਸ਼ਾਇਰ ਹਾਂ…. ਜੀਅ ਪਰਚਾਉਣ ਲਈ ਥੋੜਾ-ਬਹੁਤ ਲਿਖ ਲੈਂਦਾ ਹਾਂ… ਪਰ ਉਸਨੇ ਮੈਨੂੰ ਆਪਣੇ ਅਗਲੇ ਖ਼ਤ ਵਿੱਚ ਕੋਈ ਕਵਿਤਾ ਲਿਖ ਕੇ ਭੇਜਣ ਲਈ ਕਹਿ ਦਿੱਤਾ ਸੀ…..
‘ਜੇ ਮੈਂ ਲਿਖਣਾ ਜਾਣਦਾ ਹੁੰਦਾ
ਤੇਰੇ ਨਾਂ ਦੀ ਇੱਕ ਕਵਿਤਾ ਲਿਖਦਾ
ਉਸ ਕਵਿਤਾ ‘ਚ ਤੇਰੇ ਰੂਪ ਨੂੰ ਬਿਆਂ ਕਰਦਾ
ਦੱਸਦਾ ਕਿ ਤੇਰੀਆਂ ਅੱਖਾਂ
ਕਿਸੇ ਡੂੰਘੇ ਸਮੰਦਰ ਤੋਂ ਵੀ ਵੱਧ ਡੂੰਘੀਆਂ ਨੇ
ਜਿਹਨਾਂ ਵਿੱਚ ਸ਼ਰਾਬ ਵਰਗਾ ਸ਼ਬਾਬ ਏ
ਤੇਰੇ ਮੋਤੀ ਵਰਗੇ ਦੰਦਾਂ ਦਾ ਹਾਸਾ
ਕਿਵੇਂ ਕੰਨਾਂ ‘ਚ ਪਤਾਸੇ ਘੋਲਦਾ ਏ
ਤੇ ਤੇਰੀ ਪਿਆਰੀ ਜਿਹੀ ਮੁਸਕੁਰਾਹਟ
ਕਿਵੇਂ ਕਿਸੇ ਨੂੰ ਵੀ ਤੇਰਾ ਕਾਇਲ ਬਣਾ ਸਕਦੀ ਏ
ਦੱਸਦਾ ਕਿ ਤੇਰੇ ਹੁਸਨ ਦਾ ਜਲਵਾ
ਨਾ ਹੀਰ ਤੋਂ ਘੱਟ ਏ, ਨਾ ਸੱਸੀ ਤੋਂ
ਨਾ ਸੋਹਣੀ ਤੋਂ, ਤੇ ਨਾ ਹੀ ਸਾਹਿਬਾ ਤੋਂ
ਤੇਰੇ ਹੁਸਨ ਦੇ ਚਰਚੇ ਹਰ ਸ਼ਹਿਰ, ਹਰ ਗਲ਼ੀ ‘ਚ ਨੇ
ਪਰ ਤੈਨੂੰ ਛੇਤੀ ਦੇਣੇ ਲੱਭਣਾ ਕੋਈ ਸੌਖਾ ਨਹੀਂ ਏ
ਜੇ ਮੈਂ ਲਿਖਣਾ ਜਾਣਦਾ ਹੁੰਦਾ
ਤੇਰੇ ਲਈ ਇੱਕ ਗੀਤ ਲਿਖਦਾ
ਇੱਕ ਪਿਆਰ ਦਾ ਗੀਤ
ਉਸ ਗੀਤ ਵਿੱਚ ਮੈਂ ਆਪਣੇ
ਤੇਰੇ ਲਈ ਪਿਆਰ ਦਾ ਇਜ਼ਹਾਰ ਕਰਦਾ ਤੇ ਤੈਨੂੰ
ਦੱਸਦਾ ਕਿ ਮੇਰੀ ਰੂਹ ਨੂੰ
ਇੱਕ ਸਾਥੀ ਮਿਲ ਗਿਆ ਏ
ਹਾਣ ਮੇਰੇ ਨੂੰ ਇੱਕ ਹਾਣ ਮਿਲ ਗਿਆ ਏ
ਮੈਂ ਤੈਨੂੰ ਹੁਣ ਆਪਣਾ ਸਭ ਕੁੱਝ ਮੰਨ ਲਿਆ ਏ
ਤੇਰੇ ਤੋਂ ਜੁਦਾਈ ਇੱਕ ਪਲ ਲਈ ਵੀ
ਮੈਨੂੰ ਬਰਦਾਸ਼ਤ ਨਹੀਂ
ਮੈਂ ਆਪਣੇ ਤਨ, ਮਨ ਤੇ ਧਨ ਨਾਲ
ਬੱਸ ਤੇਰਾ ਹੋਣਾ ਲੋਚਦਾ ਹਾਂ
ਸੱਚੀਂ ਆਖਾਂ ਤਾਂ ਹੁਣ ਮੈਂ ਬੱਸ
ਤੇ ਬੱਸ ਤੇਰੇ ਬਾਰੇ ਹੀ ਸੋਚਦਾ ਹਾਂ
ਦੱਸਦਾ ਕਿ ਮੇਰੇ ਰਾਹਾਂ ਨੂੰ
ਇੱਕ ਮੰਜ਼ਲ ਮਿਲ ਗਈ ਏ
ਮੇਰੀ ਤੋਰ ਨੂੰ ਇੱਕ ਅਦਾ ਮਿਲ ਗਈ ਏ
ਤੇ ਮੇਰੀ ਚਾਹਤ ਨੂੰ
ਇੱਕ ਵਜ੍ਹਾ ਮਿਲ ਗਈ ਏ
ਹੁਣ ਮੈਂ ਸ਼ੀਸ਼ਾ ਵੀ ਵੇਖਦਾ ਹਾਂ
ਤਾਂ ਅੱਗੋਂ ਤੇਰਾ ਚਿਹਰਾ ਦਿੱਸਦਾ ਏ
ਮੈਨੂੰ ਤਾਂ ਲੱਗਦਾ ਏ ਕਿ ਮੈਨੂੰ
ਧਰਤੀ ‘ਤੇ ਹੀ ਕੋਈ ਜੰਨਤ ਮਿਲ ਗਈ ਏ
ਜੇ ਮੈਂ ਲਿਖਣਾ ਜਾਣਦਾ ਹੁੰਦਾ
ਤਾਂ ਸ਼ਾਇਦ ਜੋ ਵੀ ਲਿਖਦਾ
ਨਾਪ-ਤੋਲ ਕੇ ਲਿਖਦਾ
ਕਵਿਤਾ ਲਿਖਦਾ
ਤਾਂ ਕੋਈ ‘ਲੈਅ’ ਬਣਾ ਕੇ ਲਿਖਦਾ
ਜੇ ਗ਼ਜ਼ਲ ਲਿਖਦਾ
ਤਾਂ ਕੋਈ ‘ਬਹਿਰ’ ਬਣਾ ਕੇ ਲਿਖਦਾ
ਹਾਂ, ਹੁਣ ਮੈਂ ਜੋ ਵੀ ਲਿਖਿਆ ਏ
ਬਿਨਾਂ ‘ਲੈਅ’ ਤੋਂ ਲਿਖਿਆ ਏ
ਬਿਨਾਂ ‘ਬਹਿਰ’ ਤੋਂ ਲਿਖਿਆ ਏ
ਇਹ ‘ਕਾਦੀਆ-ਰਦੀਫ਼’
‘ਛੰਦ’ ਤੇ ‘ਅਲੰਕਾਰ ਕੀ ਹੁੰਦੇ ਨੇ
ਮੈਂ ਨਹੀਂ ਜਾਣਦਾ
ਸੱਚ ਦੱਸਾਂ ਤਾਂ
ਨਾ ਮੈਂ ਕਵਿਤਾ ਲਿਖਣੀ ਜਾਣਦਾ ਹਾਂ
ਨਾ ਗੀਤ ਤੇ ਨਾ ਹੀ ਗ਼ਜ਼ਲ
ਪਰ ਮੈਂ ਜੋ ਵੀ ਲਿਖਿਆ ਏ
ਬੱਸ ਤੇਰੇ ਲਈ ਹੀ ਲਿਖਿਆ ਏ
ਬੇਸ਼ੱਕ ਦਿਮਾਗ਼ ਤੋਂ ਤਾਂ ਨਹੀਂ
ਪਰ ਦਿਲ ਤੋਂ ਜ਼ਰੂਰ ਲਿਖਿਆ ਏ…..’
ਇਹ ਕੋਈ ਕਵਿਤਾ ਸੀ ਵੀ ਜਾਂ ਨਹੀਂ, ਮੈਂ ਨਹੀਂ ਜਾਣਦਾ… ਪਰ ਇਹ ਉਸਨੂੰ ਬੇਹੱਦ ਪਸੰਦ ਆਈ…. ਉਸਨੂੰ ਪਹਿਲੀ ਨਜ਼ਰੇ ਵੇਖੇ ਹੀ ਮੈਨੂੰ ਉਸ ਨਾਲ ਪਿਆਰ ਹੋ ਗਿਆ ਸੀ ਤੇ ਇਹ ਪਿਆਰ ਹੀ ਸੀ, ਜੋ ਦਿਨੋਂ-ਦਿਨ ਮੇਰੀਆਂ ਲਿਖਤਾਂ ਨੂੰ ਸੁਧਾਰਦਾ ਰਿਹਾ….
ਪਹਿਲੀ ਮੁਲਾਕਾਤ ਦਾ ਅਸਰ ਮੇਰੇ ਤੇ ਕੁੱਝ ਇਸ ਤਰ੍ਹਾਂ ਦਾ ਪਿਆ ਸੀ ਕਿ ਮੈਨੂੰ ਸਾਰੀ ਰਾਤ ਨੀਂਦ ਨਹੀਂ ਸੀ ਆਈ… ਮੈਨੂੰ ਬੱਸ ਰਹਿ-੨ ਕੇ ਉਹੀ ਚੇਤੇ ਆ ਰਹੀ ਸੀ…..
ਸਾਰੀ ਰਾਤ ਮੈਂ ਉਸਲਵੱਟੇ ਹੀ ਲੈਂਦਾ ਰਿਹਾ ਤੇ ਅਗਲੀ ਸਵੇਰ ਮੁੜ ਉਸਨੂੰ ਮਿਲਣ ਲਈ ਚਲਾ ਗਿਆ….. ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦ ਮੈਂ ਉਸਨੂੰ ਮੁੜ ਉਸੇ ਥਾਂ ਵੇਖਿਆ ਜਿੱਥੇ ਮੈਂ ਉਸਨੂੰ ਪਹਿਲਾਂ ਮਿਲਣ ਲਈ ਬੁਲਾਇਆ ਸੀ…ਉਸ ਦਿਨ ਤਾਂ ਉਹ ਮੇਰੇ ਬੁਲਾਉਣ ਤੇ ਆਈ ਸੀ, ਪਰ ਅੱਜ ਤਾਂ ਬਿਨਾਂ ਬੁਲਾਏ ਹੀ…..
‘ਮੈਨੂੰ ਲੱਗਦਾ ਤੂੰ ਵੀ
ਚਾਹੁਣ ਲੱਗ ਪਈ ਏਂ
ਤਾਹੀਂਓ ਬਿਨਾਂ ਬੁਲਾਏ
ਆਉਣ ਲੱਗ ਪਈ ਏਂ….’
ਮੈਂ ਉਸ ਕੋਲ ਜਾਂਦੇ ਸਾਰ ਹੀ ਕਹਿ ਦਿੱਤਾ ਤੇ ਉਹ ਮੁਸਕੁਰਾਉਣ ਲੱਗ ਪਈ….. ਲੱਗਦਾ ਸੀ ਜਿਵੇਂ ਉਸਦੀ ਮੁਸਕੁਰਾਹਟ ਮੇਰੀ ਗੱਲ ਦੀ ਹਾਮੀ ਭਰ ਰਹੀ ਹੋਵੇ…..
‘ਕੀ ਹੋਇਆ ਜੇ ਬੱਦਲ਼ੀ
ਵਿੱਚ ਆਕਾਸ਼ ਰਹਿੰਦੀ ਏ
ਪਿਆਸੇ ਨੂੰ ਤਾਂ ਪਾਣੀ ਦੀ ਹੀ
ਤਲਾਸ਼ ਰਹਿੰਦੀ ਏ…..’
ਉਸਨੂੰ ਵੀ ਪਿਆਰ ਦੀ ਹੀ ਤਲਾਸ਼ ਸੀ ਤੇ ਇਹ ਆਸ ਵੀ ਸੀ ਕਿ ਜਿਵੇਂ ਆਕਾਸ਼ ਦੇ ਬੱਦਲ ਵਰ੍ਹ ਕੇ ਪਿਆਸੀ ਧਰਤੀ ਦੀ ਪਿਆਸ ਮਿਟਾਉਂਦੇ ਨੇ, ਓਵੇਂ ਉਸਦੇ ਵੀ ਪਿਆਰ ਦੀ ਤਲਾਸ਼ ਕਦੇ ਨਾ ਕਦੇ ਮੁੱਕੇਗੀ ਜ਼ਰੂਰ….
ਮੈਂ ਇਹ ਸਮਝ ਕੇ ਕਿ ਉਸਦੀ ਤਲਾਸ਼ ਮੈਂ ਹੀ ਹਾਂ, ਅੱਗੇ ਵੱਧਦਾ ਗਿਆ…. ਪਰ ਮੈਂ ਇਹ ਭੁੱਲ ਗਿਆ ਕਿ ਪਿਆਸ ਲੱਗਣ ਤੇ ਪਿਆਸਾ ਖ਼ੂਹ ਕੋਲ ਜਾਂਦਾ, ਖ਼ੂਹ ਨ੍ਹੀ ਪਿਆਸੇ ਕੋਲ ਆ ਜਾਂਦਾ…..
ਓਵੇਂ ਹੀ ਬੱਦਲਾਂ ਦਾ ਵੀ ਕੋਈ ਭਰੋਸਾ ਨਹੀਂ ਕਿ ਓਸੇ ਥਾਂ ਹੀ ਆ ਵਰ੍ਹਨ, ਜਿੱਥੇ ਧਰਤੀ ਪਿਆਸੀ ਹੋਵੇ… ਬੱਦਲ ਤਾਂ ਕਈ ਵੇਰਾਂ ਪਹਾੜਾਂ ਤੇ ਵੀ ਵਰ੍ਹ ਪੈਂਦੇ ਨੇ ਤੇ ਕਈ ਵੇਰਾਂ ਆਬਾਦ ਜੰਗਲਾਂ ਤੇ ਵੀ, ਜਿੱਥੇ ਕਿ ਪਹਿਲਾਂ ਹੀ ਹਰਿਆਲੀ ਹੁੰਦੀ ਏ ਤੇ ਫਿਜ਼ਾ ਵਿੱਚ ਨਮੀ…….
ਅਸੀਂ ਰੋਜ਼ ਮਿਲਦੇ ਰਹੇ ਤੇ ਮੈਨੂੰ ਲੱਗਣ ਲੱਗਿਆ ਕਿ ਉਹ ਵੀ ਮੈਨੂੰ ਪਸੰਦ ਕਰਦੀ ਏ…ਮੈਨੂੰ ਪਿਆਰ ਕਰਦੀ ਏ….ਅਸੀਂ ਆਪਣੀਆਂ ਲਿਖਤਾਂ ਇੱਕ-ਦੂਜੇ ਨਾਲ ਸਾਂਝੀਆਂ ਕਰਦੇ…… ਆਪਣੀਆਂ ਲਿਖੀਆਂ ਕਵਿਤਾਵਾਂ ਇੱਕ-ਦੂਜੇ ਨੂੰ ਸੁਣਾਉਂਦੇ ਤੇ ਹੁਣ ਤਾਂ ਅਸੀਂ ਦੋਵੇਂ ਇਕੱਠੇ ਬਹਿ ਕੇ ਲਿਖਣ ਵੀ ਲੱਗ ਪਏ ਸੀ…..
ਦੋ ਪੰਕਤੀਆਂ ਉਹ ਲਿਖਦੀ, ਦੋ ਮੈਂ……
‘ਦਿਨ ਵਿੱਚ ਚੰਨ ਦੇ
ਪੈਣ ਭੁਲੇਖੇ
ਤੇਰਾ ਕਾਇਲ ਹੋ ਜਾਵੇ
ਤੈਨੂੰ ਜੋ ਵੀ ਵੇਖੇ
ਜੇ ਜ਼ਿੰਦਗੀ ਆਪਣੀ ਦਾ
ਮੈਨੂੰ ਹਿੱਸਾ ਬਣਾ ਲੈਂ
ਮੈਂ ਤਾਂ ਜ਼ਿੰਦਗੀ ਹੀ ਸਾਰੀ
ਤੇਰੇ ਲਾ ਦਵਾਂ ਲੇਖੇ……’
ਕੁੱਝ ਪੰਕਤੀਆਂ ਉਹ ਜੋੜ ਦਿਆ ਕਰਦੀ ਸੀ…..
‘ਮੈਂ ਚੰਨ ਤੇ ਤੂੰ
ਮੇਰਾ ਸੂਰਜ ਹੋ ਜੇਂ
ਮੇਰੇ ਵਿੱਚੋਂ ਵੀ ਹਰ ਕੋਈ
ਤੈਨੂੰ ਵੇਖੇ
ਸੂਰਜ ਬਿਨਾਂ ਨਾ ਹਸਤੀ
ਚੰਨ ਦੀ
ਸਭ ਮਿਟ ਜਾਣ
ਮੇਰੇ ਤੇਰੇ
ਜੋ ਭੁਲੇਖੇ…….’
ਸੱਚਮੁੱਚ ਇਹ ਭੁਲੇਖੇ ਹੀ ਤਾਂ ਸਨ, ਜੋ ਮੈਨੂੰ ਉਸ ਦਿਨ ਤੋਂ ਪੈਂਦੇ ਰਹੇ, ਜਿਸ ਦਿਨ ਤੋਂ ਉਹ ਮੈਨੂੰ ਮਿਲੀ ਸੀ…..ਪਰ ਅਸਲੀਅਤ ਕੁੱਝ ਹੋਰ ਸੀ ਤੇ ਮੈਂ ਕੁੱਝ ਹੋਰ ਹੀ ਸਮਝੀ ਬੈਠਾ ਸੀ…..
ਉਸਨੂੰ ਮੇਰੇ ਨਾਲ ਕਦੇ ਪਿਆਰ ਹੀ ਨਹੀਂ ਸੀ ਹੋਇਆ…. ਕਵਿਤਾਵਾਂ ਲਿਖਣਾ ਵੀ ਉਸਦਾ ਸ਼ੌਂਕ ਸੀ…..ਤੇ ਕਵਿਤਾਵਾਂ ਸੁਣਨਾ ਵੀ….
ਉਹ ਤਾਂ ਇਸੇ ਸ਼ੌਂਕ ਦੀ ਮਾਰੀ ਮੇਰੇ ਕੋਲ ਆ ਜਾਇਆ ਕਰਦੀ ਸੀ…ਪਰ ਮੈਂ ਕੁੱਝ ਹੋਰ ਹੀ ਸਮਝੀ ਬੈਠਾ ਸੀ……
ਮੈਂ ਤਾਂ ਸਮਝਦਾ ਸੀ ਕਿ ਉਹ ਮੈਨੂੰ ਪਿਆਰ ਕਰਦੀ ਏ….ਇਸੇ ਲਈ ਮੈਂ ਓਹਦੇ ਲਈ ਲਿਖਦਾ ਰਿਹਾ…. ਪਰ ਉਸਨੇ ਕਦੇ ਮੇਰੇ ਲਈ ਨਹੀਂ ਸੀ ਲਿਖਿਆ…..
ਕਾਸ਼….! ਉਹ ਮੇਰੇ ਲਈ ਲਿਖਦੀ……
ਮੈਂ ਸਮਝਦਾ ਰਿਹਾ ਕਿ ਉਸਨੂੰ ਜਿਸ ਪਿਆਰ ਦੀ ਤਲਾਸ਼ ਏ, ਉਹ ਉਸਨੂੰ ਮਿਲ ਗਿਆ ਏ……ਜਿਵੇਂ ਮੇਰੀ ਤਲਾਸ਼ ਉਸ ਤੇ ਜਾ ਕੇ ਮੁੱਕ ਚੱਲੀ ਏ,ਪਰ ਉਹ ਜਿਹੜੇ ਪਿਆਰ ਦੀ ਤਲਾਸ਼ ਕਰ ਰਹੀ ਸੀ, ਉਸਦੀ ਉਹ ਤਲਾਸ਼ ਮੈਂ ਨਹੀਂ ਸੀ….ਉਹ ਤਾਂ ਕਲਾ ਦਾ ਪਿਆਰ ਸੀ….ਕੁਦਰਤ ਦਾ ਪਿਆਰ ਸੀ…..ਕਵਿਤਾ ਦਾ ਪਿਆਰ ਸੀ ਤੇ ਮੁੱਕਦੀ ਗੱਲ ਕਿ ਇਹ ਉਸਦਾ ਆਪਣੇ ਸ਼ੌਂਕ ਲਈ ਪਿਆਰ ਸੀ…..
ਮੈਂ ਉਸਨੂੰ ਪਿਆਰ ਕਰਦਾ ਸੀ, ਪਰ ਕੀ ਉਹ ਵੀ ਮੈਨੂੰ ਪਿਆਰ ਕਰਦੀ ਏ….ਇਹ ਜਾਨਣ ਲਈ ਮੈਂ ਉਸਨੂੰ ਇੱਕ ਖ਼ਤ ਲਿਖਿਆ…..
‘ਵੱਸ ਗਈ ਏਂ
ਮੇਰੇ ਸਾਹਾਂ ਵਿੱਚ
ਮੇਰੇ ਹਰ ਇੱਕ ਸਾਹ ਤੇ
ਤੇਰਾ ਨਾਂ ਏ
ਜੇ ਮਿਲਣ ਆ ਜਾਵੇਂ
ਪੀਲੇ ਫੁੱਲਾਂ ਦੀ ਛਾਵੇਂ
ਮੈਂ ਸਮਝਾਂਗਾ
ਤੇਰੀ ‘ਹਾਂ’ ਏ
ਜੇ ਭੇਜ ਦੇਵੇਂ
ਤੂੰ ਖਾਲੀ ਖ਼ਤ ਹੀ
ਮੈਂ ਸਮਝਾਂਗਾ
ਤੇਰੀ ‘ਨਾਂਹ’ ਏ……’
ਇਸ ਪਿੱਛੋਂ ਉਸਦਾ ਭੇਜਿਆ ਹੋਇਆ ਖ਼ਤ ਆਖ਼ਿਰੀ ਸੀ….ਆਖ਼ਿਰੀ ‘ਖਾਲੀ ਖ਼ਤ’…….!
______________********______________
ਸਿਮਰਨ ‘ਲੁਧਿਆਣਵੀ’
{ਕਹਾਣੀ ਸੰਬੰਧੀ ਆਪਣੇ ਵਿਚਾਰ ਪੇਸ਼ ਕਰਨ ਲਈ ਤੁਸੀਂ ਹੇਠ ਲਿਖੀ mail-id ਤੇ ਸੰਪਰਕ ਕਰ ਸਕਦੇ ਹੋ}
{simranjeet.dhiman13@gmail.com}