ਕੋਰੋਨਾ ਦੇ ਪ੍ਰਭਾਵ ਦਾ ਗਰੀਬਾਂ ਲਈ ਅਰਥ “ਕਦੇ ਕੋਈ ਭੁੱਖਾ ਨਹੀਂ ਸੌਂਇਆ….” ਸਿਮਰਨ ‘ਲੁਧਿਆਣਵੀ’
ਰਾਖ਼ ਵੀ ਹੁਣ ਠੰਡੀ ਹੋ ਚੱਲੀ ਏ
ਤੇ ਤਵੇ
ਧਰੇ ਧਰਾਏ ਰਹਿ ਗਏ ਹਨ
ਆਟੇ ਦੀ ਪੀਪੀ ਵੇਖੀ
ਤਾਂ ਉਹ ਵੀ ਅੱਗੋਂ
ਜਵਾਬ ਦੇ ਗਈ
ਬਾਲਣ ਵੀ ਤਾਂ ਹੈ ਨ੍ਹੀ
ਸੁਣਿਆ ਏ
ਕੋਈ ਰਾਸ਼ਨ ਦੇਣ ਆ ਰਿਹੈ
ਪਰ ਅੱਜ ਫੇਰ ਸਵੇਰ ਦੀ ਸ਼ਾਮ ਪੈ ਗਈ ਏ….
ਦੂਰ ‘ਰੌਸ਼ਨੀਆਂ ਦੇ ਸ਼ਹਿਰ’ ਦੀਆਂ
ਬੱਤੀਆਂ ਜੱਗ ਚੁੱਕੀਆਂ ਨੇ
ਅਸਮਾਨ ਨੇ ਆਪਣਾ
ਰੰਗ ਵਟਾ ਲੈ ਲਿਆ ਏ
ਗਹਿਰੇ ਨੀਲੇ ਸਮੰਦਰ ‘ਚ
ਸੂਰਜ ਦੀ ਲਾਲ ਟੁਕੜੀ
ਗੁਆਚ ਗਈ ਏ
ਪੰਛੀਆਂ ਦੀਆਂ ਡਾਰਾਂ
ਆਪਣੇ-ਆਪਣੇ ਆਲ੍ਹਣਿਆਂ ਵੱਲ ਨੂੰ
ਉੱਡ ਪਈਆਂ ਨੇ
ਬਲੂੰਗੜਾ ਵੀ ਆਪਣੀ ਮਾਂ ਨਾਲ
ਕਿਸੇ ਖੁੱਡ ‘ਚ ਜਾ ਕੇ
ਲੁੱਕ ਗਿਆ ਏ
ਕਾਲੇ ਅਸਮਾਨ ‘ਚ ਚਮਕਦੇ
ਚਾਂਦੀ ਰੰਗੇ ਸਿਤਾਰੇ
ਨਿੱਖਰੇ ਵਾਤਾਵਰਨ ਵਿੱਚ
ਹੋਰ ਵੀ ਚਮਕ ਪਏ ਨੇ
ਕੋਈ ਟਿਮਟਿਮਾ ਰਿਹਾ ਤਾਰਾ
ਸੁਨਹਿਰੀ ਹੋਣ ਦਾ ਭਰਮ ਪਾ ਰਿਹੈ
ਤਾਰਿਆਂ ਨੂੰ ਵੇਖ ਕੇ
ਉਮੀਦ ਜਾਗਦੀ ਏ
ਕਿ ਅਗਲੀ ਸਵੇਰ
‘ਊਣਾ’ ਭਰਿਆ ਜਾਵੇਗਾ
ਦਿਨ ਵਿੱਚ ਦੱਸ ਵਾਰੀ
ਬੂਹੇ ਨੂੰ ਤੱਕ ਚੁੱਕੀ ਆਂ
ਹੁਣ ਵੀ ਰਹਿ-ਰਹਿ ਕੇ ਧਿਆਨ
ਬੂਹੇ ਵੱਲ ਨੂੰ ਹੀ ਜਾ ਰਿਹੈ
ਬੂਹਾ ਤਾਂ ਖੁੱਲ੍ਹਾ ਏ
ਪਰ ਕੋਈ ਆ ਨਹੀਂ ਰਿਹੈ
ਸ਼ਾਇਦ ਕੱਲ ਕੋਈ ਆ ਜੇ
ਬੱਚਾ ਰੋ ਰਿਹਾ ਏ
ਮੇਰਾ ਉਸਨੂੰ ਵਰ੍ਹਾਉਣਾ ਵੀ ਵਿਅਰਥ ਏ
ਮੈਂ ਘੁੱਟ ਪਾਣੀ
ਓਹਦੇ ਮੂੰਹ ਨੂੰ ਲਾ ਦਿੱਤਾ ਏ
ਪਰ ਓਹਨੂੰ ਪਿਆਸ ਕਿੱਥੇ ਲੱਗੀ ਏ
ਮੈਂ ਉਸਨੂੰ ਕਹਾਣੀ ਸੁਣਾਉਂਦੀ ਹਾਂ
ਕਹਾਣੀ ਵਿੱਚ ਇੱਕ ਰਾਜਕੁਮਾਰ ਹੁੰਦਾ ਏ
ਉਹ ਬਹੁਤ ਅਮੀਰ
ਬਹੁਤ ਹੀ ਅਮੀਰ ਹੁੰਦਾ ਏ
ਉਸ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ
ਉਸ ਕੋਲ ਖਾਣੇ ਦੀ ਕੋਈ ਕਮੀ ਨਹੀਂ ਹੁੰਦੀ
ਉਸ ਕੋਲ ਆਪਣੇ ‘ਫ਼ਲਾਂ ਦੇ ਬਾਗ਼’ ਹੁੰਦੇ ਨੇ
ਉਹ ਜਦੋਂ ਜੀਅ ਕਰਦਾ
ਫ਼ਲ ਖਾਣ ਤੁਰ ਜਾਂਦਾ
ਓਹਦਾ ਬਾਪ ਮਹਾਰਾਜਾ
ਤੇ ਮਾਂ ਮਹਾਰਾਣੀ ਹੁੰਦੀ
ਉਹ ਆਪਣੀ ਪਰਜਾ ਦਾ
ਬੜਾ ਖ਼ਿਆਲ ਰੱਖਿਆ ਕਰਦੇ
ਉਹਨਾਂ ਦੇ ਰਾਜ ‘ਚ
‘ਕਦੇ ਕੋਈ ਭੁੱਖ਼ਾ ਨਹੀਂ ਸੀ ਸੌਂਇਆ’….
ਤੇ….
ਕਹਾਣੀ ਅਜੇ ਬਾਕੀ ਸੀ
ਪਰ ਬੱਚਾ ਸੌਂ ਗਿਆ ਸੀ
ਭੁੱਖੇ ਢਿੱਡ ਹੀ
ਉਹ ਤਾਂ ਵੀ ਮੁਸਕਰਾ ਰਿਹਾ ਸੀ
ਸ਼ਾਇਦ ਉਹ ‘ਫ਼ਲਾਂ ਦੇ ਬਾਗ਼’ ‘ਚ ਸੀ
………
ਸਿਮਰਨ ‘ਲੁਧਿਆਣਵੀ’
ਸੰਪਰਕ-simranjeet.dhiman13@gmail.com