ਹਾਂਗਕਾਂਗ (ਜੰਗ ਬਹਾਦਰ ਸਿੰਘ)-ਏਅਰ ਇੰਡੀਆ ਦੀ ਫਲਾਇਟ ਰਾਹੀਂ ਭਾਰਤ ਤੋਂ ਹਾਂਗਕਾਂਗ ਪਰਤੇ 249 ਭਾਰਤੀ ਯਾਤਰੀਆਂ (ਜਿਨ੍ਹਾਂ ‘ਚ 80 ਦੇ ਕਰੀਬ ਪੰਜਾਬੀ ਹਨ) ਨੂੰ ਭਾਰਤ ਦੇ ਏਅਰਪੋਰਟ, ਏਅਰ ਇੰਡੀਆ ਦੀ ਫਲਾਈਟ ਅਤੇ ਹੁਣ ਫੋਥਾਨ ਇਕਾਂਤਵਾਸ ਸੈਂਟਰ ਵਿਖੇ ਭਾਰੀ ਮੁਸ਼ਕਿਲਾਂ ਅਤੇ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਭਾਰਤ ਵਿਚ ਫਸੇ ਹਾਂਗਕਾਂਗ ਦੇ ਵਸਨੀਕਾਂ ਨੂੰ ਵਾਪਸ ਲਿਆਉਣ ਲਈ ਯਤਨਸ਼ੀਲ ਸੰਸਥਾ ਦੇ ਨੁੰਮਾਇੰਦੇ ਅਤੇ ਪੰਜਾਬ ਤੋਂ ਪਰਤੇ ਲਵਦੀਪ ਸਿੰਘ ਲਈ ਗਿੱਲ ਅਤੇ ਕਾਬਲ ਸਿੰਘ ਨੇ ਮੀਡੀਆ ਨਾਲ ਵਿਖਿਆ ਸਾਂਝੀ ਕਰਦਿਆਂ ਦੱਸਿਆ ਕਿ ਦਿੱਲੀ ਏਅਰਪੋਰਟ ਵਿਖੇ ਸਾਰੇ ਯਾਤਰੂਆਂ ਨੂੰ 4 ਘੰਟੇ ਪਹਿਲਾਂ (ਫਲਾਈਟ ਦੀ ਉਡਾਨ ਤੋਂ ) ਪਹੁੰਚਣ ਦੀਆਂ ਹਦਾਇਤਾਂ ਸਨ | ਜਦਕਿ ਏਅਰਪੋਰਟ ਦੇ ਵੇਟਿੰਗ ਰੂਮ ਵਿਚ ਬਹੁਤ ਜ਼ਿਆਦਾ ਗਰਮੀ ਹੋਣ ਦੇ ਬਾਵਜੂਦ ਨਾ ਤਾਂ ਪੱਖੇ, ਨਾ ਏ.ਸੀ. ਅਤੇ ਨਾ ਹੀ ਪਾਣੀ ਦਾ ਪ੍ਰਬੰਧ ਸੀ ਅਤੇ ਜਾਣ ਲਈ 2 ਮੰਜ਼ਿਲਾ ਥੱਲੇ ਜਾ ਕੇ ਬਹੁਤ ਦੂਰ ਸੜਕ ਤੋਂ ਪਾਰ ਪ੍ਰਬੰਧ ਸੀ | ਜੋ ਕਿ ਲਿਫਟ ਅਤੇ ਐਕਸਾਲੇਟਰ ਬੰਦ ਹੋਣ ਕਾਰਨ ਬਜ਼ੁਰਗਾਂ ਲਈ ਅਸੰਭਵ ਸੀ | ਚੈੱਕ ਇਨ ਤੱਕ 1 ਮੀਟਰ ਦੀ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੀ ਗਈ ਪਰ ਫਲਾਇਟ ਵਿਚ ਜ਼ੀਰੋ ਡਿਸਟੈਂਸਿੰਗ ਹੋਣ ਅਤੇ ਪਰਿਵਾਰਾਂ ਅਤੇ ਬੱਚਿਆਂ ਤੱਕ ਨੂੰ ਪਹਿਲਾਂ ਤੋਂ ਤੈਅ ਵੱਖਰੀਆਂ ਸੀਟਾਂ ‘ਤੇ ਬਿਠਾਉਣ ਕਾਰਨ ਦੂਸਰੇ ਸ਼ਹਿਰਾਂ ਤੋਂ ਆਏ ਅਣਜਾਣ ਯਾਤਰੂਆਂ ਵਿਚ ਮਿਕਸ ਹੋਣ ਤੇ ਬਿਮਾਰੀ ਫੈਲਣ ਦਾ ਭੈਅ ਵੱਧਣ ਕਾਰਨ ਪਰਿਵਾਰਾਂ ਵਿਚ ਸਫ਼ਰ ਦੌਰਾਨ ਬੈਚੈਨੀ ਦਾ ਮਾਹੌਲ ਬਣਿਆ ਰਿਹਾ | ਹਾਂਗਕਾਂਗ ਪਹੁੰਚਣ ‘ਤੇ ਇਨ੍ਹਾਂ ਭਾਰਤੀ ਪਰਿਵਾਰਾਂ ਨਾਲ ਵਿਤਕਰਾ ਕਰਦਿਆਂ ਯੂਰਪ ਤੋਂ ਵਾਪਸ ਪਰਤਣ ਵਾਲਿਆਂ ਦੀ ਤਰ੍ਹਾਂ ਹੋਟਲ ਜਾਂ ਘਰੇਲੂ ਕੋਆਰੰਟੀਨ ਕਰਨ ਦੀ ਬਜਾਏ ਫੋਥਾਨ ਇਕਾਂਤਵਾਸ ਸੈਂਟਰ ਵਿਖੇ ਭੇਜਿਆ ਗਿਆ |
ਜਦਕਿ ਅਜਿਹੇ ਸੈਂਟਰਾਂ ਵਿਚ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸਮਾਜ ਤੋਂ ਵੱਖ ਕਰਨ ਲਈ ਰੱਖਿਆ ਜਾਂਦਾ ਹੈ | ਹਾਂਗਕਾਂਗ ਪਰਤੇ ਸਾਰੇ ਭਾਰਤੀਆਂ ਦੇ ਹੁਣ ਤੱਕ ਕੀਤੇ ਟੈਸਟ ਦੇ ਨਤੀਜੇ ਨੈਗੇਟਿਵ ਆਉਣ ਦੇ ਬਾਵਜੂਦ ਇਥੇ ਰੱਖਣਾ ਘੋਰ ਵਿਤਕਰਾ ਹੈ | ਭਾਰਤ ਤੋਂ ਪਰਤੇ ਯਾਤਰੀਆਂ ਵਲੋਂ ਸਾਂਝੇ ਤੌਰ ‘ਤੇ ਚਿੱਠੀ-ਪੱਤਰ ਅਤੇ ਮੀਡੀਏ ਰਾਹੀਂ ਇੰਡੀਅਨ ਕੌਾਸਲੇਟ ਅਤੇ ਹਾਂਗਕਾਂਗ ਸਰਕਾਰ ਦਾ ਵਾਪਸੀ ਦੇ ਪ੍ਰਬੰਧ ਕਰਨ ‘ਤੇ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਸਰਕਾਰ ਯਾਤਰੀਆਂ ਨੂੰ ਹੋਈਆਂ ਪਰੇਸ਼ਾਨੀਆਂ ਨੂੰ ਧਿਆਨ ਵਿਚ ਰੱਖਦਿਆਂ ਆਉਣ ਵਾਲੇ ਯਾਤਰੀਆਂ ਲਈ ਸਹੂਲਤਾਂ ਦਰੁਸਤ ਕਰੇ |