ਜੰਗ ਬਹਾਦਰ ਸਿੰਘ-ਹਾਂਗਕਾਂਗ ਵਿਚ ਕੋਰੋਨਾ ਵਾਇਰਸ ਦੀ ਲਾਗ ਨਾਲ ਫੈਲ ਰਹੀ ਮਹਾਂਮਾਰੀ ਤੋਂ ਆਮ ਲੋਕਾਂ ਦੇ ਬਚਾਅ ਦੇ ਮਕਸਦ ਤਹਿਤ 40 ਸਾਲਾ ਪੰਜਾਬੀ ਵਪਾਰੀ ਹਰਜੀਤ ਸਿੰਘ ਢਿੱਲੋਂ ਵਲੋਂ ਨਿਵੇਕਲਾ ਉਪਰਾਲਾ ਕਰਦਿਆਂ ਸਰਜੀਕਲ ਮਾਸਕ ਦਾ ਲੰਗਰ ਲਗਾਇਆ ਗਿਆ |
ਗੱਲਬਾਤ ਕਰਦਿਆਂ ਹਰਜੀਤ ਸਿੰਘ ਢਿੱਲੋਂ ਨੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਅਤੇ ਸਿੱਖ ਸਰੋਕਾਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਹਾਂਗਕਾਂਗ ਨੂੰ ਆਪਣਾ ਘਰ ਮੰਨਦੇ ਹਨ ਅਤੇ ਅੱਜ ਇਸ ਔਖੀ ਘੜੀ ਵਿਚ ਹਾਂਗਕਾਂਗ ਪ੍ਰਤੀ ਆਪਣਾ ਫ਼ਰਜ਼ ਸਮਝਦਿਆਂ ਡਟ ਕੇ ਖੜ੍ਹੇ ਹਨ | ਹੁਣ ਤੱਕ ਉਹ 1 ਲੱਖ ਤੋਂ ਵਧੇਰੇ ਮਾਸਕ ਵੰਡ ਚੁੱਕੇ ਹਨ ਅਤੇ ਕਰੀਬ 4 ਲੱਖ ਤੋਂ ਵਧੇਰੇ ਇੰਡੀਆ ਤੋਂ ਮੰਗਵਾਏ ਗਏ ਹਨ ਜਿਸ ਦੀ ਪਹਿਲੀ ਸ਼ਿਪਮੈਂਟ ਵਿਚ ਕਰੀਬ ਢਾਈ ਲੱਖ ਮਾਸਕ 1 ਫਰਵਰੀ ਤੋਂ ਪਹਿਲਾਂ ਪਹੁੰਚਣ ਦੀ ਉਮੀਦ ਹੈ |
ਜ਼ਿਕਰਯੋਗ ਹੈ ਕਿ ਪੰਜਾਬ ਤੋਂ ਜ਼ਿਲ੍ਹਾ ਮੋਗਾ ਦੇ ਪਿੰਡ ਢੁੱਡੀਕੇ ਨਾਲ ਸਬੰਧਿਤ ਹਰਜੀਤ ਸਿੰਘ ਢਿੱਲੋਂ 15 ਸਾਲ ਪਹਿਲਾਂ ਹਾਂਗਕਾਂਗ ਆਏ ਸਨ ਅਤੇ ਹੁਣ ਢਿੱਲੋਂ ਗਰੁੱਪ ਆਫ਼ ਕੰਪਨੀ ਲਿਮਟਿਡ ਦੇ ਮਾਲਕ ਹਨ | ਉਕਤ ਕੰਪਨੀ ਦੇ ਹਾਂਗਕਾਂਗ ‘ਚ ਸਟਾਰ ਮਾਰਟ ਨਾਂਅ ਦੇ ਪੰਜ ਲਗਜ਼ਰੀ ਸ਼ੋਅ ਰੂਮ ਹਨ, ਜਿੱਥੇ ਮਹਾਂਮਾਰੀ ਤੋਂ ਬਚਾਅ ਲਈ ਫ਼੍ਰੀ ਮਾਸਕ ਲਗਾਤਾਰ ਉਪਲਬਧ ਹਨ | ਹਰਜੀਤ ਸਿੰਘ ਢਿੱਲੋਂ ਦੇ ਇਸ ਉਪਰਾਲੇ ਦੀ ਹਾਂਗਕਾਂਗ ਦੇ ਸਿਹਤ ਵਿਭਾਗ ਵਲੋਂ ਸ਼ਲਾਘਾ ਕੀਤਾ ਗਈ ਹੈ |