ਗਵਾਲੀਅਰ : ਸਸਤੇ ਦਾਮ ‘ਚ ਪਿਆਜ਼ ਵੇਚਣਾ ਦੋ ਨੌਜਵਾਨਾਂ ਨੂੰ ਭਾਰੀ ਪੈ ਗਿਆ ਅਤੇ ਉਨ੍ਹਾਂ ਨੂੰ ਜੇਲ ਦੀ ਹਵਾ ਖਾਣੀ ਪੈ ਰਹੀ ਹੈ। ਮਾਮਲਾ ਮੱਧ ਪ੍ਰਦੇਸ਼ ਦੇ ਗਵਾਲੀਅਰ ਦਾ ਹੈ। ਪਿਆਜ਼ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਦੋ ਨੌਜਵਾਨਾਂ ਨੇ 60 ਹਜ਼ਾਰ ਰੁਪਏ ਦੀ ਪਿਆਜ਼ ਚੋਰੀ ਕਰ ਲਈ। ਇੰਨਾ ਹੀ ਨਹੀਂ, ਇਨ੍ਹਾਂ ਦੋਹਾਂ ਨੇ ਇਸ ਪਿਆਜ਼ ਨੂੰ 10 ਤੋਂ 20 ਰੁਪਏ ਪ੍ਰਤੀ ਕਿੱਲੋ ਦੀ ਕੀਮਤ ‘ਤੇ ਵੇਚ ਦਿੱਤਾ। ਸਸਤੀ ਪਿਆਜ਼ ਵੇਖ ਕੇ ਲੋਕਾਂ ਨੇ ਧੜਾਧੜ ਪਿਆਜ਼ ਖਰੀਦ ਲਈ। ਇਨ੍ਹਾਂ ਨੌਜਵਾਨਾਂ ਨੇ ਕੁੱਝ ਹੀ ਘੰਟਿਆਂ ‘ਚ ਸਾਰਾ ਪਿਆਜ਼ ਵੇਚ ਦਿੱਤਾ।
ਸਥਾਨਕ ਸਬਜ਼ੀ ਦੁਕਾਨਦਾਰਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਇਸ ਮਗਰੋਂ ਪੁਲਿਸ ਨੇ ਇਨ੍ਹਾਂ ਤੋਂ ਪੁੱਛਗਿੱਛ ਕੀਤੀ। ਪੁਲਿਸ ਨੇ ਦੱਸਿਆ ਕਿ ਅਜੇ ਜਾਟਵ ਅਤੇ ਜੀਤੂ ਵਾਲਮੀਕ ਨਾਂ ਦੇ ਦੋ ਨੌਜਵਾਨ ਇੱਕ ਗੋਦਾਮ ‘ਚ ਚੋਰੀਉਂ ਦਾਖਲ ਹੋ ਗਏ ਸਨ। ਇਨ੍ਹਾਂ ਦੋਹਾਂ ਨੇ ਢੇਰ ਸਾਰੇ ਲਸਣ ਅਤੇ ਪਿਆਜ਼ ਚੋਰੀ ਕਰ ਲਏ। ਦੱਸਿਆ ਗਿਆ ਕਿ ਪਿਆਜ਼ ਦੀ 50 ਕਿੱਲੋ ਦੀਆਂ 12 ਬੋਰੀਆਂ ਅਤੇ ਲਸਣ ਦੀਆਂ 2 ਬੋਰੀਆਂ ਚੋਰੀ ਹੋਈਆਂ ਹਨ। ਬੁੱਧਵਾਰ ਨੂੰ ਇਨ੍ਹਾਂ ਦੋਹਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਇਨ੍ਹਾਂ ਨੂੰ ਪੁਲਿਸ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਨੇ ਆਪਣਾ ਦੋਸ਼ ਕਬੂਲ ਕਰ ਲਿਆ ਹੈ। ਜਾਨਕੀਗੰਜ ਥਾਣੇ ਦੇ ਇੰਚਾਰਜ ਨੇ ਦੱਸਿਆ ਕਿ ਮੁਲਜ਼ਮਾਂ ਨੇ ਪਿਆਜ਼ ਚੋਰੀ ਅਤੇ ਵੇਚਣ ਦੀ ਗੱਲ ਕਬੂਲੀ ਹੈ। ਮੁਲਜ਼ਮਾਂ ਨੇ ਕਿਹਾ ਕਿ ਉਹ ਪਿਆਜ਼ ਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਸਨ, ਇਸ ਲਈ ਚੋਰੀ ਕੀਤੀ।