ਦੋਹਰੀ ਨਾਗਰਿਕਤਾ ਚਾਹੁੰਦੇ ਨੇ ਭਾਰਤੀ ਮੂਲ ਦੇ ਅਮਰੀਕੀ

0
339

ਵਾਸ਼ਿੰਗਟਨ (ਪੀਟੀਆਈ) : ਹਿਊਸਟਨ ‘ਚ ਐਤਵਾਰ ਨੂੰ ਹੋਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੈਗਾ ਸ਼ੋਅ ਤੋਂ ਪਹਿਲਾਂ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਨੇ ਭਾਰਤ ਸਰਕਾਰ ਤੋਂ ਦੋਹਰੀ ਨਾਗਰਿਕਤਾ ਦੀ ਇੱਛਾ ਪ੍ਰਗਟਾਉਂਦੇ ਹੋਏ ਆਪਣੀ ਇਸ ਮੰਗ ਦੀ ਜ਼ਬਰਦਸਤ ਹਮਾਇਤ ਕੀਤੀ ਹੈ। ਇਸੇ ਤਰ੍ਹਾਂ ਅਮਰੀਕਾ ‘ਚ ਰਹਿਣ ਵਾਲੇ ਪਰਵਾਸੀ ਭਾਰਤੀਆਂ ਨੇ ਡਾਕ ਰਾਹੀਂ ਸਿੱਧੇ ਮਤਦਾਨ ਦੀ ਬਜਾਏ ਪ੍ਰਾਕਸੀ ਵੋਟਿੰਗ (ਪ੍ਰਤੀਨਿਧੀ ਰਾਹੀਂ ਵੋਟ) ਨੂੰ ਪਸੰਦ ਕੀਤਾ ਹੈ।

ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟਡੀਜ਼ (ਐੱਫਆਈਆਈਡੀਐੱਸ) ਅਮਰੀਕਾ ਵੱਲੋਂ ਕਰਵਾਏ ਗਏ ਸਰਵੇਖਣ ‘ਚ ਇਹ ਗੱਲਾਂ ਸਾਹਮਣੇ ਆਈਆਂ ਹਨ। ਸਰਵੇਖਣ ‘ਚ ਇਮੀਗ੍ਰੇਸ਼ਨ, ਨਿਵੇਸ਼, ਦੋਹਰੀ ਨਾਗਰਿਕਤਾ, ਦੋਹਰਾ ਟੈਕਸ ਤੇ ਸਮਾਜਿਕ ਸੁਰੱਖਿਆ ਫੰਡ ਦਾ ਟਰਾਂਸਫਰ ਸਮੇਤ ਕਈ ਵਿਸ਼ੇ ਸਾਮਲ ਕੀਤੇ ਗਏ। ਲੋਕਾਂ ਨੇ ਪੁੱਛੇ ਗਏ ਸਵਾਲਾਂ ‘ਚ ਦੋਹਰੀ ਨਾਗਰਿਕਤਾ ਦੀ ਮੰਗ ਦੀ ਸਭ ਤੋਂ ਵੱਧ ਹਮਾਇਤ ਕੀਤੀ ਤੇ ਉਸ ਨੂੰ 4.4 ਸਟਾਰ ਦਿੱਤੇ। ਐੱਫਆਈਆਈਡੀਐੱਸ ਨੇ ਕਿਹਾ, ‘ਹੋਰਨਾਂ ਦੇਸ਼ਾਂ ਦੇ ਲੋਕਾਂ ਕੋਲ ਆਪਣੀ ਮਾਤਭੂਮੀ ਦੀ ਨਾਗਰਿਕਤਾ ਛੱਡੇ ਬਿਨਾਂ ਅਮਰੀਕੀ ਨਾਗਰਿਕਤਾ ਲਈ ਬਿਨੈ ਕਰਨ ਦਾ ਅਧਿਕਾਰ ਹੈ। ਪਰਵਾਸੀ ਭਾਰਤੀ ਲੰਬੇ ਸਮੇਂ ਤੋਂ ਭਾਰਤ ਸਰਕਾਰ ਤੋਂ ਇਹ ਮੌਕਾ ਦੇਣ ਦੀ ਮੰਗ ਕਰ ਰਹੇ ਹਨ, ਪਰ ਹਾਲੇ ਤਕ ਅਜਿਹਾ ਨਹੀਂ ਹੋਇਆ।’

ਐੱਫਆਈਆਈਡੀਐੱਸ ਨੇ ਕਿਹਾ ਕਿ 33 ਫ਼ੀਸਦੀ ਲੋਕਾਂ ਨੇ ਪ੍ਰਰਾਕਸੀ ਵੋਟਿੰਗ ਨੂੰ ਪਸੰਦ ਕੀਤਾ, ਜਦਕਿ 28 ਫ਼ੀਸਦੀ ਲੋਕਾਂ ਨੇ ਡਾਕ ਰਾਹੀਂ ਸਿੱਧੇ ਮਤਦਾਨ ‘ਚ ਰੁਚੀ ਵਿਖਾਈ। ਅਮਰੀਕੀ ਇਮੀਗ੍ਰੇਸ਼ਨ ਨੀਤੀ ‘ਚ ਭਾਰਤੀ ਲੋਕਾਂ ਲਈ ਵਿਸ਼ੇਸ਼ ਵਿਵਸਥਾ ਦੂਜੀ ਸਭ ਤੋਂ ਵੱਡੀ ਮੰਗ ਰਹੀ। 80 ਫ਼ੀਸਦੀ ਲੋਕਾਂ ਨੇ ਗ੍ਰੀਨ ਕਾਰਡ ਪ੍ਰਕਿਰਿਆ ‘ਚ ਤੇਜ਼ੀ ਲਿਆਉਣ ਦੀ ਮੰਗ ਕੀਤੀ, ਜਦਕਿ 60 ਫ਼ੀਸਦੀ ਲੋਕਾਂ ਨੇ ਐੱਚ1/ਐੱਲ1 ਵੀਜ਼ਾ ਤੇ 30 ਫ਼ੀਸਦੀ ਨੇ ਐੱਚ4/ਈਏਡੀ ‘ਚ ਦਿਲਚਸਪੀ ਵਿਖਾਈ। ਸਰਵੇ ਦੌਰਾਨ ਲੋਕਾਂ ਨੇ ਭਾਰਤੀ ਸਟਾਕ ਐਕਸਚੇਂਜ ‘ਚ ਸਿੱਧੇ ਨਿਵੇਸ਼ ਦੀ ਮੰਗ ਨੂੰ ਪੰਜ ‘ਚੋਂ 4.4 ਸਟਾਰ ਦਿੱਤੇ, ਜਦਕਿ ਜ਼ਮੀਨ ‘ਚ ਨਿਵੇਸ਼ ਲਈ 3.9 ਸਟਾਰ ਦਿੱਤੇ। ਦੋਹਰੇ ਟੈਕਸੇਸ਼ਨ ਤੋਂ ਬਚਣ ਦੇ ਮੁੱਦੇ ਨੂੰ 4.2 ਤੇ ਸਮਾਜਕ ਟੈਕਸਾਂ ਦੇ ਮਸਲੇ ਨੂੰ 4 ਸਟਾਰ ਮਿਲੇ।

ਸਾਬਕਾ ਪੀਐੱਮ ਵਾਜਪਾਈ ਦੀ ਸਰਕਾਰ ‘ਚ ਵੀ ਉੱਠੀ ਸੀ ਮੰਗ

ਭਾਰਤੀ ਭਾਈਚਾਰੇ ਦੀ ਇਕ ਉੱਚ ਪੱਧਰੀ ਕਮੇਟੀ ਦੇ ਤਤਕਾਲੀ ਪ੍ਰਧਾਨ ਐੱਲਐੱਮ ਸਿੰਘਵੀ ਨੇ ਅੱਠ ਜਨਵਰੀ 2002 ਨੂੰ ਦੋਹਰੀ ਨਾਗਰਿਕਤਾ ਦੀਆਂ ਸਿਫਾਰਸ਼ਾਂ ਨੂੰ ਸਰਕਾਰ ਸਾਹਮਣੇ ਰੱਖਿਆ ਸੀ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਜਨਵਰੀ 2003 ‘ਚ ਸਿਫਾਰਸ਼ਾਂ ਨੂੰ ਸਵੀਕਾਰ ਕੀਤਾ ਸੀ। ਹਾਲਾਂਕਿ, ਸਾਲ 2005 ‘ਚ ਨਾਗਰਿਕਤਾ ਐਕਟ-1955 ‘ਚ ਸੋਧ ਕੀਤਾ ਗਿਆ ਤੇ ਪਰਵਾਸੀ ਭਾਰਤੀ ਨਾਗਰਿਕਤਾ (ਓਸੀਆਈ) ਦਾ ਅਧਿਕਾਰ ਦਿੱਤਾ ਗਿਆ, ਪਰ ਇਹ ਦੋਹਰੀ ਨਾਗਰਿਕਤਾ ਨਹੀਂ ਹੈ।