ਇਸਲਾਮਾਬਾਦ (ਆਈਏਐੱਨਐੱਸ) : ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦੇ ਭਾਰਤ ਨਾਲ ਸਬੰਧ ਭਾਵੇਂ ਕਿੰਨੇ ਹੀ ਤਣਾਅਪੂਰਨ ਹਨ, ਪਰ ਉਹ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਨਵੰਬਰ ‘ਚ ਖੋਲ੍ਹਣ ਲਈ ਵਚਨਬੱਧ ਹੈ। ਵੀਰਵਾਰ ਨੂੰ ਇੱਥੇ ਉਨ੍ਹਾਂ ਕਿਹਾ ਕਿ ਇਸ ਸਬੰਧ ‘ਚ ਛੇਤੀ ਹੀ ਇਕ ਬੈਠਕ ਕੀਤੀ ਜਾਵੇਗੀ। ਇਸ ਤਜਵੀਜ਼ਸ਼ੁਦਾ ਲਾਂਘੇ ਨਾਲ ਸਿੱਖ ਸ਼ਰਧਾਲੂ ਗੁਰਦੁਆਰੇ ਦੇ ਦਰਸ਼ਨ ਕਰ ਸਕਣਗੇ। ਇਸ ਲਈ ਉਨ੍ਹਾਂ ਵੀਜ਼ੇ ਦੀ ਵੀ ਲੋੜ ਨਹੀਂ ਹੋਵੇਗੀ। ਇਸ ਦੇ ਨਾਲ ਹੀ ਫੈਸਲ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੈ ਕਿ ਭਾਰਤ ਵੀ ਇਸ ਪ੍ਰਰਾਜੈਕਟ ਨੂੰ ਲੈ ਕੇ ਵਚਨਬੱਧ ਰਹੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਪ੍ਰਰਾਜੈਕਟ ਨਾਲ ਦੋਵਾਂ ਮੁਲਕਾਂ ਦਰਮਿਆਨ ਸ਼ਾਂਤੀ ਦਾ ਮਾਹੌਲ ਬਣੇਗਾ। ਜਦੋਂ ਉਨ੍ਹਾਂ ਨੂੰ ਭਾਰਤ ਪਾਕਿ ਦਰਮਿਆਨ ਰੇਲ ਅਤੇ ਬੱਸ ਆਵਾਜਾਈ ਬੰਦ ਹੋਣ ਕਾਰਨ ਪਾਕਿਸਤਾਨ ‘ਚ ਫਸੇ ਭਾਰਤੀਆਂ ਦੇ ਬਾਰੇ ਪੁੱਿਛਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕੋਈ ਜਾਣਕਾਰੀ ਨਹੀਂ ਹੈ ਕਿ ਕੋਈ ਵੀ ਭਾਰਤੀ ਪਾਕਿਸਤਾਨ ‘ਚ ਫਸਿਆ ਹੋਇਆ ਹੈ। ਜੇਕਰ ਕੋਈ ਵੀ ਅਜਿਹਾ ਮਾਮਲਾ ਹੈ ਤਾਂ ਅਸੀਂ ਉਸ ਨੂੰ ਵਾਪਸ ਭੇਜਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਉਹ ਵਾਹਗਾ ਸਰਹੱਦ ਤੋਂ ਪੈਦਲ ਵਾਪਸ ਜਾ ਸਕਦਾ ਹੈ ਕਿਉਂਕਿ ਉਹ ਖੁੱਲ੍ਹਾ ਹੋਇਆ ਹੈ।