ਸੰਗਤ ਨੇ 550 ਬੂਟੇ ਲਾਉਣ ਦਾ ਟੀਚਾ ਪੂਰਾ ਕੀਤਾ

0
760

ਹਾਂਗਕਾਂਗ (ਪੰਜਾਬੀ ਚੇਤਨਾ ਬਿਉਰੋ): ਦੁਨੀਆਂ ਭਰ ਵਿਚ ਵਸਦੇ ਪੰਜਾਬੀ ਗੁਰੂ ਨਾਨਾਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਵੱਖ ਵੱਖ ਸਮਾਗਮ ਕਰ ਰਹੇ ਹਨ। ਇਨਾਂ ਵਿਚੋ ਇਕ ਖਾਸ ਹੈ 550 ਬੂਟੇ ਲਾਉਣੇ। ਇਸ ਸਬੰਧੀ ਵਿਚ ਹਾਂਗਕਾਂਗ ਦੀ ਸੰਗਤ ਵੱਲੋ ਵੀ ਪਿਛਲੇ ਦਿਨੀ 2 ਵੱਖ ਵੱਖ ਪਹਾੜੀ ਖੇਤਰਾਂ ਵਿਚ ਬੂਟੇ ਲਾਏ ਜਿਨਾਂ ਦੀ ਗਿਣਤੀ 550 ਤੋ ਉਪਰ ਹੈ। ਇਸ ਸਬੰਧੀ ਭਾਈ ਗੁਰਮੇਲ ਸਿੰਘ ਜੀ ਦੀ ਯੋਗ ਅਗਵਾਈ ਵਿੱਚ 40 ਦੇ ਕਰੀਬ ਪੰਜਾਬੀਆਂ ਦੇ ਇੱਕ ਜੱਥੇ ਨੇ ਹਿੱਸਾ ਲਿਆ। ਭਾਈ ਗੁਰਮੇਲ ਸਿੰਘ ਜੀ ਨੇ ਦੱਸਿਆ ਕਿ, 31 ਮਾਰਚ 2019 ਨੂੰ ਖ਼ਾਲਸਾ ਦੀਵਾਨ ਹਾਂਗ ਕਾਂਗ ਸਿੱਖ ਟੈਂਪਲ ਦੇ ਸਹਿਯੋਗ ਨਾਲ, ਸਿੱਖ ਸੰਗਤਾਂ ਨੇ ਸਿੱਖ ਵਾਤਾਵਰਨ ਦਿਵਸ ਅਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਬੂਟੇ ਲਗਾਉਣ ਦਾ ਟੀਚਾ ਦੂਜੇ ਪੜਾਅ ਦੌਰਾਨ ਸੰਪੂਰਨ ਕੀਤਾ। 35 ਦੇ ਕਰੀਬ ਸਿੱਖ ਸੰਗਤਾਂ ਦੁਆਰਾ ਅੱਜ ਕੁੱਲ 324 ਬੂਟੇ ਲੈਨਤਾਓ ਕੰਟਰੀ ਪਾਰਕ, ਵਿਚ ਹਾਂਗ ਕਾਂਗ ਦੇ ਖੇਤੀਬਾੜੀ, ਮੱਛੀ ਪਾਲਣ ਅਤੇ ਸੰਭਾਲ ਵਿਭਾਗ ਦੇ ਸਹਿਯੋਗ ਨਾਲ ਲਗਾਏ। ਬੂਟੇ ਲਗਾਉਣ ਤੋਂ ਇਲਾਵਾ 3.5 ਕਿਲੋਮੀਟਰ ਪਹਾੜੀ ਰਸਤੇ ਵਾਲੀ ਟਰੇਲ ‘ਤੇ ਹਾਈਕਿੰਗ ਅਤੇ ਨੇਚਰ ਵਾਕ ਕੀਤੀ ਗਈ। ਸੰਗਤਾਂ ਨੇ ਲੈਨਤਾਓ ਟਰੇਲ ਅਤੇ ਇਸ ਪਹਾੜੀ ਇਲਾਕੇ ਦੇ ਅਤਿਅੰਤ ਮਨਮੋਹਕ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਿਆ। ਦੋਨਾਂ ਪੜਾਵਾਂ ਦੌਰਾਨ ਕੁੱਲ 609 ਬੂਟੇ ਲਗਾਏ ਗਏ।
ਇਨਾਂ ਬੂਟੇ ਲਾਉਣ ਦੇ ਨਾਲ ਹੀ ਸੰਗਤ ਵਿੱਚ ਵਾਤਾਵਰਣ ਨੂੰ ਸਾਫ ਰੱਖਣ ਪ੍ਰਤੀ ਵਿਚਾਰਾਂ ਦਾ ਅਦਾਨ ਪਰਦਾਨ ਵੀ ਹੋਇਆ। ਇਨਾਂ ਵਿਚਾਰਾਂ ਵਿਚੋ ਇਹ ਗੱਲ ਸਾਹਮਣੇ ਆਈ ਕਿ ਹਾਂਗਕਾਂਗ ਵਿਚ ਹੁੰਦੇ ਨਗਰਕੀਰਤਨ ਸਮਾਗਮਾਂ ਵਿੱਚ ਫੋਮ ਦੇ ਭਾਂੜੇ ਵਰਤੇ ਜਾਦੇ ਹਨ ਜਿਨਾਂ ਦੀ ਵਰਤੋਂ ਬੰਦ ਕਰਨ ਲਈ ਉਪਰਾਲੇ ਕੀਤੇ ਜਾਣ ਤੇ ਇਸ ਸਬੰਧੀ ਸੁਝਾਓ ਵੀ ਮੰਗੇ ਜਾ ਰਹੇ ਹਨ। ਉਮੀਦ ਹੈ ਕਿ ਇਸ ਵਿਸਾਖੀ ਨੂੰ ਅਸੀਂ ਹਰੀ ਵਿਸਾਖੀ (GREEN Vaisakhi)ਵਜੋਂ ਮਨਾਵਾਗੇ!