ਬੀਜਿੰਗ : ਅਮਰੀਕਾ ਤੋਂ ਬਾਅਦ ਰੱਖਿਆ ਖੇਤਰ ‘ਚ ਸਭ ਤੋਂ ਵੱਧ ਖ਼ਰਚ ਕਰਨ ਵਾਲੇ ਚੀਨ ਨੇ ਮੰਗਲਵਾਰ ਨੂੰ ਆਪਣੇ ਰੱਖਿਆ ਬਜਟ ‘ਚ 7.5 ਫ਼ੀਸਦੀ ਦੇ ਵਾਧੇ ਦਾ ਐਲਾਨ ਕੀਤਾ। ਇਸ ਨਾਲ ਉਸ ਦਾ ਰੱਖਿਆ ਬਜਟ 177.61 ਅਰਬ ਡਾਲਰ (ਕਰੀਬ 12.5 ਲੱਖ ਕਰੋੜ ਰੁਪਏ) ਹੋ ਗਿਆ ਹੈ। ਇਹ ਭਾਰਤ ਦੇ ਰੱਖਿਆ ਬਜਟ ਤੋਂ ਤਿੰਨ ਗੁਣਾ ਤੋਂ ਵੀ ਜ਼ਿਆਦਾ ਹੈ। ਇਸ ਸਾਲ ਲਈ ਭਾਰਤ ਦਾ ਰੱਖਿਆ ਬਜਟ 3.18 ਲੱਖ ਕਰੋੜ ਰੁਪਏ ਹੈ। ਅਮਰੀਕਾ ਦਾ ਰੱਖਿਆ ਬਜਟ 686 ਅਰਬ ਡਾਲਰ (ਕਰੀਬ 48.4 ਲੱਖ ਕਰੋੜ ਰੁਪਏ) ਹੈ।
ਚੀਨ ਦੀ ਸੰਸਦ ਨੈਸ਼ਨਲ ਪੀਪੁਲਸ ਕਾਂਗਰਸ (ਐੱਨਪੀਸੀ) ਦੇ ਸਾਲਾਨਾ ਸੈਸ਼ਨ ਦੇ ਪਹਿਲੇ ਦਿਨ ਪ੍ਧਾਨ ਮੰਤਰੀ ਲੀ ਕਛਯਾਂਗ ਨੇ ਰੱਖਿਆ ਬਜਟ ਸਬੰਧੀ ਖਰੜਾ ਪੇਸ਼ ਕੀਤਾ। ਇਸ ਮੁਤਾਬਕ, ਸਾਲ 2019 ਲਈ ਰੱਖਿਆ ਬਜਟ 177.61 ਅਰਬ ਡਾਲਰ ਹੋਵੇਗਾ। ਇਸ ਵਾਰ ਹਾਲਾਂਕਿ ਪਿਛਲੇ ਸਾਲ ਦੀ ਤੁਲਨਾ ‘ਚ ਘੱਟ ਵਾਧਾ ਕੀਤਾ ਗਿਆ ਹੈ। ਪਿਛਲੇ ਸਾਲ ਰੱਖਿਆ ਬਜਟ 8.1 ਫ਼ੀਸਦੀ ਵਧਾਇਆ ਗਿਆ ਸੀ। ਚੀਨ ਸਾਲ 2016 ਤੋਂ ਰੱਖਿਆ ਬਜਟ ‘ਚ ਦਸ ਫ਼ੀਸਦੀ ਤੋਂ ਘੱਟ ਦਾ ਵਾਧਾ ਕਰ ਰਿਹਾ ਹੈ। ਉਹ 2015 ਤਕ ਦੋਹਰੇ ਅੰਕਾਂ ‘ਚ ਵਾਧਾ ਕਰ ਰਿਹਾ ਸੀ। ਇਸ ਸਾਲ ਦੇ ਵਾਧੇ ਨਾਲ ਚੀਨ ਦਾ ਰੱਖਿਆ ਖੇਤਰ ‘ਚ ਖ਼ਰਚ 200 ਅਰਬ ਡਾਲਰ ਦੇ ਕਰੀਬ ਪਹੁੰਚ ਗਿਆ ਹੈ।