ਸਾਲ 2018 ਖ਼ਤਮ ਹੋ ਗਿਆ ਹੈ ਤੇ ਪੂਰੀ ਦੁਨੀਆ ਨੇ ਬੇਹੱਦ ਜੋਸ਼ ਤੇ ਖੁਸ਼ੀ ਨਾਲ ਸਾਲ 2019 ਦਾ ਸਵਾਗਤ ਕੀਤਾ ਹੈ। ਅਜਿਹੇ ‘ਚ ਕਿਸੇ ਨਾ ਕਿਸੇ ਦੇ ਦਿਲ ‘ਚ ਇਹ ਸਵਾਲ ਤਾਂ ਆਉਂਦਾ ਹੀ ਹੋਣਾ ਹੈ ਕਿ ਆਖਰ ਨਵਾਂ ਸਾਲ 1 ਜਨਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ, ਕਿਸੇ ਹੋਰ ਮਹੀਨੇ ਕਿਉਂ ਨਹੀ, ਤਾਂ ਅੱਜ ਤੁਹਾਨੂੰ ਇਸ ਦਾ ਜਵਾਬ ਵੀ ਦੇ ਹੀ ਦਿੰਦੇ ਹਾਂ।
1 ਜਨਵਰੀ ਨੂੰ ਨਵਾਂ ਸਾਲ ਮਨਾਏ ਜਾਣ ਪਿੱਛੇ ਕਈ ਕਾਰਨ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਜਨਵਰੀ ਮਹੀਨੇ ਦਾ ਨਾਂ ਰੋਮਨ ਦੇ ਦੇਵਤਾ ‘ਜਾਨੂਸ’ ਦੇ ਨਾਂ ‘ਤੇ ਪਿਆ। ਕਿਹਾ ਜਾਂਦਾ ਹੈ ਕਿ ਜਾਨੂਸ ਦੇ ਅੱਗੇ ਤੇ ਪਿੱਛੇ ਦੋ ਮੂੰਹ ਸੀ ਜਿਸ ਕਰਕੇ ਉਸ ਨੂੰ ਬੀਤੇ ਹੋਏ ਕੱਲ੍ਹ ਤੇ ਆਉਣ ਵਾਲੇ ਸਮੇਂ ਬਾਰੇ ਪਤਾ ਲੱਗ ਜਾਂਦਾ ਸੀ। ਜਾਨੂਸ ਦੇ ਨਾਂ ‘ਤੇ ਸਾਲ ਦਾ ਪਹਿਲਾ ਦਿਨ ਮਨਾਇਆ ਗਿਆ ਤੇ 1 ਜਨਵਰੀ ਨੂੰ ਇਸ ਦੀ ਸ਼ੁਰੂਆਤ ਮੰਨੀ ਗਈ।
ਇਸ ਤੋਂ ਇਲਾਵਾ ਕਿਹਾ ਜਾਂਦਾ ਹੈ ਕਿ 45 ਈਸਾ ਪੂਰਵ ਰੋਮ ਦੇ ਬਾਦਸ਼ਾਹ ਜੁਲੀਅਰ ਸੀਜਰ ਨੇ ਜੂਲੀਅਨ ਕੈਲੰਡਰ ਬਣਵਾਇਆ ਸੀ। ਉਦੋਂ ਤੋਂ ਹੀ ਦੁਨੀਆ ਭਰ ‘ਚ ਜ਼ਿਆਦਾਤਰ ਦੇਸ਼ਾਂ ‘ਚ ਇੱਕ ਜਨਵਰੀ ਨੂੰ ਹੀ ਸਾਲ ਦਾ ਪਹਿਲਾ ਦਿਨ ਮਨਾਇਆ ਜਾਂਦਾ ਹੈ।
ਇਸ ਕੈਲੰਡਰ ‘ਚ ਕਈ ਗਲਤੀਆ ਮਿਲਣ ਤੋਂ ਬਾਅਦ ਗ੍ਰਿਗੋਰੀਅਨ ਕੈਲੰਡਰ ਆਇਆ। ਇਸ ਦੀ ਸੁਰੂਆਤ 15 ਅਕਤੂਬਰ 1582 ਤੋਂ ਹੋਈ। ਇਸ ਕੈਲੰਡਰ ਦੀ ਸ਼ੁਰੂਆਤ ਈਸਾਈਆਂ ਨੇ ਕ੍ਰਿਸਮਸ ਦੀ ਤਾਰੀਖ ਤੈਅ ਕਰਨ ਲਈ ਕੀਤੀ।
ਇਸ ਤੋਂ ਬਾਅਦ ਜੇਕਰ ਹਿੰਦੂ ਧਰਮ ਦੀ ਗੱਲ ਕਰੀਏ ਤਾਂ ਸਾਲ ਦੀ ਸ਼ੁਰੂਆਤ ਚੇਤਰ ਮਹੀਨੇ ਤੋਂ ਕੀਤੀ ਜਾਂਦੀ ਹੈ। ਲੋਕਾਂ ਦਾ ਮੰਨਣਾ ਹੈ ਕਿ ਭਗਵਾਨ ਬ੍ਰਹਮਾ ਨੇ ਦੁਨੀਆ ਦੀ ਰਚਨਾ ਕੀਤੀ ਸੀ। ਇਸ ਲਈ ਇਸ ਦਿਨ ਨੂੰ ਨਵੇਂ ਸਾਲ ਦੇ ਤੌਰ ‘ਤੇ ਮਨਾਇਆ ਜਾਂਦਾ ਹੈ।
ਇਸਲਾਮਿਕ ਕੈਲੰਡਰ ਮੁਤਾਬਕ ਮੋਹਰਮ ਮਹੀਨੇ ਦੀ 1 ਤਾਰੀਖ਼ ਨੂੰ ਨਵਾਂ ਸਾਲ ਹਿਜਰੀ ਤੋਂ ਸ਼ੁਰੂ ਹੁੰਦਾ ਹੈ। ਜਦਕਿ ਪੰਜਾਬੀਆਂ ਨੇ ਨਵਾਂ ਸਾਲ ਵੈਸਾਖੀ ਦੇ ਦਿਨ ਨਾਲ ਮਨਾਇਆ। ਪੱਛਮੀ ਬੰਗਾਲ ਤੇ ਬੰਗਲਾਦੇਸ਼ ‘ਚ ਵੀ ਵੈਸਾਖੀ ਦੇ ਨੇੜੇ ਹੀ ਨਵਾਂ ਸਾਲ ਮਨਾਇਆ ਜਾਂਦਾ ਹੈ।
ਮਹਾਰਾਸ਼ਟਰ ‘ਚ ਮਾਰਚ-ਅਪਰੈਲ ਦੇ ਮਹੀਨੇ ਆਉਣ ਵਾਲੀ ਗੁਡੀ ਪਡਵਾ ਦੇ ਦਿਨ ਨਵਾਂ ਸਾਲ ਮਨਾਇਆ ਜਾਂਦਾ ਹੈ ਤੇ ਗੁਜਰਾਤੀ ਨਵਾਂ ਸਾਲ ਦੀਵਾਲੀ ਦੇ ਦੂਜੇ ਦਿਨ ਮਨਾਉਂਦੇ ਹਨ।